ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਅਦਾਲਤ ''ਚ ਪੇਸ਼ ਹੋਣ ਦੇ ਹੁਕਮ

10/18/2019 12:58:24 PM

ਨਵੀਂ ਦਿੱਲੀ (ਵਿਸ਼ੇਸ਼) : ਦਿੱਲੀ ਹਾਈ ਕੋਰਟ ਨੇ ਰਾਧਾ ਸਵਾਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ 14 ਨਵੰਬਰ ਨੂੰ ਜ਼ਾਤੀ ਤੌਰ 'ਤੇ ਅਦਾਲਤ ਵਿਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਬਾਬਾ ਢਿੱਲੋਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਅਦਾਲਤ 'ਚ ਅਰਜ਼ੀ ਦੇ ਕੇ ਕਿਹਾ ਸੀ ਕਿ ਉਨ੍ਹਾਂ ਦੀ ਆਰ. ਐੱਚ. ਸੀ. ਹੋਲਡਿੰਗਜ਼, ਜਿਸ ਦੇ ਪ੍ਰਮੋਟਰ ਮਾਲਵਿੰਦਰ ਸਿੰਘ ਅਤੇ ਸ਼ਵਿੰਦਰ ਸਿੰਘ ਹਨ, ਵੱਲ ਕੋਈ ਦੇਣਦਾਰੀ ਨਹੀਂ ਹੈ। ਇਸ ਤੋਂ ਪਹਿਲਾਂ ਅਦਾਲਤ ਰੈਨਵੈਕਸੀ ਦੇ ਸਾਬਕਾ ਪ੍ਰਮੋਟਰਾਂ ਨੂੰ ਜਾਪਾਨੀ ਕੰਪਨੀ ਡਾਇਚੀ ਸੈਂਕਿਓ ਨੂੰ 3500 ਕਰੋੜ ਰੁਪਏ ਦੀ ਰਕਮ ਅਦਾ ਕਰਨ ਦਾ ਹੁਕਮ ਦੇ ਚੁੱਕੀ ਹੈ। ਆਪਣੀਆਂ ਦਲੀਲਾਂ 'ਚ ਬਾਬਾ ਢਿੱਲੋਂ ਨੇ ਅਦਾਲਤ ਨੂੰ ਦੱਸਿਆ ਕਿ ਆਰ. ਐੱਚ. ਸੀ. ਹੋਲਡਿੰਗਸ ਨੇ ਝੂਠੇ ਦਾਅਵੇ ਪੇਸ਼ ਕੀਤੇ ਹਨ। ਇਸ ਪਿੱਛੋਂ ਅਦਾਲਤ ਨੇ 11 ਅਕਤੂਬਰ ਨੂੰ ਦਿੱਤੇ ਆਪਣੇ ਹੁਕਮ 'ਚ ਬਾਬਾ ਢਿੱਲੋਂ ਉਨ੍ਹਾਂ ਦੀ ਪਤਨੀ ਸ਼ਬਨਮ, ਪੁੱਤਰ ਗੁਰਕੀਰਤਨ ਅਤੇ ਗੁਰਪ੍ਰੀਤ ਤੇ ਨੂੰਹ ਨਾਇਨਤਾਰਾ ਨੂੰ ਲੈਣ-ਦੇਣ ਦੇ ਸਾਰੇ ਦਸਤਾਵੇਜ਼ਾਂ ਨਾਲ ਅਦਾਲਤ 'ਚ ਪੇਸ਼ ਹੋਣ ਦੇ ਹੁਕਮ ਦਿੱਤੇ ਸਨ। ਇਸ ਸਾਰੇ ਮਾਮਲੇ ਦੀ ਜਸਟਿਸ ਜੇ. ਆਰ. ਮਿੱਢਾ ਦੀ ਅਦਾਲਤ ਸੁਣਵਾਈ ਕਰ ਰਹੀ ਹੈ ਅਤੇ ਅਦਾਲਤ ਨੇ ਹੁਕਮ ਜਾਰੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ 2 ਹਫਤਿਆਂ ਦੇ ਅੰਦਰ-ਅੰਦਰ ਲੈਣ-ਦੇਣ ਸੰਬੰਧੀ ਹਲਫਨਾਮੇ ਨਾਲ ਸਾਰੇ ਦਸਤਾਵੇਜ਼ ਪੇਸ਼ ਕਰਨੇ ਹੋਣਗੇ।

