ਕਿਸਾਨ ਵੱਲੋਂ ਫਾਹ ਲਾ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼
Saturday, May 05, 2018 - 06:56 AM (IST)

ਤਰਨਤਾਰਨ, (ਰਾਜੂ, ਰਮਨ)- ਜ਼ਿਲੇ ਦੇ ਪਿੰਡ ਬਾਕੀਪੁਰ ਨਿਵਾਸੀ ਕਿਸਾਨ ਭਰਾਵਾਂ ਨੇ ਸਾਲ 2005 'ਚ ਗੋਦਾਮ ਬਣਾਉਣ ਲਈ ਬੈਂਕ ਕੋਲੋਂ 3 ਲੱਖ ਰੁਪਏ ਦਾ ਕਰਜ਼ਾ ਲੈ ਲਿਆ ਸੀ ਪਰ ਇਕ ਵੀ ਕਿਸ਼ਤ ਬੈਂਕ ਨੂੰ ਅਦਾ ਨਹੀਂ ਕੀਤੀ, ਜਿਸ ਕਾਰਨ ਕਰਜ਼ਾ ਵਧਦਾ ਗਿਆ ਅਤੇ ਜੁਰਮਾਨਾ ਲੱਗਦਾ ਗਿਆ। ਜਦੋਂ ਸ਼ੁੱਕਰਵਾਰ ਨੂੰ ਬੈਂਕ ਦੇ ਅਧਿਕਾਰੀਆਂ ਦੀ ਟੀਮ ਨੇ ਸਰਕਾਰੀ ਸਕੂਲ ਬਾਕੀਪੁਰ 'ਚ ਜਾ ਕੇ ਉਕਤ ਕਿਸਾਨਾਂ ਦੀ ਜ਼ਮੀਨ ਦੀ ਨੀਲਾਮੀ ਦੀ ਕਾਰਵਾਈ ਸ਼ੁਰੂ ਕੀਤੀ ਤਾਂ ਮੌਕੇ ਉੱਤੇ ਕੋਈ ਵੀ ਬੋਲੀਕਾਰ ਬੋਲੀ ਦੇਣ ਨਹੀਂ ਆਇਆ।
ਇਸ ਪ੍ਰਕਿਰਿਆ ਨੂੰ ਵੇਖ ਮੌਕੇ 'ਤੇ ਇਕੱਠੇ ਹੋਏ ਕਿਸਾਨਾਂ ਨੇ ਗੁੱਸੇ 'ਚ ਬੈਂਕ ਕਰਮਚਾਰੀਆਂ ਦੀ ਟੀਮ ਨੂੰ ਸਰਕਾਰੀ ਸਕੂਲ ਦਾ ਗੇਟ ਬੰਦ ਕਰ ਕੇ 1 ਘੰਟੇ ਤੱਕ ਬੰਧਕ ਬਣਾਈ ਰੱਖਿਆ। ਇਸਦੇ ਬਾਅਦ ਬੈਂਕ ਟੀਮ ਦੇ ਸਾਹਮਣੇ ਉਕਤ ਜ਼ਮੀਨ ਦੇ ਮਾਲਕ ਨੇ ਸਰਕਾਰੀ ਸਕੂਲ ਦੇ ਗੇਟ ਨਾਲ ਫਾਹ ਲਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।
ਜਾਣਕਾਰੀ ਅਨੁਸਾਰ ਪਿੰਡ ਬਾਕੀਪੁਰ ਨਿਵਾਸੀ ਕਿਸਾਨ ਨਿਰਵੈਲ ਸਿੰਘ ਅਤੇ ਉਸਦੇ ਭਰਾ ਸੁਖਚੈਨ ਸਿੰਘ ਨੇ 17 ਜਨਵਰੀ 2005 'ਚ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ (ਪੀ. ਏ. ਡੀ. ਬੀ.) ਵੱਲੋਂ ਗੋਦਾਮ ਬਣਾਉਣ ਲਈ 3 ਲੱਖ ਦਾ ਕਰਜ਼ਾ ਲਿਆ ਸੀ। ਦੋਵਾਂ ਕਿਸਾਨ ਭਰਾਵਾਂ ਨੇ 13 ਸਾਲ ਦੌਰਾਨ ਬੈਂਕ ਨੂੰ ਕਰਜ਼ੇ ਦੀ ਇਕ ਵੀ ਕਿਸ਼ਤ ਦਾ ਭੁਗਤਾਨ ਨਹੀਂ ਕੀਤਾ। ਬੈਂਕ ਵੱਲੋਂ ਕਿਸਾਨ ਨਿਰਵੈਲ ਸਿੰਘ ਅਤੇ ਸੁਖਚੈਨ ਸਿੰਘ ਨੂੰ ਕਈ ਵਾਰ ਨੋਟਿਸ ਭੇਜੇ ਗਏ ਪਰ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ, ਜਿਸ ਤੋਂ ਬਾਅਦ ਪੰਜਾਬ ਸਟੇਟ ਕੋਆਪ੍ਰੇਟਿਵ ਐਗਰੀਕਲਚਰ ਡਿਵੈਲਪਮੈਂਟ ਬੈਂਕ ਐਕਟ 1957 ਦੇ ਤਹਿਤ ਸੇਲ ਅਧਿਕਾਰੀ ਜਤਿੰਦਰ ਕੁਮਾਰ, ਜ਼ਿਲਾ ਮੈਨੇਜਰ ਰਿਪੁਦਮਨ ਸਿੰਘ, ਬ੍ਰਾਂਚ ਮੈਨੇਜਰ ਵਰਿੰਦਰਪਾਲ ਸਿੰਘ ਮੈਣੀ, ਪੱਟੀ ਬ੍ਰਾਂਚ ਮੈਨੇਜਰ ਗੁਰਦੇਵ ਸਿੰਘ, ਭਿੱਖੀਵਿੰਡ ਬ੍ਰਾਂਚ ਮੈਨੇਜਰ ਹਰਜਿੰਦਰ ਸਿੰਘ, ਚੋਹਲਾ ਸਾਹਿਬ ਬ੍ਰਾਂਚ ਮੈਨੇਜਰ ਰਸ਼ਪਾਲ ਸਿੰਘ 'ਤੇ ਆਧਾਰਿਤ ਟੀਮ ਕਿਸਾਨ ਦੀ ਜ਼ਮੀਨ ਨੀਲਾਮ ਕਰਨ ਲਈ ਸ਼ੁੱਕਰਵਾਰ ਨੂੰ ਪਿੰਡ ਪਹੁੰਚੀ।
ਟੀਮ ਨੇ ਪਿੰਡ ਦੇ ਸਰਕਾਰੀ ਸਕੂਲ ਦੀ ਇਮਾਰਤ ਉੱਤੇ ਨੀਲਾਮੀ ਸਬੰਧੀ ਨੋਟਿਸ ਦੀ ਕਾਪੀ ਚਿਪਕਾ ਰੱਖੀ ਸੀ ਤਾਂ ਕਿ ਕੋਈ ਵੀ ਬੋਲੀਕਾਰ ਬੋਲੀ ਦੇ ਸਕੇ। ਜਦੋਂ ਬੈਂਕ ਟੀਮ ਨੇ ਬੋਲੀ ਦੀ ਕਾਰਵਾਈ ਸ਼ੁਰੂ ਕੀਤੀ ਤਾਂ ਨਿਰਵੈਲ ਸਿੰਘ ਡਾਲੇਕੇ ਨੇ ਬੈਂਕ ਟੀਮ ਦੇ ਸਾਹਮਣੇ ਸਰਕਾਰੀ ਸਕੂਲ ਦੇ ਗੇਟ ਉੱਤੇ ਗਲੇ 'ਚ ਕੱਪੜਾ ਪਾ ਫਾਹ ਲਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।
ਕੀ ਕਹਿੰਦੇ ਹੈ ਕਿਸਾਨ?
