ਜੀਜੇ 'ਤੇ ਪਿਸਤੋਲ ਤਾਣ ਬੱਚਾ ਅਗਵਾ ਕਰਨ ਦੀ ਕੀਤੀ ਕੋਸ਼ਿਸ਼

Sunday, Jun 28, 2020 - 10:21 PM (IST)

ਜੀਜੇ 'ਤੇ ਪਿਸਤੋਲ ਤਾਣ ਬੱਚਾ ਅਗਵਾ ਕਰਨ ਦੀ ਕੀਤੀ ਕੋਸ਼ਿਸ਼

ਅੰਮ੍ਰਿਤਸਰ, (ਛੀਨਾ)- ਪਿਓ 'ਤੇ ਪਸਤੋਲ ਤਾਣ ਕੇ ਉਸ ਦੇ 5 ਸਾਲਾ ਬੱਚੇ ਨੂੰ ਦਿਨ ਦਿਹਾੜੇ ਜਬਰੀ ਅਗਵਾ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਮਣੇ ਆਇਆ ਹੈ। ਇਸ ਸਬੰਧ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੰਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਕੋਟ ਆਤਮਾ ਰਾਮ ਨੇ ਦੋਸ਼ ਲਗਾਉਦਿਆਂ ਕਿਹਾ ਕਿ ਉਹ ਆਪਣੇ 5 ਸਾਲਾ ਪੁੱਤਰ ਜਸਨੂਰ ਸਿੰਘ ਨਾਲ ਕੱਲ ਗੁ. ਸ਼ਹੀਦਗੰਜ ਸਾਹਿਬ ਵਿਖੇ ਦਰਸ਼ਨ ਕਰਨ ਲਈ ਗਿਆ ਸੀ ਤੇ ਜਦੋਂ ਮੱਥਾ ਟੇਕ ਕੇ ਅਸੀਂ ਦੋਵੇਂ ਬਾਹਰ ਸੜਕ 'ਤੇ ਆਏ ਤਾਂ ਉਥੇ ਆਪਣੇ ਸਾਥੀਆ ਨਾਲ ਮੋਜੂਦ ਜਗਜੀਤ ਸਿੰਘ ਪੁੱਤਰ ਜਸਬੀਰ ਸਿੰਘ ਨਿਜਾਮਪੁਰਾ ਨੇ ਮੇਰੇ 'ਤੇ ਪਸਤੋਲ ਤਾਣ ਕੇ ਜਬਰੀ ਜਸਨੂਰ ਸਿੰਘ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਤੇ ਮੇਰੇ ਹੱਥਾਂ 'ਚੋਂ ਜਸਨੂਰ ਨੂੰ ਜਬਰੀ ਖੋਹਣ ਵੇਲੇ ਜਸਨੂਰ ਸੜਕ 'ਤੇ ਡਿੱਗ ਕੇ ਜਖਮੀ ਵੀ ਹੋ ਗਿਆ। ਸੰਦੀਪ ਸਿੰਘ ਨੇ ਕਿਹਾ ਕਿ ਮੈ ਆਪਣੇ ਪੁੱਤਰ ਨੂੰ ਉਕਤ ਵਿਅਕਤੀਆ ਦੇ ਚੁੰਗਲ 'ਚੋਂ ਬੜੀ ਮੁਸ਼ਕਲ ਨਾਲ ਬਚਾ ਕੇ ਜਦੋਂ ਘਰ ਪੁੱਜਾ ਤਾਂ ਸਾਰੀ ਘਟਨਾ ਦੇ ਬਾਰੇ 'ਚ ਕੰਟਰੋਲ ਰੂਮ 'ਤੇ ਫੋਨ ਕਰਕੇ ਪੁਲਸ ਨੂੰ ਜਾਣਕਾਰੀ ਦਿਤੀ ਅਤੇ ਚੰਦ ਮਿੰਟਾ 'ਚ ਹੀ ਪੀ.ਸੀ.ਆਰ.ਮੁਲਾਜਮ ਸਾਡੇ ਘਰ ਪਹੁੰਚ ਗਏ ਜਿੰਨਾ ਨਾਲ ਗੱਲਬਾਤ ਕਰਨ ਤੋਂ ਬਾਅਦ ਉਕਤ ਵਿਅਕਤੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਵਾਸਤੇ ਪੁਲਸ ਥਾਣਾ ਬੀ.