ਜਲੰਧਰ ਦੇ ਓਲਡ ਰੇਲਵੇ ਰੋਡ 'ਤੇ ਦਿੱਸਿਆ ਗੁੰਡਾਗਰਦੀ ਦਾ ਨੰਗਾ ਨਾਚ (ਤਸਵੀਰਾਂ)

11/20/2019 6:12:12 PM

ਜਲੰਧਰ (ਸੋਨੂੰ,ਵਰੁਣ)— ਆਏ ਦਿਨ ਪੰਜਾਬ ਦੇ ਕਿਸੇ ਨਾ ਕਿਸੇ ਸ਼ਹਿਰ 'ਚੋਂ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲ ਜਾਂਦਾ ਹੈ। ਅਜਿਹਾ ਹੀ ਕੁਝ ਜਲੰਧਰ ਦੇ ਓਲਡ ਰੇਲਵੇ ਰੋਡ 'ਤੇ ਦੇਖਣ ਨੂੰ ਮਿਲਿਆ, ਜਿੱਥੇ ਕੁਝ ਹਥਿਆਰਬੰਦ ਨੌਜਵਾਨ ਕਾਰ 'ਚੋਂ ਨਿਕਲ ਕੇ ਮਨੋਜ ਸੂਰੀ ਉਰਫ ਮਨੂ ਨੂੰ ਮਾਰਨ ਲਈ ਉਸ ਦੇ ਪਿੱਛੇ ਭੱਜਦੇ ਦਿਸੇ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. 'ਚ ਕੈਦ ਹੋ ਗਈ ਹੈ। ਪੁਲਸ ਨੇ ਹਮਲਾ ਕਰਨ ਵਾਲੇ ਨੌਜਵਾਨਾਂ ਖਿਲਾਫ ਇਰਾਦਾ-ਏ-ਕਤਲ ਸਣੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਫਿਲਹਾਲ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ। ਇਸ ਵਾਰਦਾਤ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਡੀ. ਐੱਸ. ਪੀ. ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਦੱਸਿਆ ਕਿ 5 ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੀ. ਸੀ. ਟੀ. ਵੀ. ਦੇ ਆਧਾਰ 'ਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

PunjabKesariਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਮਨੂ ਸੂਰੀ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਧਾਰਮਿਕ ਸਮਾਰੋਹ 'ਚ ਗਿਆ ਹੋਇਆ ਸੀ। ਮੰਗਲਵਾਰ ਦੀ ਸਵੇਰ ਉਹ ਟਰੇਨ ਰਾਹੀਂ ਵਾਪਸ ਆਇਆ ਅਤੇ ਆਪਣੇ ਦੋਸਤ ਨਾਲ ਬਾਈਕ 'ਤੇ ਘਰ ਜਾ ਰਿਹਾ ਸੀ ਕਿ ਜਿਉਂ ਹੀ ਉਹ ਪੁਰਾਣੀ ਰੇਲਵੇ ਰੋਡ (ਦਮੋਰੀਆ ਪੁਲ ਸਾਈਡ) ਪਹੁੰਚਿਆ ਤਾਂ ਇਕ ਕਾਰ ਨੇ ਉਨ੍ਹਾਂ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਹੇਠਾਂ ਡਿੱਗ ਪਿਆ। ਜਿਵੇਂ ਹੀ ਉਸ ਨੇ ਕਾਰ 'ਚੋਂ ਉਸ ਨੂੰ ਗਾਲ੍ਹਾਂ ਕੱਢਣ ਦੀ ਆਵਾਜ਼ ਸੁਣੀ ਤਾਂ ਉਹ ਉਠ ਕੇ ਸਾਹਮਣੇ ਵਾਲੀ ਗਲੀ ਵੱਲ ਭੱਜਿਆ ਅਤੇ ਇਕ ਇਮਾਰਤ ਵਿਚ ਜਾ ਲੁਕਿਆ। ਮਨੂ ਸੂਰੀ ਨੇ ਕਿਹਾ ਕਿ ਇਸ ਦੌਰਾਨ ਕਾਰ 'ਚੋਂ ਗੌਰਵ ਸ਼ਰਮਾ ਵਾਸੀ ਨਿਊ ਗੁਰੂ ਅਮਰਦਾਸ ਨਗਰ, ਗੁਰਬਖਸ਼ ਸਿੰਘ ਵਾਸੀ ਅਸ਼ੋਕ ਵਿਹਾਰ, ਪਾਰਸ ਅਰੋੜਾ ਅਤੇ ਤੇਜਵੀਰ ਸਿੰਘ ਵਾਸੀ ਭਗਤ ਸਿੰਘ ਕਾਲੋਨੀ ਉਸਨੂੰ ਕੁੱਟਣ ਲਈ ਭੱਜੇ ਪਰ ਉਸ ਨੇ ਲੁਕ ਕੇ ਆਪਣੀ ਜਾਨ ਬਚਾਈ। ਮਨੂ ਨੇ ਹਮਲਾਵਰਾਂ ਕੋਲ ਤੇਜ਼ਧਾਰ ਹਥਿਆਰ ਹੋਣ ਦੇ ਵੀ ਦੋਸ਼ ਲਾਏ ਹਨ। ਥਾਣਾ ਨੰ. 3 ਵਿਚ ਹਮਲਾਵਰ ਨੌਜਵਾਨਾਂ ਖਿਲਾਫ ਧਾਰਾ 307, 323, 379, 506, 148, 149 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਮਨੂ ਸੂਰੀ ਨੇ ਦੋਸ਼ ਲਾਇਆ ਕਿ ਨੌਜਵਾਨ ਜਾਂਦੇ ਹੋਏ ਉਸ ਦਾ ਬੈਗ ਵੀ ਲੈ ਗਏ, ਜਿਸ 'ਚ ਕੱਪੜੇ, ਚੱਪਲਾਂ ਅਤੇ ਪੈਸੇ ਵੀ ਸਨ।

