ਆਟੋ ਵਰਕਰਾਂ ਵੱਲੋਂ 26 ਨਵੰਬਰ ਨੂੰ ਮੁਕੰਮਲ ਹੜਤਾਲ ਦਾ ਐਲਾਨ

Tuesday, Nov 24, 2020 - 02:28 PM (IST)

ਨਵਾਂਸ਼ਹਿਰ (ਮਨੋਰੰਜਨ) : ਨਿਊ ਆਟੋ ਵਰਕਰਜ਼ ਯੂਨੀਅਨ (ਇਫਟੂ) ਵੱਲੋਂ 26 ਨਵੰਬਰ ਨੂੰ ਦੇਸ਼ ਵਿਆਪੀ ਆਮ ਹੜਤਾਲ 'ਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ ਗਿਆ ਹੈ। ਇਹ ਫ਼ੈਸਲਾ ਅੱਜ ਆਟੋ ਸਟੈਂਡ ਨਵਾਂਸ਼ਹਿਰ ਵਿਖੇ ਯੂਨੀਅਨ ਦੀ ਹੋਈ ਮੀਟਿੰਗ 'ਚ ਕੀਤਾ ਗਿਆ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਇਫਟੂ ਪੰਜਾਬ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ਅਤੇ ਸੂਬਾਈ ਪ੍ਰੈਸ ਸਕੱਤਰ ਜਸਬੀਰ ਦੀਪ ਨੇ ਆਖਿਆ ਕਿ ਕੇਂਦਰ ਸਰਕਾਰ ਨੇ 44 ਕਿਰਤ ਕਾਨੂੰਨਾਂ ਨੂੰ ਰੱਦ ਕਰਕੇ ਉਨ੍ਹਾਂ ਦੀ ਥਾਂ 'ਤੇ 4 ਕਿਰਤ ਕੋਡ ਲੈ ਆਂਦੇ ਹਨ, ਜੋ ਮਜ਼ਦੂਰਾਂ ਦੇ ਹਿੱਤਾਂ 'ਤੇ ਚੌਤਰਫਾ ਹਮਲਾ ਹਨ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਹਰ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਾ ਕੇ ਵਾਹਨ ਮਾਲਕਾਂ 'ਤੇ ਬੋਝ ਲੱਦ ਰਹੀ ਹੈ। ਪਹਿਲਾਂ ਹੀ ਕਰੋਨਾ ਦੇ ਬਹਾਨੇ ਹੇਠ ਸਰਕਾਰਾਂ ਵਲੋਂ ਲਾਈਆਂ ਪਾਬੰਦੀਆਂ ਕਾਰਨ ਆਟੋ ਮਾਲਕ ਵੱਡੇ ਘਾਟੇ ਸਹਿ ਚੁੱਕੇ ਹਨ। ਕੇਂਦਰ ਸਰਕਾਰ ਨੇ ਨਵਾਂ ਟਰਾਂਸਪੋਰਟ ਐਕਟ ਲਿਆ ਕੇ ਆਟੋ ਮਾਲਕਾਂ 'ਤੇ ਵੱਡੇ ਜੁਰਮਾਨਿਆਂ ਦਾ ਬੋਝ ਲੱਦ ਦਿੱਤਾ ਹੈ। ਆਰ.ਸੀ, ਡਰਾਈਵਿੰਗ ਲਾਈਸੈਂਸ, ਪਾਸਿੰਗ ਫੀਸਾਂ 'ਚ ਅਥਾਹ ਵਾਧਾ ਕਰਕੇ ਛੋਟੇ ਟਰਾਂਸਪੋਰਟਰਾਂ ਦੇ ਕਾਰੋਬਾਰ 'ਤੇ ਸੱਟ ਮਾਰੀ ਗਈ ਹੈ।

ਸਰਕਾਰ ਦੀਆਂ ਇਨ੍ਹਾਂ ਨੀਤੀਆਂ ਦੇ ਵਿਰੋਧ 'ਚ ਆਟੋ ਮਾਲਕ 26 ਨਵੰਬਰ ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਮੁੱਚੇ ਆਟੋ ਚਾਲਕ ਦੇਸ਼ ਵਿਆਪੀ ਆਮ ਹੜਤਾਲ 'ਚ ਸ਼ਾਮਲ ਹੋਣਗੇ। ਇਸ ਮੌਕੇ ਆਟੋ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪੁਨੀਤ ਕਲੇਰ, ਬਿੱਲਾ ਗੁੱਜਰ ਨੇ ਸੰਬੋਧਨ ਕੀਤਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਜੱਥੇਬੰਦੀ 26 ਨਵੰਬਰ ਨੂੰ ਇਫਟੂ ਵੱਲੋਂ ਸਥਾਨਕ ਦੁਸਹਿਰਾ ਗਰਾਊਂਡ 'ਚ ਕੀਤੀ ਜਾ ਰਹੀ ਰੈਲੀ 'ਚ ਸ਼ਮੂਲੀਅਤ ਕਰੇਗੀ।


Babita

Content Editor

Related News