ਡਵੀਜਨ ਵਿਖੇ ਸ਼ਿਕਾਇਤ ਵੀ ਦਿਤੀ। ਇਸ ਸਬੰਧ 'ਚ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਸੰਦੀਪ ਸਿੰਘ ਨੇ ਦੱਸਿਆ ਕਿ ਅਕਤੂਬਰ 2013 'ਚ ਉਸ ਦਾ ਹਰਪ੍ਰੀਤ ਕੌਰ ਪੁੱਤਰੀ ਜਸਬੀਰ ਸਿੰਘ ਨਿਜਾਮਪੁਰਾ ਨਾਲ ਵਿਆਹ ਹੋਇਆ ਸੀ ਤੇ ਉਨਾ ਦਾ ਇਕ 5 ਸਾਲ ਦਾ ਬੇਟਾ ਜਸਨੂਰ ਹੈ, ਵਿਆਹ ਦੇ ਕਰੀਬ 6 ਸਾਲ ਬਾਅਦ ਸਾਡੇ ਦੋਵਾਂ ਪਤੀ ਪਤਨੀ 'ਚ ਅਣਬਣ ਰਹਿਣ ਲੱਗ ਪਈ ਜਿਸ ਕਾਰਨ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਵੱਖ ਹੋਣ ਵਾਸਤੇ ਤਲਾਕ ਲਈ ਅਦਾਲਤ 'ਚ ਕੇਸ ਵੀ ਦਾਇਰ ਕਰ ਦਿਤਾ ਗਿਆ ਹੈ ਜਿਥੇ ਲੜਕੀ ਧਿਰ ਨੇ ਬੇਟੇ ਜਸਨੂਰ ਦੀ ਕਸਟੱਡੀ ਆਪਣੀ ਸਹਿਮਤੀ ਨਾਲ (ਪਿਤਾ ਸੰਦੀਪ ਸਿੰਘ) ਮੇਰੇ ਕੋਲ ਰਹਿਣ ਦੇ ਬਿਆਨ ਵੀ ਦਿਤੇ ਹਨ ਪਰ ਕੱਲ ਮੇਰੀ ਪਤਨੀ ਦੇ ਭਰਾ ਜਗਜੀਤ ਸਿੰਘ ਨੇ ਮੇਰੇ ਬੇਟੇ ਨੂੰ ਪਸਤੋਲ ਦੀ ਨੋਕ 'ਤੇ ਕਿਉ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਗੱਲ ਅਜੇ ਵੀ ਮੇਰੀ ਸਮਝ ਤੋਂ ਬਾਹਰ ਹੈ। ਸੰਦੀਪ ਸਿੰਘ ਨੇ ਪੁਲਸ ਦੇ ਉਚ ਅਧਿਕਾਰੀਆ ਤੋਂ ਇਨਸਾਫ ਦੀ ਗੁਹਾਰ ਲਗਾਉਦਿਆਂ ਮੰਗ ਕੀਤੀ ਮੇਰੇ ਬੇਟੇ ਨੂੰ ਜਬਰੀ ਅਗਵਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਮੇਰੇ ਸਾਲੇ ਜਗਜੀਤ ਸਿੰਘ ਤੇ ਉਸ ਦੇ ਸਾਥੀਆ ਖਿਲਾਫ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇ। ਉਨਾ ਅਖੀਰ 'ਚ ਆਖਿਆ ਕਿ ਭਵਿੱਖ 'ਚ ਜੇਕਰ ਮੇਰੇ ਬੇਟੇ ਜਾਂ ਫਿਰ ਮੇਰੇ ਪਰਿਵਾਰ ਦੇ ਕਿਸੇ ਵੀ ਮੈਂਬਰ ਦਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾਂ ਹੈ ਤਾਂ ਉਸ ਲਈ ਸਿੱਧੇ ਤੌਰ 'ਤੇ ਮੇਰਾ ਸੋਹਰਾ ਪਰਿਵਾਰ ਹੀ ਜਿੰਮੇਵਾਰ ਹੋਵੇਗਾ। 
ਨਿਜਾਮਪੁਰਾ ਨੇ ਦੋਸ਼ਾਂ ਨੂੰ ਨਿਕਾਰਿਆ
