ਬੀ. ਐੱਸ. ਐੱਨ. ਐੱਲ. ਦਾ ਬਿੱਲ ਜਮ੍ਹਾ ਕਰਵਾਉਣ ਵਾਲਾ ਕੈਸ਼ ਕਾਊਂਟਰ 2 ਦਿਨਾਂ ਤੋਂ ਬੰਦ
Wednesday, Oct 11, 2017 - 10:34 AM (IST)

ਫਿਰੋਜ਼ਪੁਰ (ਕੁਮਾਰ)- ਇਕ ਪਾਸੇ ਬੀ. ਐੱਸ. ਐੱਨ. ਐੱਲ. ਆਪਣੇ ਉਪਭੋਗਤਾਵਾਂ ਨੂੰ ਵਧੀਆ ਸਰਵਿਸ ਅਤੇ ਸਹੂਲਤਾਂ ਦੇਣ ਦੇ ਦਾਅਵੇ ਕਰ ਰਿਹਾ ਹੈ ਅਤੇ ਦੂਜੇ ਪਾਸੇ ਫਿਰੋਜ਼ਪੁਰ ਹੈੱਡ ਕੁਆਰਟਰ ਦੇ ਸਿਟੀ ਦਫਤਰ ਵਿਚ ਪਿਛਲੇ ਕਰੀਬ 2 ਦਿਨਾਂ ਤੋਂ ਟੈਲੀਫੋਨ ਦੇ ਬਿੱਲ ਜਮ੍ਹਾ ਕਰਨ ਵਾਲਾ ਕਾਊਂਟਰ ਬੰਦ ਪਿਆ ਹੈ ਅਤੇ ਪੁੱਛਣ 'ਤੇ ਜਵਾਬ ਮਿਲਦਾ ਹੈ ਕਿ ਜਾਂ ਤਾਂ ਬਿੱਲ ਸੋਮਵਾਰ ਨੂੰ ਜਮ੍ਹਾ ਹੋਣਗੇ ਜਾਂ ਫਿਰੋਜ਼ਪੁਰ ਛਾਉਣੀ ਦੇ ਦਫਤਰ ਵਿਚ ਬਿੱਲ ਜਮ੍ਹਾ ਕਰਵਾਓ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀ. ਐੱਸ. ਐੱਨ. ਐੱਲ. ਟੈਲੀਫੋਨ ਉਪਭੋਗਤਾ ਜਨਿੰਦਰ ਗੋਇਲ ਤੇ ਹੋਰਾਂ ਨੇ ਦੱਸਿਆ ਕਿ ਇਸਦਾ ਮੁੱਖ ਕਾਰਨ ਸਟਾਫ ਦੀ ਘਾਟ ਦੱਸਿਆ ਜਾਂਦਾ ਹੈ। ਬੀ. ਐੱਸ. ਐੱਨ. ਐੱਲ. ਦੀ ਅਜਿਹੀ ਕਾਰਗੁਜ਼ਾਰੀ ਨੂੰ ਲੈ ਕੇ ਉਪਭੋਗਤਾਵਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਬਿੱਲ ਜਮ੍ਹਾ ਕਰਵਾਉਣ ਲਈ ਆ ਰਹੇ ਲੋਕ ਪ੍ਰੇਸ਼ਾਨ ਹੋ ਰਹੇ ਹਨ। ਉਪਭੋਗਤਾਵਾਂ ਦਾ ਕਹਿਣਾ ਹੈ ਕਿ ਜੇਕਰ ਵਿਭਾਗ ਕੋਲ ਸਟਾਫ ਦੀ ਘਾਟ ਹੈ ਤਾਂ ਇਸ ਵਿਚ ਉਪਭੋਗਤਾਵਾਂ ਦਾ ਕੀ ਕਸੂਰ ਹੈ। ਹੋਰ ਫੋਨ ਕੰਪਨੀਆਂ ਲੋਕਾਂ ਨੂੰ ਵਧੀਆ ਸਹੂਲਤਾਂ ਪ੍ਰਦਾਨ ਕਰ ਰਹੀਆਂ ਹਨ ਤੇ ਉਹ ਫੋਨ ਦੇ ਬਿੱਲ ਵੀ ਘਰ ਤੋਂ ਇਕੱਠੇ ਕਰਦੀਆਂ ਹਨ।
ਬੀ. ਐੱਮ. ਤੇ ਐੱਸ. ਡੀ. ਓ. ਨੇ ਨਹੀਂ ਚੁੱਕਿਆ ਫੋਨ : ਸੰਪਰਕ ਕਰਨ 'ਤੇ ਜਨਰਲ ਟੈਲੀਕਾਮ ਫਿਰੋਜ਼ਪੁਰ ਅਤੇ ਐੱਸ. ਡੀ. ਓ. ਬੀ. ਐੱਸ. ਐੱਨ. ਐੱਲ. ਫਿਰੋਜ਼ਪੁਰ ਨੇ ਫੋਨ ਨਹੀਂ ਚੁੱਕਿਆ, ਜਿਸ ਕਾਰਨ ਉਨ੍ਹਾਂ ਦਾ ਪੱਖ ਨਹੀਂ ਲਿਆ ਜਾ ਸਕਿਆ।