ਸੁਸ਼ਮਾ ਸਵਰਾਜ ਦੇ ਦਿਹਾਂਤ ਨਾਲ ਹੋਇਆ ਇਕ ਯੁੱਗ ਦਾ ਅੰਤ : ਖੰਨਾ
Thursday, Aug 08, 2019 - 01:35 PM (IST)
ਚੰਡੀਗੜ੍ਹ (ਸ਼ਰਮਾ) : ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਨੇਤਾ ਅਤੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਦਿਹਾਂਤ ਨਾਲ ਇਕ ਯੁੱਗ ਦਾ ਅੰਤ ਹੋ ਗਿਆ ਹੈ, ਭਾਰਤੀ ਰਾਜਨੀਤੀ 'ਚ ਨਾ ਪੂਰੀ ਕੀਤੀ ਜਾਣ ਵਾਲੀ ਇਕ ਕਮੀ ਪੈਦਾ ਹੋ ਗਈ ਹੈ। ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਦੇ ਕੌਮੀ ਉਪ ਪ੍ਰਧਾਨ ਅਵਿਨਾਸ਼ ਰਾਏ ਖੰਨਾ ਦਾ, ਜੋ ਕਿ ਸੁਸ਼ਮਾ ਸਵਰਾਜ ਦੇ ਦਿਹਾਂਤ 'ਤੇ ਸ਼ੋਕ ਵਿਅਕਤ ਕਰ ਰਹੇ ਸਨ। ਖੰਨਾ ਨੇ ਕਿਹਾ ਕਿ ਵਿਦੇਸ਼ ਮੰਤਰੀ ਦੇ ਨਾਤੇ ਸੁਸ਼ਮਾ ਸਵਰਾਜ ਵਲੋਂ 'ਮਦਦ' ਨਾਮ ਦਾ ਇਕ ਪੋਰਟਲ ਸ਼ੁਰੂ ਕੀਤਾ ਗਿਆ, ਜਿਸ ਰਾਹੀਂ ਭਾਰਤ ਅਤੇ ਵਿਦੇਸ਼ 'ਚ ਬੈਠੇ ਭਾਰਤੀ ਘਰ ਬੈਠੇ ਵਿਦੇਸ਼ ਮੰਤਰਾਲਾ ਨੂੰ ਸਹਾਇਤਾ ਲਈ ਲਿਖਦੇ ਸਨ ਅਤੇ ਮੰਤਰਾਲਾ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਦਾ ਸੀ। ਇਸ ਪੋਰਟਲ ਕਾਰਨ ਸੁਸ਼ਮਾ ਸਵਰਾਜ ਨੂੰ ਵਿਦੇਸ਼ਾਂ 'ਚ ਬੈਠੇ ਭਾਰਤੀਆਂ ਨੇ ਖੂਬ ਦੁਆਵਾਂ ਦਿੱਤੀਆਂ। ਪੰਜਾਬ ਭਾਜਪਾ ਵਲੋਂ ਸਵ. ਸੁਸ਼ਮਾ ਸਵਰਾਜ ਦੇ ਦਿਹਾਂਤ 'ਤੇ ਚੰਡੀਗੜ੍ਹ ਸਥਿਤ ਪ੍ਰਦੇਸ਼ ਭਾਜਪਾ ਦਫ਼ਤਰ 'ਚ ਸ਼ੋਕ ਸਭਾ ਆਯੋਜਿਤ ਕੀਤੀ ਗਈ, ਜਿਸ 'ਚ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ, ਚੰਡੀਗੜ੍ਹ ਭਾਜਪਾ ਪ੍ਰਧਾਨ ਸੰਜੇ ਟੰਡਨ ਅਤੇ ਚੰਡੀਗੜ੍ਹ ਨਗਰ ਨਿਗਮ ਦੇ ਸਾਬਕਾ ਮੇਅਰ ਅਰੁਣ ਸੂਦ ਸਹਿਤ ਅਨੇਕਾਂ ਸਥਾਨਕ ਨੇਤਾਵਾਂ ਨੇ ਆਪਣੇ ਸ਼ਰਧਾ ਸੁਮਨ ਅਰਪਿਤ ਕੀਤੇ।
ਦੱਸ ਦਈਏ ਕਿ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਹ 67 ਸਾਲਾਂ ਦੇ ਸਨ। 2016 'ਚ ਸੁਸ਼ਮਾ ਸਵਰਾਜ ਨੇ ਕਿਡਨੀ ਟਰਾਂਸਪਲਾਂਟ ਕਰਵਾਈ ਸੀ। ਦਿਹਾਂਤ ਤੋਂ 3 ਘੰਟੇ ਪਹਿਲਾਂ ਉਨ੍ਹਾਂ ਨੇ ਧਾਰਾ ਧਾਰਾ 370 ਹੱਟਣ 'ਤੇ ਟਵੀਟ ਕੀਤਾ ਸੀ।