ਇਸ ਵਾਰ ਬਾਬਾ ਬਕਾਲਾ ਸਾਹਿਬ 'ਚ ਨਹੀਂ ਹੋ ਸਕਣਗੀਆਂ ਸਿਆਸੀ ਕਾਨਫਰੰਸਾਂ

Sunday, Jul 19, 2020 - 11:11 AM (IST)

ਬਾਬਾ ਬਕਾਲਾ ਸਾਹਿਬ (ਰਾਕੇਸ਼): ਇਤਿਹਾਸਕ ਕਸਬਾ ਬਾਬਾ ਬਕਾਲਾ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਮਨਾਏ ਜਾਣ ਵਾਲੇ ਤਿੰਨ ਰੋਜ਼ਾ ਮੇਲਾ ਰੱਖੜ ਪੁੰਨਿਆਂ ਅਤੇ 'ਸਾਚਾ ਗੁਰੂ ਲਾਧੋ ਰੇ' ਦਿਵਸ ਦੀਆਂ ਰੌਣਕਾਂ ਇਸ ਵਾਰ ਕੋਵਿਡ-19 ਦੀ ਭੇਂਟ ਚੜ੍ਹ ਜਾਣ ਕਾਰਨ, ਇਸ ਦਿਵਸ ਮੌਕੇ ਹੋਣ ਵਾਲੀਆਂ ਰੌਣਕਾਂ ਇਸ ਵਾਰ ਗਾਇਬ ਹੋ ਰਹੀਆਂ ਹਨ। ਭਾਵੇਂ ਕਿ ਇਸ ਨਗਰ 'ਚ ਅਕਸਰ ਹੀ ਸ਼ਰਧਾਲੂਆਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ, ਪਰ ਫਿਰ ਵੀ ਇਸ ਇਤਿਹਾਸਕ ਮੇਲੇ ਅਤੇ 'ਸਾਚਾ ਗੁਰੂ ਲਾਧੋ ਰੇ' ਦਿਵਸ ਜੋ ਇਸ ਵਾਰ ਤਿੰਨ ਅਗਸਤ 2020 ਨੂੰ ਮਨਾਇਆ ਜਾਣਾ ਹੈ, ਦੇ ਨਾਲ ਇਲਾਕੇ ਦੀਆਂ ਸੰਗਤਾਂ ਦੀਆਂ ਭਾਵਨਾਵਾਂ ਅਤੇ ਆਸਥਾਵਾਂ ਜੁੜੀਆਂ ਹੋਈਆਂ ਹਨ ਅਤੇ ਉਨ੍ਹਾਂ ਵਲੋਂ ਨਤਮਸਤਕ ਹੋਣ ਉਪਰੰਤ ਪਵਿੱਤਰ ਸਰੋਵਰਾਂ 'ਚ ਇਸ਼ਨਾਨ ਵੀ ਕੀਤੇ ਜਾਂਦੇ ਹਨ।

ਇਹ ਵੀ ਪੜ੍ਹੋ: ਪ੍ਰੇਮ ਵਿਆਹ ਪਿੱਛੋਂ ਹੋਇਆ ਸੀ ਤਲਾਕ ,ਹੁਣ ਸਹੁਰੇ ਘਰੋਂ ਮਿਲੀ ਕੁੜੀ ਦੀ ਲਾਸ਼

ਇਸੇ ਹੀ ਰੱਖੜ ਪੁੰਨਿਆਂ ਮੇਲੇ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਜਿਨ੍ਹਾਂ 'ਚ ਪ੍ਰਮੁੱਖ ਤੌਰ 'ਤੇ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ, ਸਯੁੰਕਤ ਅਕਾਲੀ ਦਲ ਅਤੇ ਪੰਜਾਬ ਏਕਤਾ ਪਾਰਟੀ ਵਲੋਂ ਆਪਣੀਆਂ ਕਾਨਫਰੰਸਾਂ ਵੀ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਵੱਖ-ਵੱਖ ਪਾਰਟੀਆਂ ਦੇ ਆਲਾ ਨੇਤਾ ਸੰਬੋਧਨ ਕਰਨ ਲਈ ਪੁੱਜਦੇ ਹਨ, ਪਰ ਇਸ ਵਾਰ ਹੋਣ ਵਾਲੀਆਂ ਉਕਤ ਕਾਨਫਰੰਸਾਂ ਦਾ ਹੋਣਾ ਮੁਸ਼ਕਲ ਹੈ, ਭਾਵੇਂਕਿ ਇਸ ਸਬੰਧੀ ਪੰਜਾਬ ਸਰਕਾਰ ਨੇ ਸਿੱਧੇ ਤੌਰ 'ਤੇ ਇਹ ਕਾਨਫਰੰਸਾਂ ਕਰਨ ਜਾ ਕਰਵਾਉਣ ਲਈ ਕੋਈ ਹੁਕਮ ਜਾਰੀ ਨਹੀਂ ਕੀਤਾ, ਪਰ ਵੱਡੇ ਇਕੱਠ ਕਰਨ 'ਤੇ ਲਾਈ ਪਾਬੰਦੀ ਇਸ ਦਾ ਸੰਕੇਤ ਸਮਝੇ ਜਾ ਰਹੇ ਹਨ। ਇਨ੍ਹਾਂ ਕਾਨਫਰੰਸਾਂ ਨੂੰ ਲੈ ਕੇ ਇਥੇ ਪੰਜ ਜ਼ਿਲ੍ਹਿਆਂ ਦੀ ਪੁਲਸ ਤਾਇਨਾਤ ਕੀਤੀ ਜਾਂਦੀ ਹੈ। ਇਹ ਇਤਿਹਾਸਕ ਮੇਲਾ ਕਰੀਬੀ 100 ਪਿੰਡਾਂ ਲਈ ਕੇਂਦਰ ਬਿੰਦੂ ਹੁੰਦਾ ਹੈ। ਪੇਂਡੂ ਲੋਕ ਇਸ ਮੇਲੇ ਦੌਰਾਨ ਖਰੀਦੋ-ਫਰੋਖਤ ਵੀ ਵੱਡੇ ਪੱਧਰ 'ਤੇ ਕਰਦੇ ਹਨ।

ਇਹ ਵੀ ਪੜ੍ਹੋ: ਵਕਾਲਤ ਛੱਡ ਖੇਤਾਂ ਨੂੰ ਪ੍ਰਣਾਇਆ ਕਮਲਜੀਤ ਸਿੰਘ ਹੇਅਰ, ਜ਼ਹਿਰ ਮੁਕਤ ਖੇਤੀ ਕਰਨ ਵਾਲਾ ਆਦਰਸ਼ ਕਿਸਾਨ

ਮੇਲੇ ਦੇ ਆਖਰੀ ਦਿਨ ਨਿਹੰਗ ਸਿੰਘ ਜਥੇਬੰਦੀ ਤਰਨਾ ਦਲ ਬਾਬਾ ਬਕਾਲਾ ਸਾਹਿਬ ਵਲੋਂ ਮਹੱਲੇ ਸਜਾਏ ਜਾਂਦੇ ਹਨ ਅਤੇ ਇਸ ਤੋਂ ਬਾਅਦ ਘੌੜ ਸਵਾਰੀ, ਨੇਜ਼ੇਬਾਜੀ, ਤੀਰ ਅੰਦਾਜ਼ੀ ਦੇ ਜੌਹਰ ਦਿਖਾਏ ਜਾਂਦੇ ਹਨ, ਕਬੱਡੀ ਦੇ ਮੈਚ ਵੀ ਕਰਵਾਏ ਜਾਂਦੇ ਹਨ। ਭਾਵੇਂਕਿ ਇਹ ਮੇਲਾ ਹੁੰਮਸ ਤੇ ਗਰਮੀ ਦੇ ਦਿਨਾਂ 'ਚ ਲੱਗਦਾ ਹੈ, ਪਰ ਫਿਰ ਵੀ ਲੋਕਾਂ 'ਚ ਬਹੁਤ ਉਤਸ਼ਾਹ ਪਾਇਆ ਜਾਂਦਾ ਹੈ। ਇਸ ਵਾਰ ਇਸ ਮੇਲੇ ਦੀਆਂ ਰੌਣਕਾਂ ਫਿੱਕੀਆ ਪੈਣ ਕਾਰਨ ਸਭ ਤੋਂ ਵੱਡਾ ਨੁਕਸਾਨ ਕਸਬਾ ਬਾਬਾ ਬਕਾਲਾ ਸਾਹਿਬ ਨੂੰ ਹੋਇਆ ਮਹਿਸੂਸ ਹੋਵੇਗਾ, ਕਿਉਂਕਿ ਕੋਈ ਵੀ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਵੱਲੋਂ ਇਸ ਕਸਬੇ ਦੇ ਵਿਕਾਸ ਲਈ ਕਰੋੜਾ ਰੁਪਏ ਦੀ ਗ੍ਰਾਂਟ ਆਦਿ ਦੇਣ ਦਾ ਐਲਾਨ ਕੀਤਾ ਜਾਂਦਾ ਹੈ, ਜੋ ਇਸ ਵਾਰ ਉਨ੍ਹਾਂ ਦੀ ਆਮਦ ਨਾ ਹੋਣ ਕਾਰਨ ਇਸ ਇਲਾਕੇ ਨੂੰ ਬਹੁਤ ਵੱਡਾ ਘਾਟਾ ਮਹਿਸੂਸ ਹੋ ਰਿਹਾ ਹੈ।


Shyna

Content Editor

Related News