ਡੇਰਾ ਮੁਖੀ ਮਾਮਲੇ ''ਚ 25 ਨੂੰ ਫੈਸਲੇ ਦੇ ਮੌਕੇ ਹਾਈ ਅਲਰਟ, ਚੰਡੀਗੜ੍ਹ ਦੇ ਹੋਟਲਾਂ ਨੂੰ ਮਿਲੇ ਇਹ ਸਖਤ ਹੁਕਮ
Monday, Aug 21, 2017 - 07:41 PM (IST)

ਚੰਡੀਗੜ੍ਹ— ਇਕ ਪਾਸੇ ਜਿੱਥੇ ਡੇਰਾ ਸੱਚਾ ਸੌਦਾ ਸਾਧਵੀ ਯੌਨ ਸ਼ੋਸ਼ਣ ਦੇ ਮਾਮਲੇ 'ਚ 25 ਅਗਸਤ ਨੂੰ ਸੀ. ਬੀ. ਆਈ. ਕੋਰਟ ਦੇ ਫੈਸਲੇ ਮੌਕੇ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ 'ਚ ਧਾਰਾ 144 ਲਗਾ ਦਿੱਤੀ ਗਈ ਹੈ। ਉਥੇ ਹੀ ਐਤਵਾਰ ਨੂੰ ਬਾਬਾ ਗੁਰਮੀਤ ਰਾਮ ਰਹੀਮ ਨੇ ਸਿਰਸਾ ਸਥਿਤ ਆਸ਼ਰਮ 'ਚ ਸਤਿਸੰਗ ਕੀਤਾ। ਸਤਿਸੰਗ 'ਚ 2 ਲੱਖ ਦੇ ਕਰੀਬ ਚੇਲੇ ਪਹੁੰਚੇ। ਬਾਬਾ ਨੇ ਸਾਰਿਆਂ ਨੂੰ ਸਾਂਤੀ ਬਣਾਏ ਰੱਖਣ ਅਤੇ ਅਫਵਾਹਾਂ ਤੋਂ ਬੱਚਣ ਦੀ ਮੰਗ ਕੀਤੀ ਜਦਕਿ ਪੁਲਸ ਦੇ ਖੁਫੀਆ ਤੰਤਰ ਨੇ ਕਿਹਾ ਹੈ ਕਿ ਸਤਿਸੰਗ ਦੇ ਜ਼ਰੀਏ ਬਾਬਾ ਨੇ ਆਪਣੀ ਤਾਕਤ ਦਿਖਾਈ ਹੈ। ਚੰਡੀਗੜ੍ਹ ਪੁਲਸ ਨੇ ਸਾਰੇ ਹੋਟਲਾਂ ਨੂੰ ਸਖਤ ਹੁਕਮ ਦਿੱਤੇ ਹਨ ਕਿ ਉਹ ਕਮਰੇ 'ਚ ਦੋ ਤੋਂ ਵੱਧ ਲੋਕਾਂ ਨੂੰ ਰਹਿਣ ਦੀ ਇਜਾਜ਼ਤ ਨਾ ਦੇਣ। ਸਾਰੀਆਂ ਧਰਮਸ਼ਲਾਵਾਂ ਅਤੇ ਸਰਾਵਾਂ 'ਚ ਇਹ ਆਦੇਸ਼ ਦਿੱਤੇ ਗਏ ਹਨ ਕਿ ਉਹ ਲੋਕਾਂ ਨੂੰ ਇਥੇ ਰੁੱਕਣ ਦੇ ਲਈ ਹਾਲ ਮੁਹੱਈਆ ਨਾ ਕਰਵਾਉਣ। ਚੰਡੀਗੜ੍ਹ ਪ੍ਰਸ਼ਾਸਨ ਨੇ ਆਪਣੇ ਬਾਰਡਰ ਏਰੀਆ ਨੂੰ 25 ਅਗਸਤ ਲਈ ਸੀਲ ਕਰਨ ਦਾ ਇੰਤਜ਼ਾਮ ਕੀਤਾ ਹੈ। ਤਾਂਕਿ ਬਾਬਾ ਸਮਰਥਕ ਚੰਡੀਗੜ੍ਹ 'ਚ ਨਾ ਵੜ ਸਕਣ।
ਜ਼ਿਕਰਯੋਗ ਹੈ ਕਿ ਹਰਿਆਣਾ ਪੁਲਸ ਦੀ ਸਪੈਸ਼ਲ ਟੀਮ ਅਤੇ ਬੰਬ ਸਕਵਾਇਡ ਟੀਮ ਐਤਵਾਰ ਨੂੰ ਪੰਚਕੂਲਾ ਕੋਰਟ ਪਹੁੰਚ ਗਈ। ਟੀਮ ਨੇ ਪੰਚਕੂਲਾ ਦੇ ਅਫਸਰਾਂ ਨੂੰ ਕਿਹਾ ਕਿ ਕੋਰਟ ਦੇ ਨੇੜੇ ਏਰੀਆ 'ਚ ਕਿਤੇ ਵੀ ਕੋਈ ਪੱਥਰ ਨਹੀਂ ਹੋਣਾ ਚਾਹੀਦਾ। ਮੋਹਾਲੀ 'ਚ ਕੁੱਲ 1800 ਜਵਾਨ ਤਾਇਨਾਤ ਕੀਤੇ ਗਏ ਹਨ।