ਚਾਚੀ ਨੇ ਕੀਤੀ ਵੱਡੀ ਵਾਰਦਾਤ, ਵੱਢ ਦਿੱਤੀਆਂ ਭਤੀਜੀ ਦੀਆਂ ਨਸਾਂ

01/22/2018 6:49:42 PM

ਕੋਟਕਪੂਰਾ (ਨਰਿੰਦਰ, ਭਾਵਿਤ) : ਘਰੇਲੂ ਲੜਾਈ-ਝਗੜੇ ਤੋਂ ਵੱਧਦੀ ਹੋਈ ਤਕਰਾਰ ਇੰਨੀ ਸਿਖਰ 'ਤੇ ਪੁੱਜ ਗਈ ਕਿ ਨੌਬਤ ਮਾਸੂਮ ਲੜਕੀ ਦੀ ਬਲੀ ਲੈਣ ਤੱਕ ਪਹੁੰਚ ਗਈ। ਪੀੜਤ ਲੜਕੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਹੈ, ਜਦਕਿ ਮਾਸੂਮ ਪੀੜਤ ਦੀ ਚਾਚੀ ਖਿਲਾਫ ਸਥਾਨਕ ਸਿਟੀ ਥਾਣੇ ਦੀ ਪੁਲਸ ਨੇ ਇਰਾਦਾ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਹਿਰਾਸਤ 'ਚ ਲੈ ਲਿਆ ਹੈ। ਸਥਾਨਕ ਡੀ. ਐਸ. ਪੀ. ਦਫਤਰ ਕੋਟਕਪੂਰਾ ਵਿਖੇ ਬੁਲਾਈ ਪ੍ਰੈਸ ਕਾਨਫਰੰਸ ਦੌਰਾਨ ਮਨਵਿੰਦਰਬੀਰ ਸਿੰਘ ਡੀ. ਐੱਸ. ਪੀ. ਅਤੇ ਸਿਟੀ ਥਾਣੇ ਦੇ ਐੱਸ. ਐੱਚ. ਓ. ਕੇ. ਸੀ. ਪਰਾਸ਼ਰ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਵਾਸੀ ਕੋਟਕਪੂਰਾ ਦੇ ਬਿਆਨਾਂ ਦੇ ਆਧਾਰ 'ਤੇ ਹਰਪ੍ਰੀਤ ਕੌਰ ਖਿਲਾਫ ਆਈ. ਪੀ. ਸੀ ਦੀ ਧਾਰਾ 307 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮਨਪ੍ਰੀਤ ਸਿੰਘ ਨੇ ਦੋਸ਼ ਲਾਇਆ ਕਿ ਉਸ ਦੇ ਛੋਟੇ ਭਰਾ ਅਮਨਪ੍ਰੀਤ ਦੀ ਪਤਨੀ ਹਰਪ੍ਰੀਤ ਕੌਰ ਨੇ ਉਸ ਦੀ 9 ਸਾਲਾਂ ਬੇਟੀ ਖੁਸ਼ਪ੍ਰੀਤ ਕੌਰ ਨੂੰ ਮਾਰਨ ਦੀ ਨੀਅਤ ਨਾਲ ਉਸ ਦੀ ਬਾਂਹ ਦੀਆਂ ਨਸਾਂ ਕੱਟ ਦਿੱਤੀਆਂ। ਸ਼ਿਕਾਇਤ ਕਰਤਾ ਅਨੁਸਾਰ ਪਿਛਲੇ ਦਿਨੀਂ 17 ਜਨਵਰੀ ਨੂੰ ਸਵੇਰੇ ਕਰੀਬ ਸਾਢੇ 10 ਵਜੇ ਉਸ ਦੀ ਬੇਟੀ ਖੁਸ਼ਪ੍ਰੀਤ ਕੌਰ ਆਪਣੀਆਂ ਸਾਥਣਾਂ ਜੈਸਮੀਨ ਅਤੇ ਕਾਲੋ ਨਾਲ ਖੇਡ ਰਹੀ ਸੀ ਕਿ ਹਰਪ੍ਰੀਤ ਕੌਰ ਨੇ ਜੈਸਮੀਨ ਨੂੰ ਦੁਕਾਨ ਕੁੱਝ ਲੈਣ ਭੇਜ ਦਿੱਤਾ ਅਤੇ ਮਾਰ ਦੇਣ ਦੀ ਨੀਅਤ ਨਾਲ ਪਹਿਲਾਂ ਖੁਸ਼ਪ੍ਰੀਤ ਦੇ ਹੱਥ-ਪੈਰ ਅਤੇ ਮੂੰਹ ਬੰਨ੍ਹ ਕੇ ਉਸ ਨੂੰ ਬੌਕਸ ਬੈੱਡ 'ਚ ਬੰਦ ਕਰ ਦਿੱਤਾ, ਕੁਝ ਸਮੇਂ ਬਾਅਦ ਉਸਨੂੰ ਬੈੱਡ 'ਚੋਂ ਕੱਢ ਕੇ ਮਕਾਨ ਦੀ ਰਸੋਈ 'ਚ ਲਿਜਾ ਕੇ ਪਹਿਲਾਂ ਗਰਦਨ ਘੁੱਟਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਕਰਦ ਨਾਲ ਖੱਬੀ ਬਾਂਹ ਦੀਆਂ ਨਸਾਂ ਗੁੱਟ ਨੇੜਿਓ ਕੱਟ ਦਿੱਤੀਆਂ, ਖੁਸ਼ਪ੍ਰੀਤ ਤੜਫਦੀ ਰਹੀ ਅਤੇ ਤਕਲੀਫ ਨਾ ਸਹਾਰਦਿਆਂ ਆਖਰ ਤੜਫ-ਤੜਫ ਕੇ ਬੇਹੋਸ਼ ਹੋ ਗਈ।
ਵਜ੍ਹਾ ਰੰਜਿਸ਼ ਇਹ ਹੈ ਕਿ ਉਸ ਦੀ ਭਰਜਾਈ ਹਰਪ੍ਰੀਤ ਕੌਰ ਦੇ ਕੋਈ ਔਲਾਦ ਨਹੀਂ ਅਤੇ ਉਹ ਅਕਸਰ ਖੁਸ਼ਪ੍ਰੀਤ ਨੂੰ ਮਾਰ ਦੇਣ ਦੀਆਂ ਧਮਕੀਆਂ ਦਿੰਦੀ ਰਹਿੰਦੀ ਸੀ। ਤਫਤੀਸ਼ੀ ਅਫਸਰ ਏ.ਐਸ.ਆਈ ਗੁਰਜੰਟ ਸਿੰਘ ਨੇ ਦੱਸਿਆ ਕਿ ਜੇਰੇ ਇਲਾਜ ਖੁਸ਼ਪ੍ਰੀਤ ਕੌਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਹਰਪ੍ਰੀਤ ਕੌਰ ਨੂੰ ਕਾਬੂ ਕਰਕੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ।


Related News