PunjabKesari


ਮਨੂ ਸੂਰੀ ਦੇ ਸਾਮਾਨ ਦੀ ਤਸਵੀਰ ਵੀ ਵਾਇਰਲ ... ਲਿਖਿਆ ਪੁਲਸ ਦਾ ਇਨਫਰਮਰ ਹੈ
ਓਧਰ ਇਸ ਵਿਵਾਦ ਤੋਂ ਬਾਅਦ ਵਿਰੋਧੀ ਧਿਰ ਵੱਲੋਂ ਮਨੂ ਸੂਰੀ ਦੇ ਸਾਮਾਨ ਦੀ ਫੋਟੋ ਖਿੱਚ ਕੇ ਵਟਸਐਪ ਗਰੁੱਪਾਂ 'ਚ ਵਾਇਰਲ ਕਰ ਦਿੱਤੀ ਗਈ। ਤਸਵੀਰ ਦੇ ਨਾਲ ਲਿਖਿਆ ਗਿਆ ਸੀ ਕਿ ਪੁਲਸ ਦੇ ਇਨਫਾਰਮਰ ਨੂੰ ਸਬਕ ਸਿਖਾਇਆ ਹੈ। ਮਨੂ ਸੂਰੀ ਨੂੰ ਫੇਮਸ ਕਰਨ ਲਈ ਉਸ 'ਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਵਾਰ ਨਹੀਂ ਕੀਤਾ ਗਿਆ, ਸਗੋਂ ਉਸ ਨੂੰ ਡਰਾਇਆ ਗਿਆ ਹੈ।
ਦੱਸਣਯੋਗ ਹੈ ਕਿ ਮਨੂ ਸੂਰੀ ਅਤੇ ਪਾਰਸ ਦੀ ਕੁਝ ਸਮਾਂ ਪਹਿਲਾਂ ਇਕ ਆਡੀਓ ਵੀ ਵਾਇਰਲ ਹੋਈ ਸੀ, ਜਿਸ 'ਚ ਦੋਵੇਂ ਇਕ-ਦੂਜੇ ਨੂੰ ਗਾਲ੍ਹਾਂ ਕੱਢਦੇ ਅਤੇ ਗੰਭੀਰ ਦੋਸ਼ ਲਗਾ ਰਹੇ ਸਨ। ਇਸ ਤੋਂ ਬਾਅਦ 11 ਨਵੰਬਰ ਨੂੰ ਦੋਵੇਂ ਧਿਰਾਂ ਇਕ ਸਮਾਰੋਹ ਵਿਚ ਵੀ ਆਹਮੋ-ਸਾਹਮਣੇ ਹੋਈਆਂ ਸਨ। ਜ਼ਿਕਰਯੋਗ ਹੈ ਕਿ ਮਨੂ ਸੂਰੀ ਅਤੇ ਹਮਲਾਵਰ ਧਿਰ ਦੇ ਨੌਜਵਾਨ ਪਹਿਲਾਂ ਇਕ ਹੀ ਨੇਤਾ ਦੇ ਨਾਲ ਨਜ਼ਰ ਆਉਂਦੇ ਸਨ ਪਰ ਹੁਣ ਕਾਫੀ ਸਮੇਂ ਤੋਂ ਦੋਵਾਂ 'ਚ ਰੰਜਿਸ਼ ਚੱਲ ਰਹੀ ਹੈ।
ਪੁਲਸ ਦੀ ਕਾਰਵਾਈ ਸ਼ੱਕ ਦੇ ਘੇਰੇ 'ਚ
