ਸਹਾਇਕ ਕਮਿਸ਼ਨਰ ਵਲੋਂ ਕੇਂਦਰੀ ਜੇਲ ਫਿਰੋਜ਼ਪੁਰ ਦਾ ਦੌਰਾ

Thursday, Jul 25, 2019 - 05:17 PM (IST)

ਸਹਾਇਕ ਕਮਿਸ਼ਨਰ ਵਲੋਂ ਕੇਂਦਰੀ ਜੇਲ ਫਿਰੋਜ਼ਪੁਰ ਦਾ ਦੌਰਾ

ਫਿਰੋਜ਼ਪੁਰ (ਕੁਮਾਰ, ਮਨਦੀਪ) - ਸਹਾਇਕ ਕਮਿਸ਼ਨਰ (ਜ.) ਰਣਜੀਤ ਸਿੰਘ ਵਲੋਂ ਅੱਜ ਕੇਂਦਰੀ ਜੇਲ ਫਿਰੋਜ਼ਪੁਰ ਦਾ ਦੌਰਾ ਕੀਤਾ ਗਿਆ, ਜਿਸ ਦੌਰਾਨ ਉਨ੍ਹਾਂ ਨੇ ਨਾਲ ਜੇਲ ਸੁਪਰਡੈਂਟ ਕਰਨਜੀਤ ਸਿੰਘ ਸੰਧੂ ਹਾਜ਼ਰ ਸਨ। ਇਸ ਮੌਕੇ ਉਨ੍ਹਾਂ ਜੇਲ 'ਚ ਬੰਦ ਕੈਦੀਆਂ/ਹਵਾਲਾਤੀਆਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਸਬੰਧਤ ਅਧਿਕਾਰੀਆਂ ਨੂੰ ਮੁਸ਼ਕਲਾਂ ਦਾ ਹੱਲ ਕਰਨ ਲਈ ਨਿਰਦੇਸ਼ ਦਿੱਤੇ। ਕੈਦੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਆਪਣੀਆਂ ਹੋਈਆਂ ਗਲਤੀਆਂ ਨੂੰ ਭੁੱਲਾ ਕੇ ਸਜ਼ਾ ਪੂਰੀ ਹੋਣ ਉਪਰੰਤ ਬਾਹਰ ਜਾ ਕੇ ਚੰਗੇ ਨਾਗਰਿਕ ਵਜੋਂ ਲੋਕਾਂ 'ਚ ਵਿਚਰਨ ਅਤੇ ਸਮਾਜ ਭਲਾਈ ਦੇ ਕੰਮਾਂ 'ਚ ਲੱਗ ਕੇ ਆਪਣੇ ਭਵਿੱਖ ਨੂੰ ਸੁਨਹਿਰਾ ਬਣਾਉਣ। ਜੇਲ 'ਚ ਰਹਿ ਰੇ ਉਹ ਲਾਇਬ੍ਰੇਰੀ ਦੇ ਸ਼ਡਿਊਲ ਅਨੁਸਾਰ ਕਿਤਾਬਾਂ ਪੜ੍ਹ ਕੇ ਆਪਣੇ ਗਿਆਨ 'ਚ ਵਾਧਾ ਕਰਨ। ਉਨ੍ਹਾਂ ਜੇਲ ਅਧਿਕਾਰੀਆਂ ਨੂੰ ਕਿੱਤਿਆਂ ਨਾਲ ਸਬੰਧਤ ਜਾਣਕਾਰੀ ਭਰਪੂਰ ਕਿਤਾਬਾਂ ਲਾਇਬ੍ਰੇਰੀ 'ਚ ਰੱਖਣ ਲਈ ਕਿਹਾ। ਉਨ੍ਹਾਂ ਨੇ ਕੈਦੀਆਂ/ਹਵਾਲਾਤੀਆਂ ਨੂੰ ਦਿੱਤੇ ਜਾ ਰਹੇ ਖਾਣੇ ਦੇ ਮਿਆਰ ਸਬੰਧੀ ਰਸੋਈ ਘਰ 'ਚ ਜਾ ਕੇ ਖੁਦ ਖਾਣਾ ਖਾ ਕੇ ਚੈੱਕ ਕੀਤਾ ਅਤੇ ਨਸ਼ਾ ਛੁਡਾਊ ਕੇਂਦਰ, ਓਟ ਸੈਂਟਰ, ਜਿਮ, ਫੈਕਟਰੀ, ਹਸਪਤਾਲ ਅਤੇ ਜਨਾਨਾ ਵਾਰਡ ਸਮੇਤ ਵੱਖ-ਵੱਖ ਬੈਰਕਾਂ ਦਾ ਜਾਇਜ਼ਾ ਲਿਆ। 

ਉਨ੍ਹਾਂ ਹਸਪਤਾਲ ਦੇ ਨਿਰੀਖਣ ਦੌਰਾਨ ਮਰੀਜ਼ ਕੈਦੀਆਂ ਦਾ ਹਾਲ-ਚਾਲ ਪੁੱਛਿਆ ਅਤੇ ਹਾਜ਼ਰ ਡਾਕਟਰ ਨੂੰ ਹਦਾਇਤ ਕੀਤੀ ਕਿ ਜੇਲਾਂ 'ਚ ਬੰਦੀਆਂ/ਕੈਦੀਆਂ ਦੀ ਸਿਹਤ ਦਾ ਖ਼ਾਸ ਤੌਰ 'ਤੇ ਧਿਆਨ ਰੱਖਿਆ ਜਾਵੇ ਅਤੇ ਸਮੇਂ -ਸਮੇਂ ਮਰੀਜ਼ਾਂ ਦਾ ਚੈੱਕਅਪ ਕੀਤਾ ਜਾਵੇ।ਉਨ੍ਹਾਂ ਡਾਕਟਰ ਹਰਲਾਬ ਸਿੰਘ ਤੋਂ ਨਸ਼ਾ ਛੁਡਾਊ ਕੇਂਦਰ 'ਚ ਕੈਦੀ ਮਰੀਜ਼ਾਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ। ਸਹਾਇਕ ਕਮਿਸ਼ਨਰ ਨੇ ਜੇਲ ਵਿਚਲੇ ਹਸਪਤਾਲ 'ਚ ਕੈਦੀਆਂ ਦੇ ਇਲਾਜ ਅਤੇ ਡਾਕਟਰਾਂ ਤੋਂ ਦਵਾਈਆਂ ਆਦਿ ਦੀ ਉਪਲੱਬਧਤਾ ਬਾਰੇ ਪੁੱਛਿਆ। ਇਸ ਉਪਰੰਤ ਉਨ੍ਹਾਂ ਜੇਲ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੈਦੀਆਂ/ਹਵਾਲਾਤੀਆਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕੀਤਾ ਜਾਵੇ ਅਤੇ ਜੇਲ ਦੀ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ ਲਈ ਕਿਹਾ।


author

rajwinder kaur

Content Editor

Related News