ਕਪੂਰਥਲਾ 'ਚ ਗੁੰਡਾਗਰਦੀ ਦਾ ਨੰਗਾ-ਨਾਚ, ਓਵਰਟੇਕ ਕਰਨ 'ਤੇ ਪੁਲਸ ਮੁਲਾਜ਼ਮਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

10/16/2022 12:19:06 PM

ਕਪੂਰਥਲਾ (ਭੂਸ਼ਣ, ਮਲਹੋਤਰਾ) : ਕਪੂਰਥਲਾ-ਨਕੋਦਰ ਮਾਰਗ ’ਤੇ ਪੈਂਦੇ ਪਿੰਡ ਤਲਵੰਡੀ ਮਹਿਮਾ ’ਚ ਕੁਝ ਮੁਲਜ਼ਮਾਂ ਨੇ ਇਕ ਮਾਮੂਲੀ ਜਿਹੀ ਗੱਲ ਨੂੰ ਲੈ ਕੇ 2 ਪੁਲਸ ਕਰਮਚਾਰੀਆਂ ਤੇ ਇਕ ਹੋਰ ਵਿਅਕਤੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। 2 ਜ਼ਖ਼ਮੀਆਂ ਨੂੰ ਇਲਾਜ ਵਾਸਤੇ ਜਲੰਧਰ ਦੇ ਇਕ ਨਿੱਜੀ ਹਸਪਤਾਲ ’ਚ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਸ਼ਨੀਵਾਰ ਦੀ ਦੁਪਹਿਰ ਸੀ. ਆਈ. ਏ. ਸਟਾਫ ਕਪੂਰਥਲਾ ’ਚ ਤਾਇਨਾਤ ਕਾਂਸਟੇਬਲ ਪਰਮਿੰਦਰ ਸਿੰਘ ਵਾਸੀ ਪਿੰਡ ਧੰਦਲ ਪਿੰਡ ਤਲਵੰਡੀ ਮਹਿਮਾ ਤੋਂ ਹੁੰਦਾ ਹੋਇਆ ਕਾਰ ’ਤੇ ਨਕੋਦਰ ਮਾਰਗ ’ਤੇ ਜਾ ਰਿਹਾ ਸੀ। ਇਸੇ ਦੌਰਾਨ ਕਾਰ ਓਵਰਟੇਕ ਕਰਨ ਨੂੰ ਲੈ ਕੇ ਉਸਦਾ ਕੁਝ ਵਿਅਕਤੀਆਂ ਨਾਲ ਵਿਵਾਦ ਹੋ ਗਿਆ।

ਇਹ ਵੀ ਪੜ੍ਹੋ- ਅਗਨੀਵੀਰ ਤਨਖ਼ਾਹ ਪੈਕੇਜ ਲਈ ਭਾਰਤੀ ਫੌਜ ਨੇ ਕੀਤੀ 11 ਬੈਂਕਾਂ ਨਾਲ ਸਮਝੌਤਾ, ਸੇਵਾ ਪੂਰੀ ਕਰਨ 'ਤੇ ਮਿਲੇਗਾ ਇਹ ਲਾਭ

ਇਸ ਦੌਰਾਨ ਉਕਤ ਕਾਰ ਸਵਾਰ ਮੁਲਜ਼ਮਾਂ ਨੇ ਰੌਲਾ ਪਾ ਕੇ ਆਪਣੇ ਹੋਰ ਸਾਥੀਆਂ ਨੂੰ ਇਕੱਠਾ ਕਰ ਲਿਆ ਅਤੇ ਦੇਖਦੇ ਹੀ ਦੇਖਦੇ 20 ਤੋਂ 25 ਨੌਜਵਾਨ ਤੇਜ਼ਧਾਰ ਹਥਿਆਰਾਂ, ਬੇਸਬਾਲ ਬੈਟ ਲੈ ਕੇ ਆ ਗਏ ਅਤੇ ਆਉਂਦਿਆਂ ਹੀ ਉਨ੍ਹਾਂ ਨੇ ਇੱਟ-ਪੱਥਰ ਚਲਾਉਣੇ ਸ਼ੁਰੂ ਕਰ ਦਿੱਤੇ। ਜਿਸ ਕਾਰਨ ਪਰਮਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਇਸ ਲੜਾਈ ਦੌਰਾਨ ਪਰਮਿੰਦਰ ਸਿੰਘ ’ਤੇ ਹਮਲਾ ਹੁੰਦੇ ਦੇਖ ਨੇੜੇ ਤੋਂ ਲੰਘ ਰਹੇ ਥਾਣਾ ਸਦਰ ਕਪੂਰਥਲਾ ’ਚ ਤਾਇਨਾਤ ਕਾਂਸਟੇਬਲ ਨਵਦੀਪ ਸਿੰਘ ਨੇ ਜਦੋਂ ਪਰਮਿੰਦਰ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਸ ’ਤੇ ਵੀ ਹਮਲਾ ਕਰ ਦਿੱਤਾ ਤੇ ਉਸ ਦੇ ਗੰਭੀਰ ਸਿੱਟਾਂ ਲੱਗੀਆਂ ਹਨ। ਇਸ ਪੂਰੇ ਘਟਨਾਕ੍ਰਮ ’ਚ ਇਕ ਹੋਰ ਵਿਅਕਤੀ ਸਤਵਿੰਦਰ ਸਿੰਘ ਵੀ ਜ਼ਖ਼ਮੀ ਹੋ ਦੱਸਿਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਸਬ ਡਵੀਜ਼ਨ ਮਨਿੰਦਰਪਾਲ ਸਿੰਘ ਤੇ ਐੱਸ. ਐੱਚ. ਓ. ਸਦਰ ਇੰਸਪੈਕਟਰ ਸੋਨਮਦੀਪ ਕੌਰ ਪੁਲਸ ਟੀਮ ਦੇ ਨਾਲ ਮੌਕੇ ’ਤੇ ਪਹੁੰਚੇ।

2 ਜ਼ਖ਼ਮੀਆਂ ਨੂੰ ਜਲੰਧਰ ਕੀਤਾ ਰੈਫਰ

ਤਿੰਨਾਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਕਪੂਰਥਲਾ ’ਚ ਇਲਾਜ ਵਾਸਤੇ ਭਰਤੀ ਕਰਵਾਇਆ ਜਿੱਥੇ ਡਿਊਟੀ ’ਤੇ ਤਾਇਨਾਤ ਡਾਕਟਰਾਂ ਨੇ ਕਾਂਸਟੇਬਲ ਪਰਮਿੰਦਰ ਸਿੰਘ ਤੇ ਜ਼ਖ਼ਮੀ ਹੋਏ ਇਕ ਹੋਰ ਵਿਅਕਤੀ ਸਤਵਿੰਦਰ ਸਿੰਘ ਨੂੰ ਇਲਾਜ ਦੇ ਲਈ ਜਲੰਧਰ ਦੇ ਨਿੱਜੀ ਹਸਪਤਾਲ ਦੇ ਲਈ ਰੈਫਰ ਕਰ ਦਿੱਤਾ।

ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ : ਐੱਸ. ਐੱਸ. ਪੀ.

ਇਸ ਸਬੰਧੀ ਜਦੋਂ ਐੱਸ. ਐੱਸ. ਪੀ. ਕਪੂਰਥਲਾ ਨਵਨੀਤ ਸਿੰਘ ਬੈਂਸ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਸ਼ਾਮਲ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ। ਜਲਦੀ ਹੀ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 
 


Simran Bhutto

Content Editor

Related News