ਧੜਿਆਂ ''ਚ ਵੰਡੀ ਭਾਜਪਾ, ਹੁਣ ਤਾਂ ਵਰਕਰ ਵੀ ਕਰਨ ਲੱਗੇ ਕੁਮੈਂਟਬਾਜ਼ੀ

Sunday, Nov 11, 2018 - 05:33 PM (IST)

ਧੜਿਆਂ ''ਚ ਵੰਡੀ ਭਾਜਪਾ, ਹੁਣ ਤਾਂ ਵਰਕਰ ਵੀ ਕਰਨ ਲੱਗੇ ਕੁਮੈਂਟਬਾਜ਼ੀ

ਜਲੰਧਰ (ਰਵਿੰਦਰ ਸ਼ਰਮਾ)— ਸੂਬੇ 'ਚ ਭਾਜਪਾ 3 ਵਿਧਾਨ ਸਭਾ ਸੀਟਾਂ 'ਤੇ ਸਿਮਟ ਗਈ ਹੈ। ਜ਼ਿਲੇ ਦੀ ਗੱਲ ਕਰੀਏ ਤਾਂ ਸ਼ਹਿਰ ਦੀਆਂ ਤਿੰਨਾਂ ਸੀਟਾਂ 'ਤੇ ਭਾਜਪਾ ਭਾਰੀ ਵੋਟਾਂ ਤੋਂ ਹਾਰ ਚੁੱਕੀ ਹੈ। ਨਗਰ ਨਿਗਮ ਦੀ ਸੱਤਾ ਤੋਂ ਭਾਜਪਾ ਬਾਹਰ ਹੋ ਚੁੱਕੀ ਹੈ। ਲੋਕਾਂ ਦਰਮਿਆਨ ਪਾਰਟੀ ਦੀ ਪੈਠ ਨੇਤਾਵਾਂ ਦੀ ਹੈਂਕੜਬਾਜ਼ੀ ਕਾਰਨ ਖਤਮ ਹੋ ਚੁੱਕੀ ਹੈ ਪਰ ਇਸ ਸਭ ਦੇ ਬਾਵਜੂਦ ਪਾਰਟੀ ਕੁਝ ਸਬਕ ਸਿੱਖਣ ਨੂੰ ਤਿਆਰ ਨਹੀਂ ਹੈ। ਜ਼ਿਲੇ 'ਚ ਭਾਜਪਾ ਜੰਮ ਕੇ ਧੜੇਬਾਜ਼ੀ ਦਾ ਸ਼ਿਕਾਰ ਹੋ ਚੁੱਕੀ ਹੈ। ਹੁਣ ਤਾਂ ਕੋਈ ਪਾਰਟੀ ਪ੍ਰੋਗਰਾਮ ਹੋਵੇ ਜਾਂ ਫਿਰ ਸੋਸ਼ਲ ਮੀਡੀਆ ਦਾ ਜ਼ਰੀਆ, ਹਰ ਪਾਸੇ ਇਕ-ਦੂਜੇ 'ਤੇ ਕੁਮੈਂਟਬਾਜ਼ੀ ਕਰ ਕੇ ਨੇਤਾਵਾਂ ਦੀ ਪੋਲ ਖੋਲ੍ਹੀ ਜਾ ਰਹੀ ਹੈ।
ਨਵਾਂ ਇਸ਼ੂ ਕੁਝ ਦਿਨ ਪਹਿਲਾਂ ਜਲੰਧਰ 'ਚ ਹੋਏ ਇਕ ਪ੍ਰੋਗਰਾਮ ਦਾ ਹੈ, ਜਿਸ 'ਚ ਪਾਰਟੀ ਦੇ ਸੀਨੀਅਰ ਨੇਤਾ ਤੇ ਉਪ ਪ੍ਰਧਾਨ ਅਵਿਨਾਸ਼ ਰਾਏ ਖੰਨਾ ਪਹੁੰਚੇ ਸਨ ਅਤੇ ਵਰਕਰਾਂ ਦਾ ਸਨਮਾਨ ਵੀ ਕੀਤਾ ਗਿਆ ਸੀ। ਜ਼ਿਲਾ ਭਾਜਪਾ ਨੇ ਫੇਸਬੁੱਕ 'ਤੇ ਭਾਜਪਾ ਜਲੰਧਰ ਨਾਂ ਨਾਲ ਆਪਣਾ ਫੇਸਬੁੱਕ ਪੇਜ਼ ਬਣਾਇਆ ਹੋਇਆ ਹੈ। ਪਾਰਟੀ ਅੰਦਰ ਧੜੇਬਾਜ਼ੀ ਦੇ ਹਾਲਾਤ ਇਹ ਬਣ ਚੁੱਕੇ ਹਨ ਕਿ ਪਾਰਟੀ ਨੇਤਾ ਵਿਜੇ ਕਾਲੀਆ ਇਹ ਪੁੱਛਦੇ ਹਨ ਕਿ ਇਹ ਭਾਜਪਾ ਦੇ ਕਿਹੜੇ ਗਰੁੱਪ ਦਾ ਪ੍ਰੋਗਰਾਮ ਹੈ। ਇਸ ਦੇ ਜਵਾਬ 'ਚ ਭਾਜਪਾ ਨੇਤਾ ਮੋਹਿਤ ਗੁਪਤਾ ਦਾ ਕਹਿਣਾ ਹੈ ਕਿ ਇਹ ਉਹ ਗਰੁੱਪ ਨਹੀਂ ਹੈ, ਜਿਸ ਦੇ ਮੰਡਲ ਪ੍ਰਧਾਨ ਹਜ਼ਾਰਾਂ ਮਿਹਨਤੀ ਵਰਕਰਾਂ ਦੀ ਮਿਹਨਤ ਅਤੇ ਲਗਨ ਨਾਲ ਕੀਤੇ ਕੰਮਾਂ ਦਾ ਲਾਭ ਆਪਣੇ ਬੇਟੇ ਨੂੰ ਸਿੱਧਾ ਐੱਸ. ਡੀ. ਓ. ਭਰਤੀ ਕਰਵਾ ਕੇ ਲੈਂਦੇ ਹਨ। 