27 ਅਕਤੂਬਰ ਤਕ ਅਦਾਲਤ 'ਚ ਜਮ੍ਹਾ ਕਰਵਾਉਣੇ ਹੋਣਗੇ 6 ਹਜ਼ਾਰ ਕਰੋੜ
ਇਸ ਤੋਂ ਪਹਿਲਾਂ ਪਿਛਲੇ ਦਿਨੀਂ ਰਾਧਾ ਸਵਾਮੀ ਸਤਿਸੰਗ ਬਿਆਸ ਦੇ ਰੁਹਾਨੀ ਮੁਖੀ ਗੁਰਿੰਦਰ ਸਿੰਘ ਢਿੱਲੋਂ, ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਤੇ ਸਹਿਯੋਗੀਆਂ ਸਣੇ 55 ਲੋਕਾਂ ਤੇ ਇਕਾਈਆਂ ਨੂੰ ਅਦਾਲਤ ਨੇ ਹੁਕਮ ਦਿੱਤਾ ਸੀ ਕਿ ਉਹ 6 ਹਜ਼ਾਰ ਕਰੋੜ ਤੋਂ ਵੱਧ ਦੀ ਰਕਮ ਆਰ. ਐੱਚ. ਸੀ. ਹੋਲਡਿੰਗਸ ਨੂੰ ਦੇਣ। ਅਦਾਲਤ ਨੇ ਡਾਇਚੀ ਸੈਂਕਿਓ ਦੇ ਹੱਥੀਂ ਰੈਨਬੈਕਸੀ ਲੈਬਾਰਟਰੀਜ਼ ਨੂੰ ਅਧਿਕਾਰ 'ਚ ਲਏ ਜਾਣ ਨਾਲ ਜੁੜੇ ਵਿਵਾਦ ਦੇ ਨਬੇੜੇ ਦੇ ਸਬੰਧ 'ਚ ਇਹ ਰਕਮ ਅਦਾ ਕਰਨ ਲਈ ਕਿਹਾ ਸੀ। ਪੈਸਾ ਰੈਲੀਗੇਅਰ ਐਂਟਰਪ੍ਰਾਈਜ਼ਿਜ਼ ਦੇ ਮੁਖੀ ਸੁਨੀਲ ਗੋਡਵਾਨੀ ਤੇ ਉਸ ਦੇ ਭਰਾ ਸੰਜੇ ਗੋਡਵਾਨੀ ਤੋਂ ਵੀ ਉਗਰਾਹਿਆ ਜਾਵੇਗਾ। ਮਗਰਲੀ ਸੰਸਥਾ ਸਿੰਘ ਭਰਾਵਾਂ ਨੇ ਹੀ ਪ੍ਰਮੋਟ ਕੀਤੀ ਸੀ। ਕੋਰਟ ਦੇ 27 ਸਤੰਬਰ ਦੇ ਹੁਕਮ ਮੁਤਾਬਕ ਇਹ ਰਕਮ 30 ਦਿਨਾਂ ਦੇ ਅੰਦਰ-ਅੰਦਰ ਅਦਾਲਤ ਦੇ ਰਜਿਸਟਰਾਰ ਜਨਰਲ ਕੋਲ ਜਮ੍ਹਾ ਕਰਵਾਉਣੀ ਹੋਵੇਗੀ।

ਮਾਲਵਿੰਦਰ ਸਿੰਘ ਨੇ ਕੀ ਕਿਹਾ ਸੀ ਹਲਫਨਾਮੇ 'ਚ
ਰੈਨਬੈਕਸੀ ਦੇ ਮਾਲਕਾਂ 'ਚ ਸ਼ਾਮਲ ਰਹੇ ਮਾਲਵਿੰਦਰ ਸਿੰਘ ਨੇ ਅਪ੍ਰੈਲ 'ਚ ਇਕ ਹਲਫਨਾਮਾ ਅਦਾਲਤ 'ਚ ਦਾਖਲ ਕਰ ਕੇ ਕਿਹਾ ਸੀ ਕਿ ਡੇਰਾ ਬਿਆਸ ਮੁਖੀ, ਉਸ ਦੇ ਪਰਿਵਾਰ ਤੇ ਨੇੜਲੇ ਸਹਿਯੋਗੀਆਂ ਦੇ ਕੰਟਰੋਲ ਹੇਠਲੀਆਂ ਇਕਾਈਆਂ ਸਣੇ ਕੁਝ ਹੋਰ ਇਕਾਈਆਂ ਦੇ ਸਿਰ ਆਰ. ਐੱਚ. ਸੀ. ਹੋਲਡਿੰਗਸ ਅਤੇ ਸਿੰਘ ਭਰਾਵਾਂ ਦੀਆਂ ਗਰੁੱਪ ਕੰਪਨੀਆਂ ਦੇ 6 ਹਜ਼ਾਰ ਕਰੋੜ ਰੁਪਏ ਤੋਂ ਵੱਧ ਬਕਾਇਆ ਪਏ ਹਨ। ਉਨ੍ਹਾਂ ਕਿਹਾ ਕਿ ਡਾਇਚੀ ਸੈਂਕਿਓ ਦੇ ਹੱਥਾਂ 'ਚ ਰੈਨਬੈਕਸੀ ਨੂੰ ਦਿੱਤੇ ਜਾਣ ਨਾਲ ਜੁੜੇ ਸਾਲਸੀ ਦੇ ਫੈਸਲਿਆਂ 'ਚ ਵੀ ਰਕਮ ਤਾਂ ਹੀ ਦਿੱਤੀ ਜਾ ਸਕਦੀ ਹੈ ਜੇਕਰ ਉਨ੍ਹਾਂ ਦੀ ਬਕਾਇਆ ਰਕਮ ਦੀ ਉਗਰਾਹੀ ਕਰਾਈ ਜਾਵੇ।

