ਵੱਡੀ ਵਾਰਦਾਤ: ਘਰ 'ਚ ਸੌਂ ਰਹੇ ਰੇਲਵੇ ਕਰਮਚਾਰੀ ਦਾ ਗਲਾ ਵੱਢ ਕਰ 'ਤਾ ਕਤਲ
Thursday, May 30, 2024 - 09:47 PM (IST)

ਕੋਟਾ — ਰਾਜਸਥਾਨ ਦੇ ਕੋਟਾ ਸ਼ਹਿਰ 'ਚ ਇਕ 35 ਸਾਲਾ ਵਿਅਕਤੀ ਦਾ ਘਰ 'ਚ ਸੌਂਦੇ ਸਮੇਂ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਇਹ ਘਟਨਾ ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ ਰੇਲਵੇ ਕਾਲੋਨੀ ਇਲਾਕੇ 'ਚ ਵਾਪਰੀ।
ਉਪ ਪੁਲਸ ਕਪਤਾਨ ਰਾਜੇਸ਼ ਸੋਨੀ ਨੇ ਦੱਸਿਆ ਕਿ ਸ਼ੰਭੂ ਕੁਮਾਰ ਰੇਲਵੇ ਦੇ ਮਕੈਨੀਕਲ ਡਵੀਜ਼ਨ ਵਿੱਚ ਕੰਮ ਕਰਦਾ ਸੀ ਅਤੇ ਆਪਣੇ ਸੱਤ ਸਾਲਾ ਪੁੱਤਰ ਨਾਲ ਸੌਂ ਰਿਹਾ ਸੀ ਜਦੋਂ ਮੁਲਜ਼ਮ ਪਿਛਲੇ ਦਰਵਾਜ਼ੇ ਤੋਂ ਉਸ ਦੇ ਘਰ ਵਿੱਚ ਦਾਖ਼ਲ ਹੋਇਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰ ਨਾਲ ਕੁਮਾਰ ਦਾ ਗਲਾ ਦੋ ਵਾਰ ਵੱਢ ਦਿੱਤਾ। ਸੋਨੀ ਨੇ ਦੱਸਿਆ ਕਿ ਕੁਮਾਰ ਦੀ ਪਤਨੀ ਅਤੇ ਛੋਟਾ ਬੇਟਾ ਇੱਕੋ ਕਮਰੇ ਵਿੱਚ ਸੌਂ ਰਹੇ ਸਨ ਅਤੇ ਪਤਨੀ ਨੇ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਭੱਜਣ ਵਿੱਚ ਕਾਮਯਾਬ ਹੋ ਗਏ। ਉਨ੍ਹਾਂ ਦੱਸਿਆ ਕਿ ਕੁਮਾਰ ਨੂੰ ਹਸਪਤਾਲ ਲਿਜਾਇਆ ਗਿਆ ਪਰ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਐਮਬੀਐਸ ਹਸਪਤਾਲ ਰੈਫਰ ਕਰ ਦਿੱਤਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ।
ਸੋਨੀ ਨੇ ਦੱਸਿਆ ਕਿ ਕੁਮਾਰ ਦੀ ਪਤਨੀ ਨੇ ਪੁਲਸ ਨੂੰ ਦੱਸਿਆ ਹੈ ਕਿ ਕਾਲੇ ਕੱਪੜਿਆਂ ਵਾਲੇ ਦੋ ਵਿਅਕਤੀਆਂ ਨੇ ਉਸ ਦੇ ਪਤੀ ਦਾ ਕਤਲ ਕੀਤਾ ਹੈ। ਉਸ ਨੇ ਦੱਸਿਆ ਕਿ ਉਸ ਦੀ ਪਤਨੀ ਅਨੁਸਾਰ ਕੁਮਾਰ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਅਤੇ ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਉਸ ਨੂੰ ਤਰਸ ਦੇ ਆਧਾਰ 'ਤੇ ਰੇਲਵੇ ਵਿੱਚ ਨੌਕਰੀ ਮਿਲੀ ਸੀ। ਪੁਲਸ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਪੁਲਸ ਵੱਲੋਂ ਕਤਲ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e