ਹਮਲਾਵਰਾਂ ਨੂੰ ਫੜਣ ਲਈ ‘ਦਬੰਗ’ ਬਣਿਆ ਥਾਣਾ ਚੜਿੱਕ ਦਾ ਮੁੱਖ ਅਫਸਰ ਪੂਰਨ ਸਿੰਘ

Saturday, Dec 02, 2023 - 05:37 PM (IST)

ਹਮਲਾਵਰਾਂ ਨੂੰ ਫੜਣ ਲਈ ‘ਦਬੰਗ’ ਬਣਿਆ ਥਾਣਾ ਚੜਿੱਕ ਦਾ ਮੁੱਖ ਅਫਸਰ ਪੂਰਨ ਸਿੰਘ

ਮੋਗ (ਗੋਪੀ ਰਾਊਕੇ, ਆਜ਼ਾਦ) : ਮੋਗਾ ਜ਼ਿਲ੍ਹੇ ਦੇ ਥਾਣਾ ਚੜਿੱਕ ਅਧੀਨ ਪੈਂਦੇ ਪਿੰਡ ਸਿੰਘਾਂਵਾਲਾ ਵਿਖੇ 28 ਨਵੰਬਰ ਦੀ ਸ਼ਾਮ ਨੂੰ ਭਰਾਵਾਂ ਦੇ ਢਾਬੇ ਵਿਖੇ ਦੋ ਧਿਰਾਂ ਦਰਮਿਆਨ ਰਾਜ਼ੀਨਾਮੇ ਦੀ ਗੱਲਬਾਤ ਸ਼ੁਰੂ ਹੁੰਦਿਆਂ ਹੀ ਚੱਲੀਆਂ ਗੋਲੀਆਂ ਦੇ ਮਾਮਲੇ ਵਿਚ ਥਾਣਾ ਚੜਿੱਕ ਦੀ ਪੁਲਸ ਨੇ ਵੱਡੀ ਕਾਰਵਾਈ ਕਰਦਿਆਂ ਇਸ ਮਾਮਲੇ ਦੇ ਮੁੱਖ ਕਥਿਤ ਦੋਸ਼ੀਆਂ ਨੂੰ ਫੜ੍ਹਣ ਵਿਚ ਸਫਲਤਾ ਹਾਸਲ ਕੀਤੀ ਹੈ। ਪਤਾ ਲੱਗਾ ਹੈ ਥਾਣਾ ਚੜਿੱਕ ਦੇ ਮੁੱਖ ਅਫਸਰ ਅਤੇ ਇਕ ਕਾਬਲ ਵਿਅਕਤੀ ਜਾਣੇ ਜਾਂਦੇ ਥਾਣਾ ਮੁਖੀ ਪੂਰਨ ਸਿੰਘ ਨੂੰ ਇਸ ਮਾਮਲੇ ਦੇ ਮੁੱਖ ਦੋਸ਼ੀਆਂ ਨੂੰ ਫੜ੍ਹਣ ਲਈ ‘ਦਬੰਗ’ ਬਣਨਾ ਪਿਆ ਹੈ। ਉਹ ਪਿਛਲੇ ਚਾਰ ਦਿਨਾਂ ਤੋਂ ਇਰਾਦਾ ਕਤਲ ਦੇ ਦੋਸ਼ੀਆਂ ਨੂੰ ਫੜ੍ਹਣ ਲਈ ਵਿਸ਼ੇਸ਼ ਮੁਹਿੰਮ ਚਲਾ ਰਹੇ ਸਨ। ਥਾਣਾ ਮੁਖੀ ਪੂਰਨ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਪੰਜ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਪਿੰਡ ਦਾਤਾ ਨਿਵਾਸੀ ਸਨੀ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੋਸ਼ ਲਗਾਇਆ ਸੀ ਕਿ ਕੁਝ ਦਿਨ ਪਹਿਲਾਂ ਮੇਰੇ ਸਾਥੀਆਂ ਦੀ ਮਾਮੂਲੀ ਲੜਾਈ ਸਿੰਘਾਂਵਾਲਾ ਨਿਵਾਸੀ ਹਰਮਨ ਦੇ ਭਰਾ ਨਾਲ ਹੋਈ ਸੀ ਅਤੇ ਉਹ ਰਾਜ਼ੀਨਾਮਾ ਕਰਵਾਉਣ ਲਈ ਗਏ ਸਨ ਪਰ ਉਨ੍ਹਾਂ ਬਿਨਾਂ ਕੋਈ ਗੱਲ ਸੁਣੇ ਹੀ ਕਥਿਤ ਦੋਸ਼ੀਆਂ ਨੇ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ ਸਨ। ਥਾਣਾ ਮੁਖੀ ਪੂਰਨ ਸਿੰਘ ਨੇ ਕਿਹਾ ਕਿ ਅੱਜ ਲੰਮੀ ਮੁਸ਼ੱਕਤ ਮਗਰੋਂ ਪੁਲਸ ਨੇ ਹਰਮਨ ਵਿਰਕ ਅਤੇ ਸੁਖਚੈਨ ਨਿਵਾਸੀ ਸਿੰਘਾਂਵਾਲਾ ਨੂੰ ਕਾਬੂ ਕੀਤਾ ਹੈ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਨ੍ਹਾਂ ਦਾ ਚਾਰ ਦਿਨਾਂ ਦਾ ਪੁਲਸ ਰਿਮਾਂਡ ਮਿਲਿਆ ਹੈ।

ਉਨ੍ਹਾਂ ਕਿਹਾ ਕਿ ਇਸ ਰਿਮਾਂਡ ਦੌਰਾਨ ਕਥਿਤ ਦੋਸ਼ੀਆਂ ਤੋਂ ਉਨ੍ਹਾਂ ਦੇ ਅਣਪਛਾਤੇ ਸਾਥੀਆਂ ਦਾ ਪਤਾ ਲਗਾਇਆ ਜਾਵੇਗਾ ਅਤੇ ਇਸ ਦੇ ਨਾਲ ਹੀ ਵਾਰਦਾਤ ਸਮੇਂ ਵਰਤੇ ਗਏ ਹਥਿਆਰ ਬਰਾਮਦ ਕਰਨ ਦੇ ਨਾਲ-ਨਾਲ ਹੋਰ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਸ ਮੁਖੀ ਵਿਵੇਕਸ਼ੀਲ ਸੋਨੀ ਦੇ ਆਦੇਸ਼ਾਂ ’ਤੇ ਥਾਣਾ ਚੜਿੱਕ ਦੀ ਪੁਲਸ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ ਲਈ ਵਚਨਬੱਧ ਹੈ।


author

Gurminder Singh

Content Editor

Related News