ਜਲੰਧਰ ਦੇ ਲਾਜਪਤ ਨਗਰ ''ਚ ਵਾਪਰੀ ਵੱਡੀ ਵਾਰਦਾਤ, ਕਾਂਗਰਸੀ ਨੇਤਾ ''ਤੇ ਦਿਨ-ਦਿਹਾੜੇ ਕੀਤਾ ਹਥਿਆਰਾਂ ਨਾਲ ਹਮਲਾ

08/23/2017 7:11:42 PM

ਜਲੰਧਰ— ਇਥੋਂ ਦੇ ਨਕੋਦਰ ਚੌਕ ਦੇ ਲਾਜਪਤ ਨਗਰ 'ਚ ਕਾਂਗਰਸੀ ਨੇਤਾ 'ਤੇ ਜਾਨਲੇਵਾ ਹਮਲਾ ਹੋਣ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਮੁਤਬਾਕ ਕਾਂਗਰਸੀ ਨੇਤਾ ਮਨਪ੍ਰੀਤ ਸਿੰਘ ਬੌਬੀ 'ਤੇ ਸ਼ਰੇਆਮ ਦਾਤਰ ਅਤੇ ਰਾਡ ਮਾਰ ਕੇ ਹਮਲਾ ਕਰ ਦਿੱਤਾ ਗਿਆ। ਬੌਬੀ ਦੇ ਸਰੀਰ 'ਤੇ ਕੁੱਲ 12 ਜ਼ਖਮ ਹਨ। ਦੋਸ਼ ਲਗਾਇਆ ਜਾ ਰਿਹਾ ਹੈ ਕਿ ਇਹ ਹਮਲਾ ਮਾਡਲ ਟਾਊਨ ਦੇ ਰਹਿਣ ਵਾਲੇ ਜਿਊਲਰ ਦੇ ਬੇਟੇ ਗੋਲਡੀ ਨੇ ਕਰਵਾਇਆ ਹੈ। 
ਪੁਲਸ ਨੇ ਸਾਜਿਸ਼ ਦੇ ਤਹਿਤ ਕਤਲ ਦੀ ਕੋਸ਼ਿਸ਼ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਗੋਲਡੀ ਸਮੇਤ ਉਸ ਦੇ ਅਲੀ ਮੁਹੱਲੇ 'ਚ ਰਹਿਣ ਵਾਲੇ ਦੋਸਤ ਗੌਰਵ ਨੂੰ ਹਿਰਾਸਤ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਚੀਮਾ ਨਗਰ ਦੇ ਰਹਿਣ ਵਾਲੇ ਬੌਬੀ ਦਾ ਕਹਿਣਾ ਹੈ ਕਿ ਉਸ ਦਾ ਗੋਲਡੀ ਦੇ ਨਾਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਉਸ ਨੇ ਦੱਸਿਆ ਕਿ ਉਹ ਇਕ ਬਿਲਡਰ ਹੈ ਅਤੇ ਉਸ ਦਾ ਕਰੀਬ 3 ਸਾਲ ਪਹਿਲਾਂ ਜ਼ਮੀਨ ਦੇ ਸੌਦੇ ਨੂੰ ਲੈ ਕੇ ਗੋਲਡੀ ਨਾਲ ਝਗੜਾ ਹੋ ਗਿਆ ਸੀ। ਗੋਲਡੀ ਅਕਾਲੀ ਦਲ ਨਾਲ ਜੁੜਿਆ ਸੀ ਤਾਂ ਉਸ ਦੇ ਖਿਲਾਫ ਕੋਈ ਨਾ ਕੋਈ ਝੂਠੀ ਸ਼ਿਕਾਇਤ ਦਰਜ ਕਰਵਾ ਕੇ ਉਸ ਨੂੰ ਤੰਗ ਕਰਦਾ ਸੀ। ਗੋਲਡੀ ਜ਼ਮੀਨ ਦੇ ਝਗੜੇ ਨੂੰ ਲੈ ਕੇ ਉਸ ਨਾਲ ਦੁਸ਼ਮਣੀ ਰੱਖਦਾ ਸੀ। 
ਦੋਸਤ ਨੂੰ ਮਿਲਣ ਆਇਆ ਸੀ ਬੌਬੀ
ਬੌਬੀ ਨੇ ਦੱਸਿਆ ਕਿ ਉਹ ਨਕੋਦਰ ਚੌਕ ਦੇ ਕੋਲ ਲਾਜਪਤ ਨਗਰ 'ਚ ਬੀਤੇ ਦਿਨ ਟੀ-ਸਟਾਲ ਦਾ ਕੰਮ ਕਰਨ ਵਾਲੇ ਦੋਸਤ ਰਾਜੂ ਨੂੰ ਮਿਲਣ ਆਇਆ ਸੀ ਅਤੇ ਜਦੋਂ ਉਹ ਟੀ-ਸਟਾਲ 'ਤੇ ਬੈਠਾ ਸੀ ਤਾਂ ਇਸੇ ਦੌਰਾਨ ਇਕ ਕਾਰ ਆ ਕੇ ਉਸ ਦੇ ਕੋਲ ਰੁੱਕੀ। ਇਸ ਕਾਰ 'ਚੋਂ ਤਿੰਨ ਨੌਜਵਾਨ ਬਾਹਰ ਨਿਕਲੇ, ਜੋ ਹਥਿਆਰਾਂ ਨਾਲ ਲੈਸ ਸਨ, ਉਨ੍ਹਾਂ ਨੇ ਆਉਂਦੇ ਹੀ ਤਿੱਖੇ ਵਾਰ ਕਰ ਦਿੱਤੇ ਅਤੇ ਉਹ ਜ਼ਮੀਨ 'ਤੇ ਡਿੱਗ ਗਿਆ। ਚੌਥਾ ਹਮਲਾਵਰ ਡਰਾਈਵਿੰਗ ਸੀਟ 'ਤੇ ਹੀ ਬੈਠਾ ਰਿਹਾ ਅਤੇ ਬਾਅਦ 'ਚ ਉਹ ਸਾਰੇ ਉਥੋਂ ਚਲੇ ਗਏ। 
ਉਥੇ ਹੀ ਥਾਣਾ ਨੰਬਰ-4 ਦੇ ਐੱਸ. ਐੱਚ. ਓ. ਬਲਬੀਰ ਸਿੰਘ ਦਾ ਕਹਿਣਾ ਹੈ ਕਿ ਕਾਰ ਦਾ ਅਧੂਰਾ ਨੰਬਰ ਪਬਲਿਕ ਨੇ ਨੋਟ ਕਰ ਲਿਆ ਹੈ। ਪੁਲਸ ਇਲਾਕੇ 'ਚ ਲੱਗੇ ਸੀ. ਸੀ. ਟੀ. ਵੀ ਫੁਟੇਜ ਰਾਹੀਂ ਜਾਂਚ ਕਰ ਰਹੀ ਹੈ। ਇਸ ਦੇ ਨਾਲ ਗੋਲਡੀ ਅਤੇ ਗੌਰਵ ਦੇ ਕੁਨੈਕਸ਼ਨ ਦੀ ਜਾਂਚ ਕੀਤੀ ਜਾ ਰਹੀ ਹੈ।


Related News