ਮਾਮਲਾ ਬੱਚੀ ਨਾਲ ਹੋਏ ਜਬਰ-ਜ਼ਨਾਹ ਦਾ, ਸਕੂਲ ਪ੍ਰਬੰਧਕਾਂ ’ਤੇ ਡਿੱਗ ਸਕਦੀ ਹੈ ਗਾਜ!

12/25/2019 10:00:08 AM

ਬਾਬਾ ਬਕਾਲਾ ਸਾਹਿਬ (ਰਾਕੇਸ਼) - ਬਿਆਸ ਦੇ ਸਕੂਲ ’ਚ ਵਾਪਰੇ ਰੇਪ ਕਾਂਡ ਦੀ ਜਿਥੇ ਵੱਖ-ਵੱਖ ਸਿਆਸੀ ਆਗੂਆਂ ਤੇ ਹੋਰ ਸੰਸਥਾਵਾਂ ਦੇ ਮੁਖੀਆਂ ਵਲੋਂ ਸਖਤ ਸ਼ਬਦਾਂ ’ਚ ਨਿੰਦਾ ਕੀਤੀ ਗਈ, ਉਥੇ ਵੱਖ-ਵੱਖ ਏਜੰਸੀਆਂ ਵਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਬੀਤੇ ਦਿਨ ਕੌਮੀ ਬਾਲ ਸੁਰੱਖਿਆ ਦੀ ਮੈਂਬਰ ਰੋਜ਼ੀਤਾਬਾ ਨੇ ਆਪਣੇ ਹੋਰ ਟੀਮ ਮੈਂਬਰਾਂ ਸਮੇਤ ਬਾਬਾ ਬਕਾਲਾ ਪੁੱਜ ਇਸ ਮਾਮਲੇ ਸਬੰਧੀ ਚੱਲ ਰਹੀ ਜਾਂਚ ਦਾ ਜਾਇਜ਼ਾ ਲਿਆ ਅਤੇ ਗੁਪਤ ਤੌਰ ’ਤੇ ਪੀੜਤ ਪਰਿਵਾਰ ਨੂੰ ਮਿਲ ਸਾਰੀ ਸਥਿਤੀ ਨੂੰ ਜਾਂਚਿਆ। ਟੀਮ ਮੁਖੀ ਨੇ ਸਕੂਲ ਪ੍ਰਬੰਧਕਾਂ ਵਲੋਂ ਵਰਤੀ ਅਣਗਹਿਲੀ ਦੇ ਸੰਕੇਤ ਦਿੱਤੇ ਸਨ। 