ਦੱਸਣਯੋਗ ਹੈ ਕਿ ਅਕਸਰ ਸਿਵਲ ਹਸਪਤਾਲ 'ਚ ਆਏ ਲੜਾਈ ਝਗੜੇ ਦੇ ਕੇਸਾਂ 'ਚ ਐੱਫ. ਆਈ. ਆਰ. ਦਰਜ ਕਰਵਾਉਣ ਲਈ ਲੋਕਾਂ ਨੂੰ ਥਾਣੇ ਦੇ ਕਈ-ਕਈ ਚੱਕਰ ਲਾਉਣੇ ਪੈਂਦੇ ਹਨ ਪਰ ਇਸ ਕੇਸ ਵਿਚ ਪੁਲਸ ਨੇ ਫਟਾਫਟ ਕੇਸ ਦਰਜ ਕਰ ਲਿਆ। ਭਾਵੇਂ ਕਿ ਜੋ ਵੀਡੀਓ ਵਾਇਰਲ ਹੋਈ, ਉਸ ਵਿਚ ਕਿਸੇ ਦਾ ਚਿਹਰਾ ਤੱਕ ਸਪੱਸ਼ਟ ਨਹੀਂ ਦਿਸ ਰਿਹਾ ਸੀ। ਇਸ ਦੇ ਬਾਵਜੂਦ ਪੁਲਸ ਨੇ ਬਿਨਾਂ ਜਾਂਚ ਕੀਤਿਆਂ 307 ਜਿਹੀ ਗੰਭੀਰ ਧਾਰਾ ਦੇ ਤਹਿਤ ਕੇਸ ਦਰਜ ਕਰ ਲਿਆ। ਪੁਲਸ ਦੀ ਝਟਪਟ ਕੀਤੀ ਗਈ ਇਹ ਕਾਰਵਾਈ ਸ਼ੱਕ ਦੇ ਘੇਰੇ 'ਚ ਹੈ।
ਕੀ ਕਹਿੰਦੇ ਹਨ ਥਾਣਾ ਇੰਚਾਰਜ
ਇਸ ਸਬੰਧੀ ਥਾਣਾ ਨੰਬਰ 3 ਦੇ ਇੰਚਾਰਜ ਨਵਦੀਪ ਸਿੰਘ ਨੇ ਕਿਹਾ ਕਿ ਪੁਲਸ ਜਾਂਚ 'ਚ ਸਾਹਮਣੇ ਆਇਆ ਹੈ। ਉਕਤ ਨੌਜਵਾਨਾਂ ਨੇ ਮਨੂ ਸੂਰੀ 'ਤੇ ਕਾਰ ਚੜ੍ਹਾ ਕੇ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਇਰਾਦਤਨ ਕਤਲ ਦਾ ਕੇਸ ਦਰਜ ਹੋਇਆ ਹੈ। ਉਨ੍ਹਾਂ ਕਿਹਾ ਕਿ ਬਾਕੀ ਜਾਂਚ 'ਚ ਜੋ ਵੀ ਸਾਹਮਣੇ ਆਵੇਗਾ, ਕਾਰਵਾਈ ਉਸ ਦੇ ਤਹਿਤ ਹੀ ਕੀਤੀ ਜਾਵੇਗੀ।


shivani attri

Content Editor

Related News