ਕੋਰੋਨਾ ਦੀ ਦਹਿਸ਼ਤ : ਡੇਰਾ ਬਿਆਸ ਦੇ ਰਿਹਾਇਸ਼ੀ ਵੀ ਨਹੀਂ ਜਾ ਸਕਣਗੇ ਬਾਹਰ

Friday, Mar 20, 2020 - 07:24 PM (IST)

ਬਾਬਾ ਬਕਾਲਾ ਸਾਹਿਬ (ਰਾਕੇਸ਼) : ਰਾਧਾ ਸਵਾਮੀ ਸਤਿਸੰਗ ਬਿਆਸ ਵਲੋਂ ਦੇਸ਼-ਵਿਦੇਸ਼ਾਂ 'ਚ ਪਹਿਲਾਂ ਹੀ ਸਤਿਸੰਗ ਪ੍ਰੋਗਰਾਮ ਰੱਦ ਕੀਤੇ ਜਾ ਚੁੱਕੇ ਹਨ, ਜਿਸ ਤੋਂ ਬਾਅਦ ਡੇਰੇ 'ਚ ਰੋਜ਼ਾਨਾ ਹੋਣ ਵਾਲੇ ਸਤਿਸੰਗ ਵੀ ਮਨਸੂਖ ਕਰ ਦਿੱਤੇ ਗਏ ਹਨ। ਹੁਣ ਸਿਰਫ ਡੇਰੇ ਦੇ ਰਿਹਾਇਸ਼ੀ ਟੈਲੀਕਾਸਟ ਜ਼ਰੀਏ ਹੀ ਆਪਣੀ ਰਿਹਾਇਸ਼ 'ਚ ਸਤਿਸੰਗ ਸੁਣ ਸਕਣਗੇ। ਅਜਿਹੇ ਮੌਕੇ ਬਾਹਰੀ ਸੰਗਤਾਂ ਨੂੰ ਆਉਣ ਦੀ ਵੀ ਇਜਾਜ਼ਤ ਨਹੀਂ ਹੋਵੇਗੀ।

ਇਹ ਵੀ ਪੜ੍ਹੋ : ICP ਅਟਾਰੀ 'ਤੇ ਟੂਰਿਸਟਾਂ ਦੀ ਐਂਟਰੀ ਬੰਦ, ਪਾਕਿਸਤਾਨ 'ਚ ਫਸੇ ਦਰਜਨਾਂ ਭਾਰਤੀ ਨਾਗਰਿਕ

ਰਾਧਾ ਸਵਾਮੀ ਡੇਰਾ ਬਿਆਸ ਦੇ ਸੈਕਟਰੀ ਡੀ. ਕੇ. ਸਿਕਰੀ ਵਲੋਂ ਅੱਜ ਇਕ ਪੱਤਰ ਜਾਰੀ ਕਰ ਕੇ ਕਿਹਾ ਗਿਆ ਹੈ ਕਿ ਸਿਹਤ ਸਹੂਲਤਾਂ ਨੂੰ ਮੱਦੇਨਜ਼ਰ ਰੱਖਦਿਆਂ ਉਕਤ ਫੈਸਲਾ ਲਿਆ ਗਿਆ ਹੈ, ਜੋ 21 ਮਾਰਚ ਤੋਂ ਲਾਗੂ ਸਮਝਿਆ ਜਾਵੇਗਾ। ਇਸ ਤੋਂ ਇਲਾਵਾ ਡੇਰੇ ਵਿਚਲੇ ਸ਼ੈੱਡ, ਸਰਾਵਾਂ ਅਤੇ ਹੋਸਟਲ ਵੀ ਸੰਗਤਾਂ ਲਈ ਅਗਲੇ ਆਦੇਸ਼ਾਂ ਤੱਕ ਬੰਦ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਡੇਰੇ ਦੇ ਰਿਹਾਇਸ਼ੀਆਂ ਨੂੰ ਵੀ ਇਹ ਸਲਾਹ ਦਿੱਤੀ ਗਈ ਹੈ ਕਿ ਵਿਦੇਸ਼ਾਂ ਤੋਂ ਆਉਣ ਵਾਲੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਵੀ ਇਨ੍ਹਾਂ ਦਿਨਾਂ 'ਚ ਡੇਰੇ ਆਉਣ ਅਤੇ ਰਾਤ ਸਮੇਂ ਰਹਿਣ ਦੀ ਇਜਾਜ਼ਤ ਨਹੀਂ ਹੋਵੇਗੀ, ਜ਼ਰੂਰੀ ਸਮਝਣ 'ਤੇ ਸੈਕਟਰੀ ਪਾਸੋਂ ਆਗਿਆ ਲੈਣੀ ਹੋਵੇਗੀ। ਡੇਰੇ ਦੇ ਰਿਹਾਇਸ਼ੀਆਂ ਨੂੰ ਡੇਰੇ ਤੋਂ ਬਾਹਰ ਕਿਸੇ ਵੀ ਇਕੱਠ, ਸਮਾਗਮ ਆਦਿ 'ਚ ਜਾਣ ਤੋਂ ਵੀ ਵਰਜਿਆ ਗਿਆ ਹੈ ਅਤੇ ਉਨ੍ਹਾਂ ਨੂੰ ਆਪਣੀ ਇੱਛਾ ਅਨੁਸਾਰ ਡੇਰੇ 'ਚ ਖੁੱਲ੍ਹੀ ਸੇਵਾ ਕਰਨ ਲਈ ਵੀ ਕਿਹਾ ਗਿਆ ਹੈ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਨੇ ਪੰਜਾਬ 'ਚ ਪਸਾਰੇ ਪੈਰ, ਅੰਮ੍ਰਿਤਸਰ 'ਚ ਮਰੀਜ਼ ਦੀ ਪੁਸ਼ਟੀ


Baljeet Kaur

Content Editor

Related News