ਰਾਡਾਂ ਤੇ ਡੰਡਿਆਂ ਨਾਲ ਵਿਅਕਤੀ ’ਤੇ ਜਾਨਲੇਵਾ ਹਮਲਾ
Saturday, Oct 19, 2024 - 12:07 PM (IST)
ਚੰਡੀਗੜ੍ਹ (ਪ੍ਰੀਕਸ਼ਿਤ) : ਸੈਕਟਰ-31 ਥਾਣਾ ਅਧੀਨ ਪੈਂਦੇ ਰਾਮ ਦਰਬਾਰ ’ਚ ਹਥਿਆਰਬੰਦ ਨੌਜਵਾਨਾਂ ਨੇ ਵਿਅਕਤੀ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਡੰਡਿਆਂ ਨਾਲ ਲੈਸ ਹਮਲਾਵਰਾਂ ਨੇ ਉਸ ਦੇ ਸਿਰ ’ਤੇ ਕਈ ਵਾਰ ਕੀਤੇ ਤੇ ਉਸ ਨੂੰ ਅੱਧਮਰਿਆ ਕਰ ਕੇ ਭੱਜ ਗਏ। ਜ਼ਖ਼ਮੀ ਨਰੇਸ਼ ਕੁਮਾਰ ਨੂੰ ਸੈਕਟਰ-32 ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਪੀੜਤ ਦੇ ਬਿਆਨ ਤੇ ਸ਼ਿਕਾਇਤ ਦੇ ਆਧਾਰ ’ਤੇ ਸੈਕਟਰ-31 ਥਾਣਾ ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਮੁਲਜ਼ਮਾਂ ਦੀ ਪਛਾਣ ਦੀਪਕ ਉਰਫ਼ ਡਿਸਕਵਰੀ, ਵਿਵੇਕ ਉਰਫ਼ ਵਿੱਕੀ, ਸਾਗਰ, ਕਾਂਚਾ, ਅੰਕੁਸ਼, ਕੱਲੂ, ਕਾਕਾ, ਆਕਾਸ਼ ਉਰਫ਼ ਡਾਲੀ ਤੇ ਸਾਥੀਆਂ ਵਜੋਂ ਹੋਈ ਹੈ।
ਰਾਮਦਰਬਾਰ ਦੀ ਰਹਿਣ ਵਾਲੀ ਨਿਸ਼ਾ ਨੇ ਸ਼ਿਕਾਇਤ ’ਚ ਦੱਸਿਆ ਕਿ ਉਹ ਬੁੱਧਵਾਰ ਰਾਤ ਕਰੀਬ 10 ਵਜੇ ਘਰ ਦੇ ਬਾਹਰ ਚਾਚਾ ਨਰੇਸ਼ ਕੁਮਾਰ ਦੇ ਨਾਲ ਖੜ੍ਹੇ ਸਨ। ਇਸ ਦੌਰਾਨ ਸਕੂਟਰ ਸਵਾਰ ਦੋ ਨੌਜਵਾਨ ਆ ਕੇ ਚਾਚੇ ਨੂੰ ਗਾਲ੍ਹਾਂ ਕੱਢਣ ਲੱਗ ਪਏ ਤੇ ਰੋਕਣ ’ਤੇ ਹਮਲਾ ਕਰ ਦਿੱਤਾ। ਚਾਚਾ ਗਲੀ ਦੇ ਦੂਜੇ ਪਾਸੇ ਭੱਜੇ ਪਰ ਉੱਥੇ ਪਹਿਲਾਂ ਤੋਂ ਹੀ ਖੜ੍ਹੇ ਮੁਲਜ਼ਮਾਂ ਨੇ ਉਸ ਨੂੰ ਘੇਰ ਲਿਆ। ਉਨ੍ਹਾਂ ਦੇ ਹੱਥਾਂ ’ਚ ਤਲਵਾਰਾਂ, ਰਾਡਾਂ, ਲਾਠੀਆਂ ਤੇ ਤੇਜ਼ਧਾਰ ਹਥਿਆਰ ਸਨ। ਇਕ ਮੁਲਜ਼ਮ ਨੇ ਤਲਵਾਰ, ਦੂਜੇ ਨੇ ਡੰਡਿਆਂ ਤੇ ਰਾਡਾਂ ਨਾਲ ਹਮਲਾ ਕੀਤਾ। ਨਰੇਸ਼ ਦੇ ਸਿਰ ’ਤੇ ਸੱਟ ਲਗੀ ਤੇ ਉਹ ਲਹੂਲੁਹਾਨ ਹੋ ਗਿਆ। ਇਸ ਤੋਂ ਬਾਅਦ ਮੁਲਜ਼ਮ ਜਾਨੋਂ ਮਾਰਨ ਦੀ ਧਮਕੀ ਦੇ ਕੇ ਫ਼ਰਾਰ ਹੋ ਗਏ। ਜ਼ਖ਼ਮੀ ਨੂੰ ਖ਼ੂਨ ਨਾਲ ਲੱਥਪੱਥ ਹਾਲਤ ’ਚ ਇਲਾਜ ਲਈ ਜੀ.ਐੱਮ.ਸੀ.ਐੱਚ.-32 ’ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਹੈ।