ਜਲੰਧਰ: ਆਟੋ ਚਾਲਕ ਨੂੰ ਪੁਲਸ ਮੁਲਾਜ਼ਮ ਨੇ ਜੜਿਆ ਥੱਪੜ, ਵੀਡੀਓ ਹੋਈ ਵਾਇਰਲ

Saturday, Jan 21, 2023 - 06:08 PM (IST)

ਜਲੰਧਰ: ਆਟੋ ਚਾਲਕ ਨੂੰ ਪੁਲਸ ਮੁਲਾਜ਼ਮ ਨੇ ਜੜਿਆ ਥੱਪੜ, ਵੀਡੀਓ ਹੋਈ ਵਾਇਰਲ

ਜਲੰਧਰ (ਸੋਨੂੰ)- ਜਲੰਧਰ ਵਿੱਚ ਇਕ ਪੁਲਸ ਮੁਲਾਜ਼ਮ ਵੱਲੋਂ ਇਕ ਆਟੋ ਚਾਲਕ ਨੂੰ ਥੱਪੜ ਮਾਰਨ ਦੀ ਵੀਡੀਓ ਸਾਹਮਣੇ ਆਈ ਹੈ ਅਤੇ ਸਥਾਨਕ ਥਾਣੇ ਦੀ ਟ੍ਰੈਫਿਕ ਪੁਲਸ ਆਟੋ ਦੇ ਸਵਾਰੀਆਂ ਨੂੰ ਜ਼ਬਰਦਸਤੀ ਹੇਠਾਂ ਉਤਾਰ ਰਹੀ ਹੈ। ਦੂਜੇ ਪਾਸੇ ਜਦੋਂ ਪੁਲਸ ਕਮਿਸ਼ਨਰ ਨੂੰ ਇਸ ਘਟਨਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਜਵਾਬ ਹੈਰਾਨੀਜਨਕ ਸੀ, ਉਨ੍ਹਾਂ ਕਿਹਾ ਕਿ ਪੁਲਸ ਇਹ ਸਭ ਜਨਤਾ ਲਈ ਕਰ ਰਹੀ ਹੈ |

PunjabKesari

ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੇ ਭਗਵਾਨ ਵਾਲਮੀਕਿ ਚੌਂਕ (ਜੋਤੀ ਚੌਂਕ) ਵਿੱਚ ਅੱਜ ਸਵੇਰੇ ਇਕ ਪੁਲਸ ਮੁਲਾਜ਼ਮ ਵੱਲੋਂ ਇਕ ਆਟੋ ਚਾਲਕ ਨੂੰ ਸਮਝਾਉਣ ਦੀ ਬਜਾਏ ਥੱਪੜ ਮਾਰ ਦਿੱਤਾ ਗਿਆ। ਇਥੋਂ ਤੱਕ ਕਿ ਆਟੋ ਵਿੱਚ ਬੈਠੀਆਂ ਸਵਾਰੀਆਂ ਨੂੰ ਵੀ ਪੁਲਸ ਮੁਲਾਜ਼ਮਾਂ ਨੇ ਜਬਰੀ ਹੇਠਾਂ ਉਤਾਰਿਆ। ਉਂਝ ਭਗਵਾਨ ਵਾਲਮੀਕਿ ਚੌਂਕ ਕਾਫ਼ੀ ਭੀੜ ਵਾਲਾ ਇਲਾਕਾ ਹੈ। ਇਥੇ ਆਟੋ ਵਾਲਿਆਂ ਦੀ ਐਂਟਰੀ ਨੂੰ ਬੰਦ ਕਰ ਦਿੱਤਾ ਗਿਆ ਹੈ ਪਰ ਜੇਕਰ ਕੁਝ ਆਟੋ ਚਾਲਕਾਂ ਨੂੰ ਇਹ ਗੱਲ ਨਹੀਂ ਪਤਾ ਤਾਂ ਉਨ੍ਹਾਂ ਨੂੰ ਸਮਝਾਉਣ ਦੀ ਬਜਾਏ ਪੰਜਾਬ ਪੁਲਸ ਦੇ ਜਵਾਨ ਕੁੱਟਮਾਰ ਲਈ ਤਿਆਰ ਹੋ ਜਾਂਦੇ ਹਨ।

ਇਹ ਵੀ ਪੜ੍ਹੋ : ਬਠਿੰਡਾ ਦੇ ਭਾਜਪਾ ਆਗੂ ਸਰੂਪ ਚੰਦ ਸਿੰਗਲਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

PunjabKesari

ਇਸ ਘਟਨਾ ਸਬੰਧੀ ਜਲੰਧਰ ਦੇ ਪੁਲਸ ਕਮਿਸ਼ਨਰ ਨੂੰ ਸਵਾਲ ਕਰਨ 'ਤੇ ਉਨ੍ਹਾਂ ਕਿਹਾ ਕਿ ਪੁਲਸ ਇਹ ਸਾਰਾ ਕੰਮ ਜਨਤਾ ਲਈ ਕਰ ਰਹੀ ਹੈ | ਕਮਿਸ਼ਨਰ ਵਾਰ-ਵਾਰ ਇਹ ਕਹਿੰਦੇ ਹੋਏ ਨਜ਼ਰ ਆਏ ਕਿ ਪੁਲਸ ਮੁਲਾਜ਼ਮ ਜਨਤਾ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ 'ਚ ਲੱਗੇ ਹੋਏ ਹਨ। ਹਾਲਾਂਕਿ ਬਾਅਦ 'ਚ ਕਿਹਾ ਗਿਆ ਕਿ ਏ. ਸੀ. ਪੀ. ਸੈਂਟਰ ਨਿਰਮਲ ਸਿੰਘ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਤੋਂ ਰਿਪੋਰਟ ਮੰਗੀ ਗਈ ਹੈ, ਜਿਸ 'ਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |

