ਸਾਬਕਾ ਵਿਧਾਇਕ ਨਾਲ ਹੋਈ ਕੁੱਟਮਾਰ, ਮੰਗੀ 50 ਲੱਖ ਦੀ ਫਿਰੌਤੀ, ਜਾਨੋਂ ਮਾਰਨ ਦੀ ਦਿੱਤੀ ਧਮਕੀ
Friday, Feb 24, 2023 - 08:03 PM (IST)
ਬੁਢਲਾਡਾ (ਬਾਂਸਲ) : ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਦੀ ਚਾਰ ਅਣਪਛਾਤੇ ਵਿਅਕਤੀਆਂ ਵੱਲੋਂ ਕੁੱਟਮਾਰ ਕਰਕੇ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਾਂਸਲ ਨੂੰ ਜ਼ਖ਼ਮੀ ਹਾਲਤ ਵਿੱਚ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਦਾਖ਼ਲ ਕਰਵਾਇਆ ਗਿਆ। ਜ਼ੇਰੇ ਇਲਾਜ ਸਾਬਕਾ ਵਿਧਾਇਕ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਦਫ਼ਤਰ ਵਿੱਚ ਬੈਠੇ ਸਨ ਤਾਂ ਕੁਝ ਅਣਪਛਾਤੇ ਵਿਅਕਤੀ ਦਫ਼ਤਰ ਵਿੱਚ ਦਾਖ਼ਲ ਹੋਏ ਅਤੇ ਅੰਦਰੋਂ ਕੁੰਡੀ ਲਗਾ ਕੇ ਉਨ੍ਹਾਂ ਦੀ ਕੁੱਟਮਾਰ ਕਰਨ ਲੱਗੇ। ਸਾਬਕਾ ਵਿਧਾਇਕ ਨੇ ਦੱਸਿਆ ਕਿ ਮੋਬਾਈਲ ਤੋੜਨ ਤੋਂ ਬਾਅਦ ਮੁਲਜ਼ਮ 50 ਲੱਖ ਰੁਪਏ ਦੀ ਮੰਗ ਕਰਨ ਲੱਗੇ।
ਇਹ ਵੀ ਪੜ੍ਹੋ : ਕੋਟਕਪੂਰਾ ਗੋਲੀ ਕਾਂਡ ਦੇ ਦੋਸ਼ੀ ਤੇ ਸਾਜਿਸ਼ ਰਚਣ ਵਾਲਿਆਂ ਦੇ ਚਿਹਰੇ ਹੇਏ ਬੇਨਕਾਬ : CM ਮਾਨ
ਮੁਲਜ਼ਮਾਂ ਨੇ ਉਨ੍ਹਾਂ ਨੂੰ ਧਮਕੀ ਦਿੰਦਿਆਂ ਕਿਹਾ ਕਿ ਜੇਕਰ ਇਸ ਸਬੰਧੀ ਪੁਲਸ ਨੂੰ ਦੱਸਿਆ ਤਾਂ ਉਨ੍ਹਾਂ ਨੂੰ ਜਾਨੋ ਮਾਰ ਦਿੱਤਾ ਜਾਵੇਗਾ ਅਤੇ ਉਨ੍ਹਾਂ ਕਿਹਾ 2 ਦਿਨਾਂ ਬਾਅਦ ਸਾਡਾ ਆਦਮੀ ਤੁਹਾਡੇ ਕੋਲੋਂ ਆ ਕੇ 50 ਲੱਖ ਰੁਪਏ ਲੈ ਜਾਵੇਗਾ। ਸਾਬਕਾ ਵਿਧਾਇਕ ਵੱਲੋਂ ਰੋਲਾ ਪਾਉਣ 'ਤੇ ਉਹ ਮੌਕੇ ਤੋਂ ਫਰਾਰ ਹੋ ਗਏ। ਪੁਲਸ ਨੇ ਉਪਰੋਕਤ ਘਟਨਾ ਤੋਂ ਬਾਅਦ ਜ਼ਿਲ੍ਹੇ 'ਚ ਨਾਕਾਬੰਦੀ ਕਰਕੇ ਇਨੌਵਾ ਸਵਾਰ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਆਸ ਪਾਸ ਦੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਘਾਲਣਾ ਸ਼ੁਰੂ ਕਰ ਦਿੱਤਾ ਹੈ। ਘਟਨਾ ਵਾਲੀ ਜਗ੍ਹਾ ਦਾ ਜਾਇਜ਼ਾ ਲੈਣ ਲਈ ਡੀ.ਐੱਸ.ਪੀ. ਨਵਨੀਤ ਕੌਰ ਗਿੱਲ, ਐੱਸ.ਐੱਚ.ਓ. ਬਰੇਟਾ ਗੁਰਦਰਸ਼ਨ ਸਿੰਘ ਮਾਨ ਮੌਕੇ 'ਤੇ ਪਹੁੰਚੇ।
ਇਹ ਵੀ ਪੜ੍ਹੋ : ਲੋਕਾਂ ਦੀਆਂ ਭਾਵਨਾਵਾਂ ਦੀ ਰਾਖੀ ਕਰਨਾ ਸਾਡਾ ਫਰਜ਼, ਅਜਨਾਲਾ ਵਿਖੇ ਹੋਏ ਹਿੰਸਕ ਪ੍ਰਦਰਸ਼ਨ 'ਤੇ ਬੋਲੇ ਮੰਤਰੀ ਧਾਲੀਵਾਲ
ਉਧਰ ਦੂਜੇ ਪਾਸੇ ਸ਼ਹਿਰ ਵਿੱਚ ਸਾਬਕਾ ਵਿਧਾਇਕ 'ਤੇ ਹਮਲੇ ਦੀ ਖ਼ਬਰ ਅੱਗ ਦੀ ਤਰ੍ਹਾਂ ਫੈਲ੍ਹੀ ਤਾਂ ਲੋਕ ਹਸਪਤਾਲ 'ਚ ਇਕੱਠੇ ਹੋਣ ਲੱਗੇ। ਇਸ ਮੌਕੇ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਮਨੋਜ ਮੰਜੂ ਬਾਂਸਲ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰੇਮ ਸਿੰਘ ਦੌਦੜਾ, ਸ਼ੈਲਰ ਐਸੋਸੀਏਸ਼ਨ ਦੇ ਰਮੇਸ਼ ਕੁਮਾਰ ਟੈਣੀ ਆਦਿ ਵੱਡੀ ਗਿਣਤੀ ਚ ਸਮਰਥਕਾਂ ਵੱਲੋਂ ਉਪਰੋਕਤ ਘਟਨਾ ਦੀ ਨਿੰਦਿਆਂ ਕੀਤੀ ਗਈ।