ਬਾਬਾ ਬਕਾਲਾ ਸਾਹਿਬ ਤੋਂ ਡੇਰਾ ਬਾਬਾ ਨਾਨਕ ਤਕ ਸੜਕ ਚਾਰ ਮਾਰਗੀ ਬਣਾਉਣ ਦੇ ਫ਼ੈਸਲੇ ਦਾ ਸਵਾਗਤ
Saturday, Sep 19, 2020 - 03:01 PM (IST)
ਬਾਬਾ ਬਕਾਲਾ ਸਾਹਿਬ (ਰਾਕੇਸ਼): ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਨੌਵੇਂ ਪਾਤਸ਼ਾਹ ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਕੀਤੇ ਗਏ ਉਪਰਾਲੇ ਤੋਂ ਬਾਅਦ ਕੇਂਦਰੀ ਸੜਕੀ ਅਤੇ ਆਵਾਜਾਈ ਮੰਤਰੀ ਨਿਤਨ ਗਡਕਰੀ ਵੱਲੋਂ ਰਈਆ, ਬਾਬਾ ਬਕਾਲਾ ਸਾਹਿਬ ਤੋਂ ਵਾਇਆ ਮਹਿਤਾ, ਬਟਾਲਾ ਹੁੰਦਿਆਂ ਡੇਰਾ ਬਾਬਾ ਨਾਨਕ ਕਾਰੀਡੋਰ, ਜਿੱਥੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਸੁਸ਼ੋਭਿਤ ਹੈ, ਤਕ ਇਸ ਸੜਕ ਨੂੰ ਚਾਰਮਾਰਗੀ ਕਰਨ ਦੇ ਲਏ ਗਏ ਫੈਸਲੇ ਤੋਂ ਬਾਅਦ ਇਸ ਹਲਕੇ ਵਿਚ ਖੁਸ਼ੀ ਜ਼ਾਹਿਰ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਜਬਰ ਜ਼ਿਨਾਹ ਦੀ ਸ਼ਿਕਾਰ ਕੁੜੀ ਨੂੰ ਧੱਕੇ ਖਾਣ ਮਗਰੋਂ ਵੀ ਨਾ ਮਿਲਿਆ ਇਨਸਾਫ਼, ਚੁੱਕਿਆ ਖ਼ੌਫ਼ਨਾਕ ਕਦਮ
ਯਾਦ ਰਹੇ ਕਿ ਇਸ ਵਾਰ ਪਹਿਲੀ ਪਾਤਸ਼ਾਹੀ ਅਤੇ ਨੌਵੀਂ ਪਾਤਸ਼ਾਹੀ ਜੀ ਦੇ ਪ੍ਰਕਾਸ਼ ਪੁਰਬ ਪੰਜਾਬ ਸਰਕਾਰ ਵਲੋਂ ਆਪਣੇ ਪੱਧਰ 'ਤੇ ਮਨਾਉਣ ਦਾ ਫੈਸਲਾ ਲਿਆ ਜਾ ਚੁੱਕਾ ਹੈ, ਜੋ ਅਪ੍ਰੈਲ 2021 'ਚ ਮਨਾਏ ਜਾ ਰਹੇ ਹਨ। ਇਸ ਖੇਤਰ ਦੇ ਲੋਕਾਂ ਨੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਹੈ, ਉੱਥੇ ਹੀ ਕੇਂਦਰੀ ਮੰਤਰੀ ਨਿਤਨ ਗਡਕਰੀ ਅਤੇ ਖਾਸ ਕਰਕੇ ਨੈਸ਼ਨਲ ਹਾਈਵੇ ਅਥਾਰਟੀ ਦੇ ਚੇਅਰਮੈਨ ਸੁਖਬੀਰ ਸਿੰਘ ਸੰਧੂ, ਜੋ ਕਿ ਇਸੇ ਹੀ ਕਸਬੇ ਦੇ ਜੰਮਪਲ ਹਨ, ਦਾ ਧੰਨਵਾਦ ਵੀ ਕੀਤਾ ਹੈ।ਇਸੇ ਦੌਰਾਨ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਅਤੇ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਕਿਹਾ ਕਿ ਗਡਕਰੀ ਨੇ ਇਹ ਪ੍ਰਾਜੈਕਟ ਪਾਸ ਕਰਕੇ ਗੁਰੂ ਘਰ ਵਿਚ ਆਪਣੀ ਆਸਥਾ ਜਤਾਈ ਹੈ। 72 ਕਿ. ਮੀ. ਚਾਰ ਮਾਰਗੀ ਬਣਨ ਜਾ ਰਹੀ ਇਹ ਸੜਕ ਦਾ ਨਿਰਮਾਣ ਸ਼ਤਾਬਦੀ ਸਮਾਰੋਹਾਂ ਤੋਂ ਪਹਿਲਾਂ ਹੀ ਸ਼ੁਰੂ ਕੀਤੇ ਜਾਣਾ ਸੰਭਵ ਹੈ। ਇਸ ਮਾਰਗ ਦੇ ਬਣਨ ਨਾਲ ਜਿਥੇ ਲੋਕਾਂ ਨੂੰ ਬਾਬਾ ਬਕਾਲਾ ਸਾਹਿਬ, ਮਹਿਤਾ ਚੌਕ, ਬਟਾਲਾ ਅਤੇ ਡੇਰਾ ਬਾਬਾ ਨਾਨਕ ਵਿਖੇ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਰਾਹਤ ਮਿਲੇਗੀ, ਉੱਥੇ ਹੀ ਇਸ ਖੇਤਰ ਵਿਚ ਵਪਾਰਕ ਤੌਰ 'ਤੇ ਵੀ ਕਾਫੀ ਤਰੱਕੀ ਹੋਵੇਗੀ।
ਇਹ ਵੀ ਪੜ੍ਹੋ: ਮੰਨਾ ਕਤਲ ਦੇ ਦੋਸ਼ੀ ਰਾਜੂ ਬਿਸੋਡੀ ਨੂੰ 16 ਅਕਤੂਬਰ ਨੂੰ ਲਿਆਦਾਂ ਜਾਵੇਗਾ ਪ੍ਰੋਡਕਸ਼ਨ ਰਿਮਾਂਡ 'ਤੇ