ਅਣਪਛਾਤੇ ਵਾਹਨ ਦੀ ਟੱਕਰ ਨਾਲ ਆਟੋ ਪਲਟਿਆ, 10 ਜ਼ਖਮੀ
Saturday, Aug 25, 2018 - 01:08 AM (IST)

ਬਲਾਚੌਰ/ਮਜਾਰੀ (ਕਟਾਰੀਆ/ਕਿਰਨ)—ਚੰਡੀਗੜ੍ਹ ਹੁਸ਼ਿਆਰਪੁਰ ਮੁੱਖ ਮਾਰਗ ’ਤੇ ਕਸਬਾ ਧਮਾਈ ਮਜਾਰੀ ਨਜ਼ਦੀਕ ਇਕ ਆਟੋ ਰਿਕਸ਼ਾ ਨਾਲ ਕਿਸੇ ਅਣਪਛਾਤੇ ਵਾਹਨ ਦੀ ਟੱਕਰ ਹੋਣ ਕਾਰਨ 10 ਵਿਅਕਤੀ ਗੰਭੀਰ ਜ਼ਖਮੀ ਹੋ ਗਏ।
ਜਾਣਕਾਰੀ ਅਨੁਸਾਰ ਆਟੋ ਰਿਕਸ਼ਾ ਪਿੰਡ ਮਾਣੇਵਾਲ ਤੋਂ ਗੜ੍ਹਸ਼ੰਕਰ ਵੱਲ ਸਵਾਰੀਅਾਂ ਲੈ ਕੇ ਜਾ ਰਿਹਾ ਸੀ, ਜਿਸ ਨੂੰ ਪਿੱਛੀਓਂ ਆ ਰਹੀ ਕਿਸੇ ਤੇਜ਼ ਰਫਤਾਰ ਵਾਹਨ ਨੇ ਟੱਕਰ ਮਾਰੀ, ਜਿਸ ਨਾਲ ਬੇਕਾਬੂ ਹੋਇਆ ਆਟੋ ਬਸਤੀ ਨੇੜੇ ਸੜਕ ’ਤੇ ਸਾਈਡ ’ਤੇ ਖੜੀ ਇਕ ਮਰੂਤੀ ਕਾਰ ’ਚ ਜਾ ਵੱਜਾ ਤੇ ਪਲਟ ਗਿਆ। ਹਾਦਸੇ ’ਚ ਨੀਲਮ ਰਾਣੀ (40), ਅਮਰ ਕੌਰ (70), ਬਲਵੀਰ ਕੌਰ (60), ਸੁਨੀਤਾ (40), ਕਮਲਜੀਤ (35), ਕ੍ਰਿਸ਼ਨਾ (60), ਮੋਹਨ ਲਾਲ (65), ਅਜੇ ਕੁਮਾਰ (17) ਵਾਸੀ ਸਮੁੰਦੜਾ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਮੌਕੇ ’ਤੇ ਪੁੱਜੀ ਪੁਲਸ ਨੇ ਲੋਕਾਂ ਦੀ ਸਹਾਇਤਾ ਨਾਲ ਗੜ੍ਹਸ਼ੰਕਰ ਸਿਵਲ ਹਸਪਤਾਲ ਦਾਖਲ ਕਰਵਾਇਆ। ਆਟੋ ਰਿਕਸ਼ਾ ਨੂੰ ਟੱਕਰ ਮਾਰਨ ਵਾਲੇ ਵਾਹਨ ਦਾ ਅਜੇ ਕੋਈ ਪਤਾ ਨਹੀਂ ਲੱਗਾ। ਉਧਰ, ਡੀ. ਐੱਸ. ਪੀ. ਰਾਜ ਕੁਮਾਰ ਨੇ ਕਿਹਾ ਕਿ ਅਣਪਛਾਤੇ ਵਾਹਨ ਦੀ ਭਾਲ ਜਾਰੀ ਹੈ।