ਜਲਦ ਹੋ ਸਕਦੀ ਹੈ ਬਾਬਾ ਫ਼ਰੀਦ ਯੂਨੀਵਰਸਿਟੀ ਦੇ VC ਦੀ ਨਿਯੁਕਤੀ, ਮਾਨ ਸਰਕਾਰ ਨੇ ਭੇਜਿਆ ਪੈਨਲ
Tuesday, Jun 06, 2023 - 02:48 PM (IST)
ਚੰਡੀਗੜ੍ਹ (ਰਮਨਜੀਤ) : ਪੰਜਾਬ ਸਰਕਾਰ ਵੱਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਹੈਲਥ ਐਂਡ ਸਾਇੰਸ ਦੇ ਵਾਈਸ ਚਾਂਸਲਰ (ਵੀ. ਸੀ.) ਦੀ ਨਿਯੁਕਤੀ ਜਲਦ ਹੀ ਕੀਤੀ ਜਾ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਸੂਬਾ ਸਰਕਾਰ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ 5 ਮੈਂਬਰੀ ਪੈਨਲ ਭੇਜਿਆ ਹੈ ਅਤੇ ਰਾਜਪਾਲ ਜਲਦੀ ਹੀ ਯੂਨੀਵਰਸਿਟੀ ਦੇ ਵੀ. ਸੀ. ਵਜੋਂ ਪੈਨਲ 'ਚੋਂ ਇਕ ਮੈਂਬਰ ਦੇ ਨਾਂ 'ਤੇ ਮੋਹਰ ਲਾ ਸਕਦੇ ਹਨ।
ਇਹ ਵੀ ਪੜ੍ਹੋ : CM ਭਗਵੰਤ ਮਾਨ ਨੇ ਕੇਂਦਰ ਨੂੰ ਲਿਖੀ ਚਿੱਠੀ, ਜਾਣੋ ਕੀ ਹੈ ਪੂਰਾ ਮਾਮਲਾ
ਇਹ ਵੀ ਪਤਾ ਲੱਗਾ ਹੈ ਕਿ ਜਿਹੜੇ 5 ਨਾਂ ਰਾਜਪਾਲ ਨੂੰ ਭੇਜੇ ਗਏ ਹਨ, ਉਨ੍ਹਾਂ 'ਚ ਪੀ. ਜੀ. ਆਈ. ਦੇ ਡੀਨ ਪ੍ਰੋ. ਰਾਕੇਸ਼ ਸਹਿਗਲ, ਪੀ. ਜੀ. ਆਈ. ਨਿਊਕਲੀਅਰ ਮੈਡੀਸਨ ਵਿਭਾਗ ਦੇ ਪ੍ਰੋ. ਬਲਜਿੰਦਰ ਸਿੰਘ, ਰਾਜਿੰਦਰਾ ਮੈਡੀਕਲ ਕਾਲਜ ਪਟਿਆਲਾ ਦੇ ਸਾਬਕਾ ਪ੍ਰੋ. ਕੇ. ਕੇ. ਅਗਰਵਾਲ, ਚੰਡੀਗੜ੍ਹ ਜੀ. ਐੱਮ. ਸੀ. ਐੱਚ-32 ਮਾਈਕ੍ਰੋਬਾਇਓਲੋਜੀ ਵਿਭਾਗ ਦੇ ਸਾਬਕਾ ਐੱਚ. ਓ. ਡੀ. ਪ੍ਰੋ. ਜਗਦੀਸ਼ ਚੰਦਰ ਅਤੇ ਦਿੱਲੀ ਦੇ ਪ੍ਰੋ. ਰਾਜੀਵ ਸੂਦ ਸ਼ਾਮਲ ਹਨ। ਸੂਤਰਾਂ ਮੁਤਾਬਕ ਰਾਜਪਾਲ ਨੂੰ ਪੈਨਲ ਭੇਜਣ ਤੋਂ ਪਹਿਲਾਂ ਮੁੱਖ ਸਕੱਤਰ ਵੀ. ਕੇ. ਜੰਜੂਆ ਦੀ ਅਗਵਾਈ ਵਾਲੀ ਕਮੇਟੀ ਨੇ ਸਾਰੇ ਪੰਜ ਨਾਵਾਂ 'ਤੇ ਚਰਚਾ ਕੀਤੀ ਸੀ।
ਇਹ ਵੀ ਪੜ੍ਹੋ : ਜਦੋਂ 80 ਸਾਲਾਂ ਦੀ ਬਜ਼ੁਰਗ ਔਰਤ ਸਿੱਧੂ ਸਾਹਮਣੇ ਫੁੱਟ-ਫੁੱਟ ਕੇ ਰੋਣ ਲੱਗੀ...
ਸਾਰਿਆਂ ਦੀ ਸਹਿਮਤੀ ਤੋਂ ਬਾਅਦ ਕਿਸੇ ਇਕ ਨਾਂ 'ਤੇ ਫ਼ੈਸਲੇ ਲਈ ਫ਼ਾਈਲ ਪੰਜਾਬ ਦੇ ਰਾਜਪਾਲ ਨੂੰ ਭੇਜ ਦਿੱਤੀ ਗਈ। ਦੱਸਣਯੋਗ ਹੈ ਕਿ ਸਾਬਕਾ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਸਾਬਕਾ ਵੀ. ਸੀ. ਡਾ. ਰਾਜ ਬਹਾਦਰ ਨੂੰ ਅਚਨਚੇਤ ਚੈਕਿੰਗ ਦੌਰਾਨ ਗੰਦੇ ਗੱਦੇ 'ਤੇ ਲਿਟਾਇਆ ਸੀ, ਜਿਸ ਦੀ ਵੀਡੀਓ ਵਾਇਰਲ ਹੋ ਗਈ। ਇਸ ਘਟਨਾ ਤੋਂ ਬਾਅਦ ਡਾ. ਰਾਜ ਬਹਾਦਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਦੋਂ ਤੋਂ ਹੀ ਯੂਨੀਵਰਸਿਟੀ ਦੇ ਸਥਾਈ ਵੀ. ਸੀ. ਦੀ ਨਿਯੁਕਤੀ ਨੂੰ ਲੈ ਕੇ ਵਿਵਾਦ ਛਿੜ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