ਲੁਧਿਆਣਾ : ਮਨਪ੍ਰੀਤ ''ਤੇ ਕਾਤਲਾਨਾ ਹਮਲੇ ਦੇ ਮਾਮਲੇ ''ਚ ਭੈਣ ਸਮੇਤ ਆਸ਼ਕ ਗ੍ਰਿਫਤਾਰ

Saturday, Jul 14, 2018 - 03:20 PM (IST)

ਲੁਧਿਆਣਾ : ਮਨਪ੍ਰੀਤ ''ਤੇ ਕਾਤਲਾਨਾ ਹਮਲੇ ਦੇ ਮਾਮਲੇ ''ਚ ਭੈਣ ਸਮੇਤ ਆਸ਼ਕ ਗ੍ਰਿਫਤਾਰ

ਲੁਧਿਆਣਾ (ਨਰਿੰਦਰ) : ਲੁਧਿਆਣਾ ਪੁਲਸ ਵਲੋਂ ਚੂਹੜਪੁਰ ਰੋਡ 'ਤੇ ਬੀਤੇ ਦਿਨੀਂ ਮਨਪ੍ਰੀਤ ਸਿੰਘ 'ਤੇ ਹੋਏ ਕਾਤਲਾਨਾ ਹਮਲੇ ਦੇ ਮਾਮਲੇ 'ਚ ਉਸ ਦੀ ਭੈਣ, ਆਸ਼ਕ ਤੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਤੋਂ 32 ਬੋਰ ਦੀ ਪਿਸਤੌਲ, ਇਕ ਦੇਸੀ ਕੱਟਾ ਅਤੇ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।
ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ 10 ਜੁਲਾਈ ਨੂੰ ਰਾਤ ਦੇ 9 ਵਜੇ ਚੂਹੜਪੁਰ ਰੋਡ 'ਤੇ ਮਨਪ੍ਰੀਤ ਸਿੰਘ ਉਰਫ ਮਨੀ 'ਤੇ ਮੋਟਰਸਾਈਕਲ ਸਵਾਰ 2 ਅਣਪਛਾਤੇ ਲੋਕਾਂ ਵਲੋਂ ਗੋਲੀਆਂ ਚਲਾਈਆਂ ਗਈਆਂ ਸਨ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਮਨਪ੍ਰੀਤ ਦੀ ਭੈਣ ਐਨੀਪ੍ਰੀਤ ਕੌਰ ਨੇ ਆਪਣੇ ਆਸ਼ਕ ਸਤਨਾਮ ਸਿੰਘ ਨਾਲ ਮਿਲ ਕੇ ਇਹ ਸਾਜਿਸ਼ ਰਚੀ ਸੀ।
ਐਨੀਪ੍ਰੀਤ ਦਾ ਪਤੀ ਮਰ ਚੁੱਕਾ ਹੈ, ਜਦੋਂ ਕਿ ਸਤਨਾਮ ਸਿੰਘ ਉਸ ਦੇ ਪਿਤਾ, ਜੋ ਕਿ ਧਾਰਮਿਕ ਸਥਾਨ 'ਤੇ ਮੁੱਖ ਸੇਵਾਦਾਰ ਹਨ, ਕੋਲ ਡਰਾਈਵਰੀ ਦਾ ਕੰਮ ਕਰਦਾ ਸੀ। ਐਨੀਪ੍ਰੀਤ ਦਾ ਇਕ ਬੇਟਾ ਵੀ ਹੈ, ਜਦੋਂ ਕਿ ਸਤਨਾਮ ਦੀ ਬੇਟੀ ਹੈ। ਦੋਹਾਂ ਨੂੰ ਲੱਗਿਆ ਕਿ ਮਨਪ੍ਰੀਤ ਨੂੰ ਮਾਰਨ ਨਾਲ ਪਿਤਾ ਦੀ ਧਾਰਮਿਕ ਸਥਾਨ ਦੀ ਸੇਵਾ ਅਤੇ ਪ੍ਰਾਪਰਟੀ ਉਨ੍ਹਾਂ ਨੂੰ ਮਿਲ ਜਾਵੇਗੀ। ਇਸ ਲਈ ਐਨੀਪ੍ਰੀਤ ਨੇ ਸਤਨਾਮ ਦੇ ਇਕ ਦੋਸਤ ਜਸਵੀਰ ਸਿੰਘ ਨੂੰ ਆਪਣੇ ਨਾਲ ਮਿਲਾ ਲਿਆ। ਇਸ ਤੋਂ ਬਾਅਦ ਸਤਨਾਮ ਤੇ ਜਸਵੀਰ ਨੇ ਮਨਪ੍ਰੀਤ 'ਤੇ ਹਮਲਾ ਕਰ ਦਿੱਤਾ। ਪੁਲਸ ਨੇ ਸ਼ੱਕ ਦੇ ਆਧਾਰ 'ਤੇ ਐਨੀਪ੍ਰੀਤ ਨੂੰ ਹਿਰਾਸਤ 'ਚ ਲਿਆ। ਫਿਲਹਾਲ ਪੁਲਸ ਇਸ ਮਾਮਲੇ 'ਚ ਹੁਣ ਤੱਕ 4 ਦੋਸ਼ੀਆਂ ਨੂੰ ਕਾਬੂ ਕਰ ਚੁੱਕੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। 


Related News