ਦੇਸ਼ ਹੀ ਨਹੀਂ ਵਿਦੇਸ਼ੀ ਅਦਾਲਤਾਂ 'ਚ ਵੀ ਚੱਲ ਰਿਹਾ ਹੈ ਮਾਮਲਾ
ਸਿੰਗਾਪੁਰ ਦੀ ਇਕ ਸਾਲਸੀ ਅਦਾਲਤ ਨੇ ਸਿੰਘ ਭਰਾਵਾਂ ਨੂੰ 2016 ਵਿਚ ਕਿਹਾ ਸੀ ਕਿ ਉਹ ਡਾਇਚੀ ਸੈਂਕਿਓ ਦੀ 2562 ਕਰੋੜ ਰੁਪਏ ਦੀ ਰਕਮ ਅਦਾ ਕਰੇ। ਇਹ ਹੁਕਮ ਜਾਪਾਨੀ ਕੰਪਨੀ ਦੇ ਰੈਨਬੈਕਸੀ ਨੂੰ ਖਰੀਦਣ ਨਾਲ ਪੈਦਾ ਹੋਏ ਵਿਵਾਦ ਦੇ ਹੱਲ ਲਈ ਦਿੱਤਾ ਗਿਆ ਸੀ। ਡਾਇਚੀ ਨੇ ਇਲਜ਼ਾਮ ਲਾਇਆ ਸੀ ਕਿ ਸਿੰਘ ਭਰਾਵਾਂ ਨੇ ਰੈਨਬੈਕਸੀ ਨੂੰ ਵੇਚਣ ਦੌਰਾਨ ਜਾਣਬੁੱਝ ਕੇ ਕੁਝ ਤੱਥਾਂ ਨੂੰ ਲੁਕੋਇਆ ਸੀ। ਉਨ੍ਹਾਂ ਨੇ ਇਹ ਇਲਜ਼ਾਮ ਉਦੋਂ ਲਗਾਇਆ ਜਦੋਂ ਅਮਰੀਕਾ ਖੁਰਾਕ ਤੇ ਦਵਾਈਆਂ ਦੇ ਪ੍ਰਸ਼ਾਸਨ ਨੇ ਰੈਨਬੈਕਸੀ ਦੇ ਕਾਰਖਾਨੇ ਵਿਚ ਕੰਮ ਚਲਾਉਣ ਨਾਲ ਜੁੜੇ ਕੁਝ ਸਵਾਲ ਚੁੱਕੇ ਸਨ।

ਰੈਨਬੈਕਸੀ ਦੇ ਸਾਬਕਾ ਪ੍ਰਮੋਟਰਾਂ ਨੇ ਸਾਲਸੀ ਅਦਾਲਤ ਦੇ ਫੈਸਲੇ ਨੂੰ ਭਾਰਤ ਤੇ ਸਿੰਗਾਪੁਰ ਦੀਆਂ ਅਦਾਲਤਾਂ ਵਿਚ ਚੁਣੌਤੀ ਦਿੱਤੀ ਸੀ ਪਰ ਦਿੱਲੀ ਹਾਈ ਕੋਰਟ ਨੇ ਜਨਵਰੀ 2018 ਵਿਚ ਸਾਲਸੀ ਅਦਾਲਤ ਦੇ ਫੈਸਲੇ ਨੂੰ ਜਾਇਜ਼ ਕਰਾਰ ਦਿੱਤਾ ਸੀ। ਫਰਵਰੀ ਵਿਚ ਮਾਲਵਿੰਦਰ ਸਿੰਘ ਨੇ ਦਿੱਲੀ ਪੁਲਸ ਦੇ ਆਰਥਿਕ ਜੁਰਮਾਂ ਬਾਰੇ ਵਿਭਾਗ ਕੋਲ ਸ਼ਿਕਾਇਤ ਕੀਤੀ ਸੀ ਕਿ ਗੁਰਿੰਦਰ ਸਿੰਘ ਢਿੱਲੋਂ ਤੇ ਉਸ ਦੇ ਹੋਰ ਸਹਿਯੋਗੀਆਂ ਨੇ 2008 ਵਿਚ ਰੈਨਬੈਕਸੀ ਦੀ ਵਿਕਰੀ ਤੋਂ ਪਹਿਲਾਂ ਹਾਸਲ 4.6 ਅਰਬ ਡਾਲਰ ਵਿਚੋਂ ਵੱਡੀ ਰਕਮ ਦਾ ਇਸਤੇਮਾਲ ਵੱਡੀਆਂ ਜਾਇਦਾਦਾਂ ਦੀ ਖਰੀਦ ਲਈ ਕੀਤਾ ਹੈ।


Anuradha

Content Editor

Related News