ਧੋਖੇ ਨਾਲ ਏ. ਟੀ. ਐੱਮ ਕਾਰਡ ਬਦਲ ਕੇ ਬਜ਼ੁਰਗ ਨਾਲ ਮਾਰੀ 65 ਹਜ਼ਾਰ ਦੀ ਠੱਗੀ

Friday, Aug 02, 2024 - 04:06 PM (IST)

ਧੋਖੇ ਨਾਲ ਏ. ਟੀ. ਐੱਮ ਕਾਰਡ ਬਦਲ ਕੇ ਬਜ਼ੁਰਗ ਨਾਲ ਮਾਰੀ 65 ਹਜ਼ਾਰ ਦੀ ਠੱਗੀ

ਬਨੂੜ (ਗੁਰਪਾਲ) : ਇਕ ਨੌਸਰਬਾਜ਼ ਨੌਜਵਾਨ ਨੇ ਧੋਖੇ ਨਾਲ 68 ਸਾਲਾ ਬਜ਼ੁਰਗ ਦਾ ਏ. ਟੀ. ਐੱਮ ਕਾਰਡ ਬਦਲ ਕੇ 65 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਅਮਰਜੀਤ ਸਿੰਘ ਵਾਸੀ ਪਿੰਡ ਕਨੋੜ (ਖਿਜਰਗੜ੍ਹ) ਨੇ ਦੱਸਿਆ ਕਿ ਉਸ ਦੇ ਇਕਲੌਤੇ ਪੁੱਤਰ ਦੀ ਕੁਝ ਸਾਲ ਪਹਿਲਾਂ ਸੜਕਾਂ ਹਾਦਸੇ ਵਿਚ ਮੌਤ ਹੋ ਚੁੱਕੀ ਹੈ ਅਤੇ ਉਹ ਥੋੜੀ ਬਹੁਤ ਖੇਤੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ। ਉਨ੍ਹਾਂ ਦੱਸਿਆ ਕਿ ਉਸਦੇ ਪਰਿਵਾਰ ਵਿਚ ਪੰਜ ਮੈਂਬਰ ਹਨ ਅਤੇ ਉਸਨੇ ਥੋੜੀ ਥੋੜੀ ਬਚਤ ਕਰਕੇ ਆਪਣੇ ਖਾਤੇ ਵਿਚ 70 ਹਜ਼ਾਰ ਰੁਪਏ ਜਮਾਂ ਕੀਤੇ ਹੋਏ ਸਨ। ਪੀੜਤ ਬਜ਼ੁਰਗ ਨੇ ਦੱਸਿਆ ਕਿ ਬੀਤੇ ਦਿਨੀਂ ਜਦੋਂ ਬਨੂੜ ਬੈਰੀਅਰ ਨੇੜੇ ਸਥਿਤ ਕੇਨਰਾ ਬੈਂਕ ਦੇ ਨੇੜੇ ਲੱਗੇ ਏ. ਟੀ. ਐੱਮ 'ਚੋਂ ਆਪਣੇ ਪਰਿਵਾਰ ਦੇ ਗੁਜ਼ਾਰੇ ਲਈ 5 ਹਜ਼ਾਰ ਰੁਪਏ ਕਢਾਉਣ ਲਈ ਗਿਆ ਸੀ ਜਦੋਂ ਉਸਨੇ ਪੈਸੇ ਕਢਾਉਣ ਲਈ ਅੰਦਰ ਵੜਿਆ ਤਾਂ ਉਸਦੇ ਨਾਲ ਹੀ ਇਕ ਨੌਸਰਬਾਜ਼ ਨੌਜਵਾਨ ਵੜ ਗਿਆ ਜਦੋਂ ਉਹ ਆਪਣੇ ਏ. ਟੀ. ਐੱਮ. ਕਾਰਡ ਰਾਹੀਂ 5 ਹਜ਼ਾਰ ਰੁਪਏ ਕਢਵਾਏ ਤਾਂ ਉਸ ਨੌਜਵਾਨ ਵੱਲੋਂ ਉਸ ਵੱਲੋਂ ਲਗਾਇਆ ਹੋਇਆ ਕੋਡ ਦੇਖ ਲਿਆ ਅਤੇ ਧੋਖੇਬਾਜ਼ੀ ਨਾਲ ਉਸਦਾ ਏ. ਟੀ. ਐੱਮ. ਕਾਰਡ ਬਦਲ ਲਿਆ। 

ਬਜ਼ੁਰਗ ਨੇ ਦੱਸਿਆ ਕਿ ਜਦੋਂ ਉਹ 5 ਹਜ਼ਾਰ ਰੁਪਏ ਕਢਵਾ ਕੇ ਬਾਜ਼ਾਰ ਵਿਚੋਂ ਆਪਣੇ ਪਰਿਵਾਰ ਲਈ ਸਮਾਨ ਖਰੀਦ ਰਿਹਾ ਸੀ ਤਾਂ ਅਚਾਨਕ ਉਸਦੇ ਫੋਨ 'ਤੇ ਮੈਸੇਜ ਆਇਆ ਜਦੋਂ ਉਸ ਨੇ ਉਹ ਮੈਸੇਜ ਉਕਤ ਦੁਕਾਨਦਾਰ ਨੂੰ ਪੜ੍ਹਾਇਆ ਤਾਂ ਦੇਖਿਆ ਕਿ ਉਸਦੇ ਖਾਤੇ ਵਿਚੋਂ ਰਾਸ਼ੀ ਕਢਵਾ ਲਈ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਅਤੇ ਉਸਨੇ ਇਸ ਘਟਨਾ ਬਾਰੇ ਤੁਰੰਤ ਬੈਂਕ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਤੇ ਆਪਣੇ ਨਾਲ ਹੋਈ ਠੱਗੀ ਬਾਰੇ ਦੱਸਿਆ। ਪੀੜਤ ਨੇ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਥਾਣਾ ਬਨੂੜ ਦੀ ਪੁਲਸ ਨੂੰ ਦੇ ਕੇ ਅਧਿਕਾਰੀਆਂ ਤੋਂ ਉਸਦੇ ਖਾਤੇ ਵਿਚੋਂ ਕਢਵਾਏ ਗਏ 65 ਹਜ਼ਾਰ ਰੁਪਏ ਦਵਾਉਣ ਦੀ ਮੰਗ ਕੀਤੀ ਤਾਂ ਜੋ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਸਕੇ।


author

Gurminder Singh

Content Editor

Related News