PunjabKesari

ਜ਼ਿਕਰਯੋਗ ਹੈ ਕਿ ਟਰੈਫਿਕ ਪੁਲਸ ਨੇ 19 ਜਨਵਰੀ ਤੋਂ ਅਗਲੇ ਹੁਕਮਾਂ ਤੱਕ ਸ਼੍ਰੀ ਰਾਮ ਚੌਂਕ ਤੋਂ ਲੈ ਕੇ ਭਗਵਾਨ ਵਾਲਮੀਕਿ ਚੌਂਕ ਅਤੇ ਬਸਤੀ ਅੱਡਾ ਚੌਂਕ ਤੱਕ ਦੀ ਰੋਡ ਨੂੰ ‘ਨੋ ਆਟੋ ਜ਼ੋਨ’ ਐਲਾਨ ਦਿੱਤਾ ਹੈ। ਇਨ੍ਹਾਂ ਹੁਕਮਾਂ ਦੀ ਕਾਫ਼ੀ ਪਹਿਲਾਂ ਤੋਂ ਲੋੜ ਸੀ ਕਿਉਂਕਿ ਇਸ ਰੋਡ ’ਤੇ ਆਟੋਜ਼ ਅਤੇ ਈ-ਰਿਕਸ਼ਾ ਕਾਰਨ ਕਾਫ਼ੀ ਜਾਮ ਲੱਗਾ ਰਹਿੰਦਾ ਸੀ, ਜਿਸ ਕਾਰਨ ਸਿਵਲ ਹਸਪਤਾਲ ਵਿਚ ਆਉਣ-ਜਾਣ ਵਾਲੀ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਕਾਫ਼ੀ ਸਮੇਂ ਤੱਕ ਜਾਮ ਵਿਚ ਫਸਣਾ ਪੈਂਦਾ ਸੀ। ਏ. ਡੀ. ਸੀ. ਪੀ. ਟਰੈਫਿਕ ਕੰਵਲਪ੍ਰੀਤ ਿਸੰਘ ਚਾਹਲ ਅਤੇ ਏ. ਸੀ. ਪੀ. ਟਰੈਫਿਕ ਪ੍ਰੀਤ ਕੰਵਲਜੀਤ ਸਿੰਘ ਨੇ ਆਟੋ ਅਤੇ ਈ-ਰਿਕਸ਼ਾ ਯੂਨੀਅਨ ਦੇ ਅਹੁਦੇਦਾਰਾਂ ਨੂੰ ਮੀਟਿੰਗ ਲਈ ਬੁਲਾਇਆ ਅਤੇ ਸਿਵਲ ਹਸਪਤਾਲ ਦੇ ਬਾਹਰ ਗਲਤ ਢੰਗ ਨਾਲ ਖੜ੍ਹੇ ਹੋਣ ਵਾਲੇ ਆਟੋਜ਼ ਅਤੇ ਈ-ਰਿਕਸ਼ਾ ਕਾਰਨ ਜਾਮ ਲੱਗਣ ਦੀ ਗੱਲ ਕਹੀ। ਇਸੇ ਤਰ੍ਹਾਂ ਅਧਿਕਾਰੀਆਂ ਨੇ ਕਿਹਾ ਕਿ ਆਟੋ ਅਤੇ ਈ-ਰਿਕਸ਼ਾ ਵਾਲੇ ਆਪਣੀ ਮਨਮਰਜ਼ੀ ਨਾਲ ਕਿਤੇ ਵੀ ਆਟੋ ਅਤੇ ਈ-ਰਿਕਸ਼ਾ ਖੜ੍ਹੇ ਕਰਕੇ ਸਵਾਰੀਆਂ ਉਤਾਰਦੇ ਅਤੇ ਬਿਠਾਉਂਦੇ ਹਨ, ਜਿਸ ਨਾਲ ਸ਼ਹਿਰ ਦੀ ਟਰੈਫਿਕ ਵਿਵਸਥਾ ਵਿਗੜੀ ਹੋਈ ਹੈ।

ਇਹ ਵੀ ਪੜ੍ਹੋ : ‘ਨੋ ਆਟੋ ਜ਼ੋਨ’ ਦੇ ਪਹਿਲੇ ਦਿਨ ਹੀ ਜਲੰਧਰ ਪੁਲਸ ਦੀ ਦਿਸੀ ਸਖ਼ਤੀ, 90 ਆਟੋ ਤੇ ਈ-ਰਿਕਸ਼ਾ ਵਾਲਿਆਂ ਦੇ ਕੱਟੇ ਚਲਾਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News