ਇਸ ਸਬੰਧੀ ਕਿਸਾਨ ਨੇਤਾ ਲਖਵਿੰਦਰ ਸਿੰਘ ਪਲਾਸੌਰ, ਸਲਵਿੰਦਰ ਸਿੰਘ ਜੀਊਬਾਲਾ, ਮੁਖਤਾਰ ਸਿੰਘ ਬਾਕੀਪੁਰ, ਅਨੂਪ ਸਿੰਘ ਚੁਤਾਲਾ, ਮੰਗਲ ਸਿੰਘ ਨੰਦਪੁਰ ਤੇ ਸਵਰਣ ਸਿੰਘ ਵਲੀਪੁਰ ਨੇ ਇਲਜ਼ਾਮ ਲਗਇਆ ਕਿ ਕੇਂਦਰ ਦੀ ਮੋਦੀ ਅਤੇ ਪੰਜਾਬ ਦੀ ਕੈਪਟਨ ਸਰਕਾਰ ਨੇ ਚੋਣ ਮੈਨੀਫੈਸਟੋ 'ਚ ਕਿਸਾਨਾਂ ਨਾਲ ਜੋ ਵਾਅਦੇ ਕੀਤੇ ਗਏ ਸਨ, ਉਨ੍ਹਾਂ ਨੂੰ ਨਿਭਾਇਆ ਨਹੀਂ ਜਾ ਰਿਹਾ। ਉਨ੍ਹਾਂ ਕਿਹਾ ਕਿ ਕੈਪਟਨ ਨੇ ਸਰਕਾਰ ਬਣਨ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਸਰਕਾਰ ਬਣਦੇ ਹੀ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਜਾਵੇਗਾ ਪਰ ਕੈਪਟਨ ਨੇ ਵਾਅਦਾ ਪੂਰਾ ਨਹੀਂ ਕਰ ਕੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਹੁਣ ਕਰਜ਼ਾ ਮੁਆਫੀ ਦੀ ਜਗ੍ਹਾ ਕਿਸਾਨਾਂ ਨੂੰ ਜ਼ਮੀਨ ਨੀਲਾਮੀ ਦੇ ਨੋਟਿਸ ਭੇਜੇ ਜਾ ਰਹੇ ਹਨ।
ਬੈਂਕ ਟੀਮ ਨੂੰ ਬੰਧਕ ਬਣਾ ਕੇ ਕਿਸਾਨਾਂ ਨੇ ਹੱਥ 'ਚ ਲਿਆ ਕਾਨੂੰਨ : ਡੀ. ਐੱਮ.
ਇਸ ਸਬੰਧੀ ਪੀ. ਏ. ਡੀ. ਬੀ. ਦੇ ਡੀ. ਐੱਮ. ਰਿਪੁਦਮਨ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੀ . ਏ. ਡੀ. ਬੀ. ਬੈਂਕ ਦੁਆਰਾ 748 ਕਿਸਾਨਾਂ ਨੂੰ ਡਿਫਾਲਟਰ ਘੋਸ਼ਿਤ ਕੀਤਾ ਗਿਆ ਹੈ, ਜਿਨ੍ਹਾਂ ਕੋਲੋਂ 1314.25 ਲੱਖ ਰੁਪਏ ਦੀ ਵਸੂਲੀ ਕੀਤੀ ਜਾਣੀ ਹੈ। 2005 'ਚ 3 ਲੱਖ ਦਾ ਕਰਜ਼ਾ ਲੈ ਕੇ ਕਿਸਾਨ ਭਰਾਵਾਂ ਨੇ ਇਕ ਵੀ ਕਿਸ਼ਤ ਅਦਾ ਨਹੀਂ ਕੀਤੀ, ਜਿਸ ਕਾਰਨ ਕਰਜ਼ ਦੇ ਨਾਲ-ਨਾਲ ਇਨ੍ਹਾਂ ਨੂੰ ਜੁਰਮਾਨਾ ਵੀ ਪਿਆ ਹੈ। ਉਕਤ ਕਿਸਾਨ ਕਰਜ਼ਾ ਦੇਣ ਯੋਗ ਹਨ, ਫਿਰ ਵੀ ਉਹ ਕਰਜ਼ੇ ਦਾ ਭੁਗਤਾਨ ਨਹੀਂ ਕਰ ਰਹੇ। ਡਿਫਾਲਟਰ ਕਿਸਾਨਾਂ ਦੀ ਜ਼ਮੀਨ ਦੀ ਨੀਲਾਮੀ ਕੀਤੀ ਗਈ ਪਰ ਕੋਈ ਵੀ ਬੋਲੀ ਦੇਣ ਨਹੀਂ ਆਇਆ। ਰਿਪੁਦਮਨ ਸਿੰਘ ਨੇ ਕਿਹਾ ਕਿ ਬੈਂਕ ਟੀਮ ਨੇ ਜੋ ਕਾਰਵਾਈ ਕੀਤੀ ਹੈ, ਉਹ ਕਾਨੂੰਨ ਮੁਤਾਬਕ ਕੀਤੀ ਹੈ। ਕਿਸਾਨਾਂ ਦੁਆਰਾ ਬੈਂਕ ਦੀ ਟੀਮ ਨੂੰ ਬੰਧਕ ਬਣਾ ਕੇ ਗੈਰ-ਕਾਨੂੰਨੀ ਕੰਮ ਕੀਤਾ ਗਿਆ ਹੈ, ਜਿਸ ਸਬੰਧੀ ਥਾਣਾ ਸਦਰ 'ਚ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਹੈ।