ਦੀਵਾਲੀ ’ਤੇ ਦਿੱਲੀ ਨੂੰ ਦਹਿਲਾਉਣ ਦੀ ਫਿਰਾਕ ’ਚ ਸੀ ਪਾਕਿਸਤਾਨੀ ਅੱਤਵਾਦੀ

Wednesday, Oct 13, 2021 - 11:52 PM (IST)

ਦੀਵਾਲੀ ’ਤੇ ਦਿੱਲੀ ਨੂੰ ਦਹਿਲਾਉਣ ਦੀ ਫਿਰਾਕ ’ਚ ਸੀ ਪਾਕਿਸਤਾਨੀ ਅੱਤਵਾਦੀ

ਨਵੀਂ ਦਿੱਲੀ (ਯੂ. ਐੱਨ. ਆਈ.) : ਦੀਵਾਲੀ ’ਤੇ ਦਿੱਲੀ ਨੂੰ ਦਹਿਲਾਉਣ ਦੀ ਫਿਰਾਕ ’ਚ ਬੈਠੇ ਪਾਕਿਸਤਾਨੀ ਅੱਤਵਾਦੀ ਨੂੰ ਦਿੱਲੀ ਪੁਲਸ ਨੇ ਏ. ਕੇ. -47 ਦੇ ਨਾਲ ਗ੍ਰਿਫਤਾਰ ਕੀਤਾ ਹੈ, ਜਿਸ ਤੋਂ ਬਾਅਦ ਅਦਾਲਤ ਨੇ ਅੱਤਵਾਦੀ ਨੂੰ 14 ਦਿਨਾਂ ਦੀ ਪੁਲਸ ਹਿਰਾਸਤ ’ਚ ਭੇਜ ਦਿੱਤਾ ਹੈ। ਉਸ ਕੋਲੋਂ 2 ਮੋਬਾਈਲ ਵੀ ਬਰਾਮਦ ਹੋਏ ਹਨ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਰਹਿਣ ਵਾਲੇ ਮੁਹੰਮਦ ਅਸ਼ਰਫ਼ ਉਰਫ਼ ਅਲੀ ਨੇ ਫਰਜ਼ੀ ਦਸਤਾਵੇਜ਼ਾਂ ਰਾਹੀਂ ਭਾਰਤੀ ਪਛਾਣ-ਪੱਤਰ ਹਾਸਲ ਕੀਤਾ। ਉਹ ਭਾਰਤੀ ਨਾਗਰਿਕ ਦੇ ਤੌਰ ’ਤੇ  ਰਹਿ ਰਿਹਾ ਸੀ। ਉਸ ਕੋਲੋਂ ਇਕ ਏ. ਕੇ. -47 ਰਾਈਫ਼ਲ, ਹੋਰ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਗਿਆ। ਅਸ਼ਰਫ਼ ਨੂੰ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਕਾਨੂੰਨ, ਵਿਸਫੋਟਕ ਕਾਨੂੰਨ ਅਤੇ ਹਥਿਆਰ ਕਾਨੂੰਨ ਦੀਆਂ ਵਿਵਸਥਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਦਿੱਲੀ ਆਉਣ ਤੋਂ ਪਹਿਲਾਂ ਅਜਮੇਰ, ਗਾਜ਼ੀਆਬਾਦ, ਜੰਮੂ ਤੇ ਊਧਮਪੁਰ ’ਚ ਵੀ ਰਿਹਾ। ਦਿੱਲੀ ’ਚ ਇਸ ਦੇ 2 ਠਿਕਾਣੇ ਸਨ। ਇਸ ਦੇ ਮਾਂ-ਬਾਪ ਮਰ ਚੁੱਕੇ ਹਨ ਅਤੇ ਇਸ ਦੇ 2 ਭਰਾ ਤੇ 3 ਭੈਣਾਂ ਹਨ। ਇਹ 2004-05 ਦੇ ਕਰੀਬ ਪਾਕਿਸਤਾਨ ਤੋਂ ਨਿਕਲਿਆ ਸੀ। ਜਾਂਚ ਏਜੰਸੀਆਂ ਨੇ ਦੱਸਿਆ ਕਿ ਇਹ ਦਿੱਲੀ ਅਤੇ ਉਸ ਦੇ ਆਲੇ-ਦੁਆਲੇ ਦੇ ਖੇਤਰਾਂ ’ਚ ਪੀਰ ਮੌਲਾਨਾ ਦਾ ਕੰਮ ਕਰਦਾ ਸੀ। ਕੁਰਾਨ ਦੀਆਂ ਆਇਤਾਂ ਪੜ ਕੇ ਲੋਕਾਂ ਦੀ ਬਿਮਾਰੀ ਠੀਕ ਕਰਨ ਦਾ ਦਾਅਵਾ ਕਰਦਾ ਸੀ। ਇਸ ਦੇ ਬਹੁਤ ਸਾਰੇ ਪੈਰੋਕਾਰ ਸਨ, ਜੋ ਇਸਤੋਂ ਇਲਾਜ ਕਰਵਾਉਂਦੇ ਸਨ। ਇਹ ਪਾਕਿਸਤਾਨ ਦੇ ਕਿਸੇ ਨਾਸਿਰ ਨਾਂ ਦੇ ਆਈ. ਐੱਸ. ਆਈ. ਹੈਂਡਲਰ ਦੇ ਸੰਪਰਕ ’ਚ ਸੀ। 2014 ’ਚ ਇਸ ਨੇ ਭਾਰਤੀ ਪਾਸਪੋਰਟ ਬਣਵਾਇਆ ਸੀ।