ਉਹ ਕਹਿੰਦੇ ਹਨ ਕਿ ਇਹ ਉਹ ਗਰੁੱਪ ਵੀ ਨਹੀਂ ਹੈ, ਜਿਸ ਦੇ ਮੰਡਲ ਪ੍ਰਧਾਨ ਪਹਿਲਾਂ ਹਜ਼ਾਰਾਂ ਦੇ ਠੇਕੇ ਵੀ ਨਹੀਂ ਲੈਂਦੇ ਸਨ ਪਰ ਸਰਕਾਰ ਬਣਨ ਤੋਂ ਬਾਅਦ ਪੀ. ਡਬਲਯੂ. ਡੀ. ਵਿਭਾਗ, ਸੀਵਰੇਜ ਵਿਭਾਗ ਦੇ ਏ-ਕਲਾਸ ਠੇਕੇਦਾਰ ਬਣ ਕੇ ਕਰੋੜਾਂ ਦੇ ਠੇਕੇ ਲੈਣ ਲੱਗੇ। ਇਹ ਉਹ ਗਰੁੱਪ ਵੀ ਨਹੀਂ ਹੈ, ਜਿਸ ਨੇ ਪਹਿਲਾਂ ਆਪਣੇ ਲਾਭ ਲਈ ਆਪਣੀ ਪਾਰਟੀ ਦੇ ਉਮੀਦਵਾਰ ਨੂੰ ਹਵਾ ਦੇ ਕੇ ਰਾਜਿੰਦਰ ਬੇਰੀ ਨੂੰ ਕੌਂਸਲਰ ਬਣਵਾਇਆ, ਜਿਸ ਨੇ ਜਗਦੀਸ਼ ਰਾਜਾ ਅਤੇ ਮਹਿੰਦਰ ਗੁੱਲੂ ਨੂੰ ਕੌਂਸਲਰ ਬਣਾਇਆ। ਇਹ ਉਸ ਗਰੁੱਪ ਦਾ ਪ੍ਰੋਗਰਾਮ ਨਹੀਂ ਹੈ, ਜਿਸ ਗਰੁੱਪ ਦੀ ਬਦੌਲਤ ਜਲੰਧਰ ਕੇਂਦਰੀ ਵਿਧਾਨ ਸਭਾ ਤੋਂ ਵਿਧਾਇਕ ਰਾਜਿੰਦਰ ਬੇਰੀ ਅਤੇ ਜਲੰਧਰ ਦੇ ਮੇਅਰ ਜਗਦੀਸ਼ ਰਾਜਾ ਬਣੇ ਹਨ। ਇਹ ਉਹ ਗਰੁੱਪ ਨਹੀਂ ਹੈ, ਜਿਸ ਨੇ ਕਾਂਗਰਸ ਦੇ ਸਾਬਕਾ ਵਿਧਾਇਕ ਸਾਬਕਾ ਸੰਸਦ ਮੈਂਬਰ ਯਸ਼ ਨਾਲ ਮਿਲ ਕੇ ਆਪਣੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਬਲਰਾਮਜੀ ਦਾਸ ਟੰਡਨ ਨੂੰ ਹਰਾਉਣ ਦਾ ਕੰਮ ਕੀਤਾ। ਉਹ ਗੱਦਾਰ ਅੱਜ ਖੁਦ ਨੂੰ ਈਮਾਨਦਾਰ ਵਫਾਦਾਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। 

ਫੇਸਬੁੱਕ 'ਤੇ ਆਪਣੇ ਹੀ ਨੇਤਾਵਾਂ ਵਿਰੁੱਧ ਚੱਲ ਰਹੀ ਇਹ ਕੁਮੈਂਟਬਾਜ਼ੀ ਕਾਫੀ ਕੁਝ ਪੋਲ ਖੋਲ੍ਹ ਰਹੀ ਹੈ। ਕੇਂਦਰੀ ਹਲਕੇ ਤੋਂ ਸਰਗਰਮ ਇਕ ਨੇਤਾ ਦੀਆਂ ਗਤੀਵਿਧੀਆਂ ਜਗ-ਜ਼ਾਹਿਰ ਕੀਤੀਆਂ ਜਾ ਰਹੀਆਂ ਹਨ। ਮਾਮਲਾ ਪਾਰਟੀ 'ਚ ਕਾਫੀ ਤੂਲ ਫੜ ਚੁੱਕਾ ਹੈ, ਜਿਸ ਦੇ ਨਤੀਜੇ ਆਉਣ ਵਾਲੇ ਸਮੇਂ 'ਚ ਦੇਖੇ ਜਾ ਸਕਣਗੇ।


author

shivani attri

Content Editor

Related News