ਇਸ ਸਬੰਧ 'ਚ ਜਦੋਂ ਵਿਰੋਧੀ ਧਿਰ ਜਗਜੀਤ ਸਿੰਘ ਦੇ ਪਿਤਾ ਜਸਬੀਰ ਸਿੰਘ ਨਿਜਾਮਪੁਰਾ ਨਾਲ ਸੰਪਰਕ ਕੀਤਾ ਗਿਆ ਤਾਂ ਉਨਾ ਨੇ ਸੰਦੀਪ ਸਿੰਘ ਵੱਲੋਂ ਜਗਜੀਤ ਸਿੰਘ 'ਤੇ ਜਸਨੂਰ ਨੂੰ ਪਸਤੋਲ ਦੀ ਨੋਕ 'ਤੇ ਅਗਵਾ ਕਰਨ ਦੇ ਲਗਾਏ ਗਏ ਸਾਰੇ ਦੋਸ਼ਾਂ ਨੂੰ ਗਲਤ ਕਰਾਰ ਦਿੰਦਿਆਂ ਆਖਿਆ ਕਿ ਕੱਲ ਜਦੋਂ ਜਗਜੀਤ ਸਿੰਘ ਗੁ.ਸ਼ਹੀਦਗੰਜ ਸਾਹਿਬ ਵਿਖੇ ਮੱਥਾ ਟੇਕਣ ਲਈ ਗਿਆ ਸੀ ਤਾਂ ਉਥੇ ਭੈਣ ਹਰਪ੍ਰੀਤ ਕੌਰ ਦਾ ਪੁੱਤਰ ਜਸਨੂਰ ਨਜ਼ਰ ਆਉਣ 'ਤੇ ਜਗਜੀਤ ਨੇ ਉਸ ਨੂੰ ਅੱਗੇ ਵੱਧ ਕੇ ਪਿਆਰ ਦੇਣ ਦਾ ਯਤਨ ਕੀਤਾ ਸੀ ਪਰ ਸੰਦੀਪ ਨੇ ਜਗਜੀਤ ਨੂੰ ਮਨਾ ਕਰ ਦਿਤਾ ਜਿਸ ਤੋਂ ਬਾਅਦ ਜਗਜੀਤ ਸਿੰਘ ਉਥੋਂ ਚੁੱਪਚਾਪ ਵਾਪਸ ਘਰ ਆ ਗਿਆ। ਉਨਾ ਕਿਹਾ ਕਿ ਸੰਦੀਪ ਸਿੰਘ ਇਕ ਸਾਜਿਸ਼ ਤਹਿਤ ਮੇਰੇ ਪੁੱਤਰ ਜਗਜੀਤ ਸਿੰਘ ਨੂੰ ਫਸਾਉਣ ਲਈ ਝੂਠੇ ਦੋਸ਼ ਲਗਾ ਰਿਹਾ ਹੈ ਜਿੰਨਾ 'ਚ ਕੋਈ ਵੀ ਸਚਾਈ ਨਹੀ ਹੈ। ਇਸ ਸਬੰਧ 'ਚ ਜਦੋਂ ਪੁਲਸ ਥਾਣਾ.ਬੀ.ਡਵੀਜਨ ਦੇ ਐਸ.ਐਚ.ਓ.ਗੁਰਵਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨਾ ਕਿਹਾ ਕਿ ਸੰਦੀਪ ਸਿੰਘ ਦਾ ਆਪਣੀ ਪਤਨੀ ਹਰਪ੍ਰੀਤ ਕੌਰ ਨਾਲ ਅਦਾਲਤ 'ਚ ਤਲਾਕ ਦਾ ਕੇਸ ਚੱਲ ਰਿਹਾ ਹੈ ਜਿਸ ਵੱਲੋਂ ਆਪਣੇ ਸਾਲੇ ਜਗਜੀਤ ਸਿੰਘ ਤੇ ਉਸ ਦੇ ਸਾਥੀਆਂ ਖਿਲਾਫ ਪਿਸਤੋਲ ਦੀ ਨੋਕ 'ਤੇ ਜਬਰੀ ਬੱਚਾ ਅਗਵਾ ਕਰਨ ਦੀ ਕੋਸ਼ਿਸ਼ ਦੀ ਸ਼ਿਕਾਇਤ ਦਿਤੀ ਗਈ ਹੈ ਜਿਸ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨਾ ਕਿਹਾ ਕਿ ਇਸ ਜਾਂਚ 'ਚ ਜਿਹੜਾ ਵੀ ਵਿਅਕਤੀ ਦੋਸ਼ੀ ਸਾਬਤ ਹੋਵੇਗਾ ਉਸ ਦੇ ਖਿਲਾਫ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰ ਦਿਤੀ ਜਾਵੇਗੀ। 


author

Bharat Thapa

Content Editor

Related News