ਫਰਜ਼ੀ ਆਈ. ਡੀ. ’ਤੇ 10 ਸਾਲਾਂ ਤੋਂ ਦਿੱਲੀ ’ਚ ਰਹਿ ਰਿਹਾ ਸੀ
ਦਿੱਲੀ ਪੁਲਸ ਨੇ ਫਰਜ਼ੀ ਆਈ. ਈ. ਡੀ. ਦਸਤਾਵੇਜ਼ਾਂ ਦੇ ਆਧਾਰ ’ਤੇ ਭਾਰਤੀ ਪਛਾਣ ਪੱਤਰ ਬਣਵਾ ਕੇ ਪਿਛਲੇ 10 ਸਾਲਾਂ ਤੋਂ ਇਥੇ ਰਹਿ ਰਹੇ ਪਾਕਿਸਤਾਨ ਦੇ ਇਕ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਮੁਤਾਬਕ ਮੁਲਜ਼ਮ ਨੇ ਨਾਂ ਬਦਲ ਕੇ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ’ਤੇ ਇਥੋਂ ਦਾ ਪਛਾਣ ਪੱਤਰ ਹਾਸਲ ਕੀਤਾ ਸੀ। ਉਹ ਭਾਰਤੀ ਨਾਗਰਿਕ ਵਾਂਗ ਰਹਿ ਰਿਹਾ ਸੀ।ਦਿੱਲੀ ਪੁਲਸ ਦੀ ਵਿਸ਼ੇਸ਼ ਸ਼ਾਖਾ ਨੇ ਖੁਫੀਆ ਸੂਚਨਾ ਦੇ ਆਧਾਰ ’ਤੇ ਯਮੁਨਾ ਪਾਰ ਲਕਸ਼ਮੀ ਨਗਰ ਇਲਾਕੇ ’ਚੋਂ ਉਸ ਨੂੰ ਗ੍ਰਿਫ਼ਤਾਰ ਕੀਤਾ। ਦਿੱਲੀ ਪੁਲਸ ਨੇ ਦੱਸਿਆ ਕਿ ਗ੍ਰਿਫਤਾਰ ਅੱਤਵਾਦੀ ਦਾ ਨਾਂ ਮੁੰਹਮਦ ਅਸ਼ਰਫ ਉਰਫ ਅਲੀ ਹੈ। ਉਹ ਪਾਕਿਸਤਾਨ ਦੇ ਪੰਜਾਬ ਸੂਬੇ ਦਾ ਨਿਵਾਸੀ ਹੈ। ਉਸ ਨੇ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ’ਤੇ ਅਲੀ ਅਹਿਮਦ ਨੂਰ ਦੇ ਨਾਂ ਨਾਲ ਇਥੇ ਪਛਾਣ-ਪੱਤਰ ਹਾਸਲ ਕੀਤਾ ਸੀ। ਪੁਲਸ ਨੇ ਦੱਸਿਆ ਕਿ ਉਹ ਤਿਉਹਾਰਾਂ ਦੌਰਾਨ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੇ ਯਤਨਾਂ ਅਧੀਨ ਇਥੇ ਆਇਆ ਸੀ। ਪੁਲਸ ਨੇ ਦੱਸਿਆ ਕਿ ਅਸ਼ਰਫ ਵਿਰੁੱਧ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ।


author

Anuradha

Content Editor

Related News