ਪਟਿਆਲਾ ਵਿਖੇ ਪੁਲਸ ਮੁਲਾਜ਼ਮ ''ਤੇ ਡਿਊਟੀ ਦੌਰਾਨ ਹਮਲਾ ਨਿੰਦਣਯੋਗ : ਢੀਂਡਸਾ

04/12/2020 8:21:29 PM

ਸੰਗਰੂਰ,(ਸਿੰਗਲਾ)- ਸੀਨੀਅਰ ਅਕਾਲੀ ਆਗੂ ਤੇ ਰਾਜ ਸਭਾ ਮੈਂਬਰ ਸ: ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਪਟਿਆਲਾ ਦੀ ਸਬਜ਼ੀ ਮੰਡੀ ਅੰਦਰ ਕੁੱਝ ਸਿਰਫਿਰੇ ਅਨਸਰਾਂ ਵਲੋਂ ਆਪਣੀ ਬਾਖੂਬੀ ਡਿਉਟੀ ਨਿਭਾ ਰਹੇ ਪੁਲਸ ਮੁਲਾਜਮਾਂ ਉਪਰ ਹਮਲਾ ਕਰਨ ਦੀ ਘਟਨਾ ਬੇਹੱਦ ਨਿੰਦਣਯੋਗ ਹੈ ਤੇ ਇਸਦੀ ਡੱਟਕੇ ਨਿੰਦਾ ਹੋਣੀ ਚਾਹੀਦੀ ਹੈ। ਅਖੌਤੀ ਨਿਹੰਗਾਂ ਨੇ ਇਹ ਹਮਲਾ ਉਸ ਵੇਲੇ ਕੀਤਾ ਜਦੋਂ ਦੁਨੀਆਂ ਦਾ ਬੱਚਾ-ਬੱਚਾ ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਲੜ ਰਿਹਾ ਹੈ। ਵਾਇਰਸ ਦੇ ਮਾਹਿਰ ਇਹ ਗੱਲ ਵਾਰ ਵਾਰ ਕਹਿ ਰਹੇ ਹਨ ਕਿ ਲਾਕਡਾਊਨ ਬਿਨਾਂ ਮਨੁੱਖਤਾ ਨੂੰ ਨਹੀਂ ਬਚਾਇਆ ਜਾ ਸਕਦਾ। ਲਾਕਡਾਊਨ ਲਾਗੂ ਕਰਨ ਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪੰਜਾਬ ਪੁਲਸ ਆਲਾ ਦਰਜੇ ਦੀ ਭੂਮਿਕਾ ਨਿਭਾ ਰਹੀ ਹੈ । ਇਹ ਹਮਲਾ ਲੋਕਾਂ ਦੀ ਸਿਹਤ ਦੀ ਸੁਰੱਖਿਆ ਲਈ ਪੂਰੀ ਜ਼ਿਮੇਵਾਰੀ ਨਾਲ ਡਿਊਟੀ ਨਿਭਾ ਰਹੇ ਜਵਾਨਾਂ ਉਪਰ ਕੀਤਾ ਗਿਆ ਜੋ ਹਮਲਾਵਰਾਂ ਦੀ ਮਾਨਵਤਾ ਵਿਰੋਧੀ ਪਾਗਲਪਣ ਨੂੰ ਦਰਸਾਉਂਦਾ ਹੈ। ਸਾਨੂੰ ਸਾਰਿਆਂ ਨੂੰ ਬਾਖੂਬੀ ਆਪਣੀ ਡਿਊਟੀ ਨਿਭਾ ਰਹੇ ਪਟਿਆਲਾ ਪੁਲਸ ਦੇ ਜਵਾਨਾਂ ਦੀ ਰੱਜਕੇ ਪ੍ਰਸੰਸਾ ਕਰਨੀ ਚਾਹੀਦੀ ਹੈ। ਮੈਂ ਪੁਲਸ ਦੇ ਜਵਾਨਾਂ 'ਤੇ ਹੋਏ ਹਮਲੇ ਦੀ ਨਿਖੇਧੀ ਕਰਦਾ ਹਾਂ ਤੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਦਾ ਹਾਂ।


Bharat Thapa

Content Editor

Related News