ਕੇਜਰੀਵਾਲ ਦੇ ਮੁਆਫੀ ਮੰਗਣ ਨਾਲ ਡਰੱਗਜ਼ ਮਾਮਲਿਆਂ ''ਚ ਸਫੈਦਪੋਸ਼ ਸਾਬਤ ਨਹੀਂ ਹੁੰਦੇ ਮਜੀਠੀਆ : ਅਵਤਾਰ ਹੈਨਰੀ

03/18/2018 7:01:42 AM

ਜਲੰਧਰ(ਚੋਪੜਾ)-ਅਰਵਿੰਦ ਕੇਜਰੀਵਾਲ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਤੋਂ ਮੁਆਫੀ ਮੰਗਣ ਦੇ ਹੈਰਾਨੀ ਭਰੇ ਯੂ-ਟਰਨ ਦੇ ਫੈਸਲੇ ਨੇ ਦੁਨੀਆ ਭਰ ਦੇ ਪੰਜਾਬੀਆਂ ਨਾਲ ਵਿਸ਼ਵਾਸਘਾਤ ਕੀਤਾ ਹੈ ਅਤੇ ਪੰਜਾਬ ਦੇ ਇਤਿਹਾਸ ਵਿਚ ਕੇਜਰੀਵਾਲ ਅਤੇ 'ਆਪ' ਦਾ ਨਾਂ ਕਾਲੇ ਅੱਖਰਾਂ ਵਿਚ ਲਿਖਿਆ ਜਾਵੇਗਾ। ਇਹ ਪ੍ਰਗਟਾਵਾ ਪੰਜਾਬ ਸੂਬਾ ਕਾਂਗਰਸ ਦੇ ਉਪ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਅਵਤਾਰ ਹੈਨਰੀ ਨੇ ਕੀਤਾ। ਉਨ੍ਹਾਂ ਕਿਹਾ ਕਿ ਸਾਰਾ ਮਾਮਲਾ ਸਿਰਫ ਮਜੀਠੀਆ ਦੇ ਮਾਣਹਾਨੀ ਕੇਸ ਨਾਲ ਸਬੰਧਤ ਨਹੀਂ, ਬਲਕਿ ਉਨ੍ਹਾਂ ਹਜ਼ਾਰਾਂ ਨੌਜਵਾਨਾਂ ਦੇ ਪੰਜਾਬ ਤੇ ਦੇਸ਼-ਵਿਦੇਸ਼ਾਂ ਵਿਚ ਰਹਿੰਦੇ ਪਰਿਵਾਰਾਂ ਨਾਲ ਸਬੰਧਤ ਹੈ, ਜਿਨ੍ਹਾਂ ਨੂੰ ਡਰੱਗਜ਼ ਨੇ ਬਰਬਾਦ ਕਰ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਮੁੱਖ ਮੰਤਰੀ ਅਹੁਦੇ ਦੇ ਮਾਣ ਨੂੰ ਵੀ ਦਾਅ 'ਤੇ ਲਗਾ ਦਿੱਤਾ ਹੈ। ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ, ਜਦੋਂ ਕਿਸੇ ਮੁੱਖ ਮੰਤਰੀ ਨੇ ਡਰੱਗ ਕਾਰੋਬਾਰ ਵਿਚ ਆਗੂਆਂ 'ਤੇ ਦੋਸ਼ ਲਗਾ ਕੇ ਮੁਆਫੀ ਮੰਗੀ ਹੋਵੇ। ਹੈਨਰੀ ਨੇ ਕਿਹਾ ਕਿ ਸਿਰਫ ਕੇਜਰੀਵਾਲ ਦੇ ਮੁਆਫੀਨਾਮੇ ਨਾਲ ਮਜੀਠੀਆ ਸਫੈਦਪੋਸ਼ ਸਾਬਿਤ ਨਹੀਂ ਹੁੰਦੇ। ਉਨ੍ਹਾਂ ਨੂੰ ਆਪਣੇ ਕੀਤੇ ਦੀ ਸਜ਼ਾ ਹਰ ਹਾਲਤ ਵਿਚ ਮਿਲੇਗੀ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਦੇ ਆਗੂਆਂ ਨੇ 10 ਸਾਲਾਂ ਦੇ ਕਾਰਜਕਾਲ ਵਿਚ ਸੂਬੇ ਨੂੰ ਨਸ਼ਿਆਂ ਦੀ ਮੰਡੀ ਬਣਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਨਸ਼ਾ ਤੇ ਡਰੱਗਜ਼ ਸਮੱਗਲਰਾਂ ਖਿਲਾਫ ਆਪਣੇ ਸਟੈਂਡ 'ਤੇ ਕਾਇਮ ਹੈ ਤੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਪਾਰਟੀ ਦਾ ਮੁੱਖ ਟੀਚਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਸੱਤਾ ਸੰਭਾਲਦਿਆਂ ਡਰੱਗਜ਼ ਖਿਲਾਫ ਸਖ਼ਤ ਕਦਮ ਚੁੱਕ ਕੇ ਇਕ ਲੋਕ ਲਹਿਰ ਚਲਾਈ ਹੈ, ਜਿਸ ਦੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। 


Related News