ਇਸ ਤੋਂ ਇਲਾਵਾ ਜ਼ਿਲਾ ਪ੍ਰਸ਼ਾਸਨ ਤੇ ਪੁਲਸ ਜ਼ਿਲਾ ਦਿਹਾਤੀ ਵਲੋਂ ਬਣਾਈਆਂ ਵੱਖ-ਵੱਖ ਸਿੱਟ ਟੀਮਾਂ ਦੀ ਰਿਪੋਰਟ ਭਾਵੇਂ ਅਜੇ ਆਉਣਾ ਬਾਕੀ ਹੈ ਪਰ ਫਿਰ ਵੀ ਪੁਲਸ ਪ੍ਰਸ਼ਾਸਨ ਵਲੋਂ ਉਕਤ ਵਿਵਾਦਿਤ ਸਕੂਲ ਦੀ ਮੈਨੇਜਮੈਂਟ ਵਿਰੁੱਧ ਪਹਿਲਾਂ ਤੋਂ ਹੀ ਦਰਜ ਮਾਮਲੇ ਦੇ ਜੁਰਮ ’ਚ ਵਾਧਾ ਕਰਨਾ ਤੈਅ ਹੋ ਚੁੱਕਾ ਹੈ। ਕਿਸੇ ਵੀ ਪਲ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ। ਇਸੇ ਦੌਰਾਨ ਹੁਸ਼ਿਆਰਪੁਰ ਦੀ ਜੁਵੇਨਾਈਲ ਕੋਰਟ ’ਚ ਇਹ ਕੇਸ ਸੁਣਵਾਈ ਅਧੀਨ ਹੈ, ਜਿਸ ਦੀ ਅਗਲੀ ਪੇਸ਼ੀ 3 ਜਨਵਰੀ ਤੈਅ ਹੋ ਚੁੱਕੀ ਹੈ। ਇਸ ਸਬੰਧੀ ਪੁਲਸ ਦੇ ਇਕ ਅਧਿਕਾਰੀ ਨਾਲ ਸੰਪਰਕ ਕਰਨ ’ਤੇ ਭਾਵੇਂ ਉਨ੍ਹਾਂ ਨੇ ਕੋਈ ਸਥਿਤੀ ਸਪੱਸ਼ਟ ਕਰਨ ਤੋਂ ਪਾਸਾ ਵੱਟਿਆ ਹੈ ਪਰ ਕਾਰਵਾਈ ਕੀਤੇ ਜਾਣ ਸਬੰਧੀ ਵਿਸ਼ਵਾਸ ਪ੍ਰਗਟ ਕੀਤਾ, ਕਿਉਂਕਿ ਸਕੂਲ ਮੈਨੇਜਮੈਂਟ ਵਲੋਂ ਆਪਣੇ ਬਿਆਨ ਵਾਰ-ਵਾਰ ਬਦਲਣਾ ਉਨ੍ਹਾਂ ’ਤੇ ਸ਼ੱਕ ਦੀ ਸੂਈ ਅਡ਼ੀ ਹੋਈ ਹੈ। ਇਸ ਕਾਰਵਾਈ ਕਾਰਣ ਸਕੂਲ ’ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੇ ਵੀ ਦੋਸ਼ ਲਾਇਆ ਕਿ ਉਨ੍ਹਾਂ ਨੂੰ ਕਿਸੇ ਵੀ ਤਫਤੀਸ਼ ’ਚ ਸ਼ਾਮਲ ਨਹੀਂ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਸਕੂਲ ਪ੍ਰਬੰਧਕਾਂ ਨੇ 19 ਦਸੰਬਰ ਨੂੰ ਮੁੜ ਤੋਂ ਸਕੂਲ ਖੋਲ੍ਹਣ ਦੀ ਗੱਲ ਕਹੀ ਸੀ ਪਰ ਸਕੂਲ ਉਸ ਦਿਨ ਤੋਂ ਬੰਦ ਪਿਆ ਹੋਇਆ ਹੈ, ਹੁਣ ਜਦਕਿ ਪੰਜਾਬ ਸਰਕਾਰ ਵੱਲੋਂ ਸਾਰੇ ਸਕੂਲਾਂ ’ਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ, ਜੋ 31 ਦਸੰਬਰ ਤੱਕ ਲਾਗੂ ਰਹੇਗਾ, ਇਸੇ ਤਹਿਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਤੋਂ ਇਲਾਵਾ ਸ਼ਨੀਵਾਰ ਤੇ ਐਤਵਾਰ ਹੋਣ ਕਾਰਨ ਹੁਣ ਇਹ ਸਕੂਲ 6 ਜਨਵਰੀ 2020 ਨੂੰ ਖੁੱਲ੍ਹਣ ਜਾ ਰਹੇ ਹਨ। ਹੁਣ ਇੰਨਾ ਸਮਾਂ ਸਕੂਲ ਬੰਦ ਰਹਿਣ ਕਾਰਨ ਸਕੂਲੀ ਬੱਚਿਆਂ ਦੀ ਪੜ੍ਹਾਈ ’ਤੇ ਬਹੁਤ ਬੁਰਾ ਅਸਰ ਪਿਆ ਹੈ ਅਤੇ ਇਹ ਬੱਚੇ ਆਪਣਾ ਹੋਮ ਵਰਕ ਨਹੀਂ ਲੈ ਸਕੇ, ਜਦਕਿ ਸਾਲ 2020 ਦੀ ਸ਼ੁਰੂਆਤ ’ਚ ਬੱਚਿਆਂ ਦੇ ਸਾਲਾਨਾ ਇਮਤਿਹਾਨ ਹੋਣ ਜਾ ਰਹੇ ਹਨ। ਆਖਿਰਕਾਰ ਉਨ੍ਹਾਂ ਬੱਚਿਆਂ ਦੇ ਭਵਿੱਖ ਨਾਲ ਹੋਏ ਖਿਲਵਾੜ ਦਾ ਜ਼ਿੰਮੇਵਾਰ ਕੌਣ ਹੋਵੇਗਾ?

ਦੋਸ਼ੀਆਂ ਨੂੰ ਹੋਵੇ ਸਜ਼ਾ-ਏ-ਮੌਤ : ਵਿਧਾਇਕ ਬੈਂਸ
ਇਸ ਘਟਨਾ ਦੀ ਵੱਖ-ਵੱਖ ਸਿਆਸੀ ਆਗੂਆਂ ਨੇ ਵੀ ਸਖਤ ਨਿੰਦਾ ਕੀਤੀ ਹੈ। ਇਸੇ ਸਬੰਧੀ ਅੱਜ ਲੋਕ ਇਨਸਾਫ ਪਾਰਟੀ ਦੇ ਸੂਬਾਈ ਨੇਤਾ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਨੇ ਕਿਹਾ ਕਿ ਦੇਸ਼ ਦਾ ਕਾਨੂੰਨ ਬਾਬੇ ਆਦਮ ਵੇਲੇ ਦਾ ਬਣਿਆ ਹੋਇਆ ਹੈ, ਜਿਸ ਵਿਚ ਹੁਣ ਦੇ ਸਮੇਂ ਮੁਤਾਬਿਕ ਸੋਧ ਕਰਨਾ ਅਤਿ-ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਰੇਪ ਕਾਂਡ, ਡਕੈਤੀਆਂ ਅਤੇ ਕਤਲਾਂ ਦੇ ਮਾਮਲਿਆਂ ’ਚ ਦੋਸ਼ੀ ਸਾਬਤ ਹੋਣ ਵਾਲਿਆਂ ਨੂੰ ਸਜ਼ਾ-ਏ-ਮੌਤ ਹੋਣੀ ਚਾਹੀਦੀ ਹੈ।


rajwinder kaur

Content Editor

Related News