ਚਮਕੌਰ ਸਾਹਿਬ ’ਚ ਹੋਵੇਗੀ ਸਖ਼ਤ ਟੱਕਰ, ਕੀ ਮੁੱਖ ਮੰਤਰੀ ਚੰਨੀ ਲਗਾ ਸਕਣਗੇ ਜਿੱਤ ਦਾ ਚੌਕਾ?

03/09/2022 6:21:52 PM

ਮੋਰਿੰਡਾ (ਅਰਨੌਲੀ) : ਪੰਜਾਬ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੀ ਸਭ ਤੋਂ ਚਰਚਿਤ ਹਾਟ ਸੀਟ ਹਲਕਾ ਸ੍ਰੀ ਚਮਕੌਰ ਸਾਹਿਬ, ਜਿੱਥੋਂ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਆਪਣੀ ਚੌਥੀ ਵਾਰ ਕਿਸਮਤ ਅਜ਼ਮਾ ਰਹੇ ਹਨ ’ਤੇ ਮੁਕਾਬਲਾ ਬੇਹੱਦ ਫਸਵਾਂ ਨਜ਼ਰ ਆ ਰਿਹਾ ਹੈ। ਦੱਸਣਯੋਗ ਹੈ ਕਿ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ 2007 ਵਿਚ ਆਜ਼ਾਦ ਚੋਣ ਲੜੇ ਅਤੇ ਜਿੱਤ ਪ੍ਰਾਪਤ ਕੀਤੀ। 2012 ਵਿਧਾਨ ਸਭਾ ਚੋਣਾਂ ਮੌਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜੇ ਅਤੇ ਜਿੱਤ ਪ੍ਰਾਪਤ ਕੀਤੀ ਅਤੇ 2016 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਨੇਤਾ ਵਿਰੋਧੀ ਧਿਰ ਬਣੇ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਮੁਕਾਬਲਾ ਤ੍ਰਿਕੋਣਾ ਸੀ, ਜਿਸ ਵਿਚ ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ, ਆਮ ਆਦਮੀ ਪਾਰਟੀ ਵੱਲੋਂ ਡਾ. ਚਰਨਜੀਤ ਸਿੰਘ, ਜਦਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਕੱਦਵਾਰ ਨੇਤਾ ਸਾਬਕਾ ਕੈਬਨਿਟ ਮੰਤਰੀ ਬੀਬੀ ਸਤਵੰਤ ਕੌਰ ਸੰਧੂ ਦੇ ਪਰਿਵਾਰ ਨੂੰ ਛੱਡ ਕੇ ਹਲਕਾ ਬੱਸੀ ਪਠਾਣਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਜਸਟਿਸ ਨਿਰਮਲ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਸੀ, ਜਿਸ ਕਾਰਨ ਬੀਬੀ ਸਤਵੰਤ ਕੌਰ ਸੰਧੂ ਦੇ ਸਮਰਥਕਾਂ ਵਿਚ ਰੋਸ ਵੇਖਣ ਨੂੰ ਮਿਲਿਆ ਸੀ। ਨਤੀਜਿਆਂ ਵਿਚ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ‘ਆਪ’ ਦੇ ਉਮੀਦਵਾਰ ਡਾ. ਚਰਨਜੀਤ ਸਿੰਘ ਨੂੰ 12000 ਤੋਂ ਵੀ ਵੱਧ ਵੋਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਸੀ, ਜਦਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦੇ ਉਮੀਦਵਾਰ ਜਸਟਿਸ ਨਿਰਮਲ ਸਿੰਘ ਤੀਜੇ ਸਥਾਨ ’ਤੇ ਰਹੇ ਸਨ।

ਇਹ ਵੀ ਪੜ੍ਹੋ : ਡੇਰਾ ਬਿਆਸ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖ਼ੁਸ਼ਖਬਰੀ, ਸੰਗਤ ਲਈ ਖੋਲ੍ਹਿਆ ਗਿਆ ਡੇਰਾ

ਜੇਕਰ 2022 ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਚੋਣਾਂ ਵਿਚ ਮੁਕਾਬਲਾ 2017 ਵਿਚ ਹੋਏ ਮੁਕਾਬਲੇ ਤੋਂ ਕਾਫੀ ਸਖ਼ਤ ਨਜ਼ਰ ਆ ਰਿਹਾ ਹੈ ਕਿਉਂਕਿ 2022 ਦੀਆਂ ਚੋਣਾਂ ਵਿਚ ਜਿੱਥੇ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲੋਂ ਗੱਠਜੋੜ ਖ਼ਤਮ ਕਰ ਕੇ ਬਸਪਾ ਨਾਲ ਹੱਥ ਮਿਲਾ ਲਿਆ ਹੈ ਅਤੇ ਹਲਕਾ ਸ੍ਰੀ ਚਮਕੌਰ ਸਾਹਿਬ ਦੀ ਸੀਟ ਬਸਪਾ ਦੇ ਹਿੱਸੇ ਆਈ ਹੈ। ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਗੱਠਜੋੜ ਵੱਲੋਂ ਕੈਬਨਿਟ ਮੰਤਰੀ ਬੀਬੀ ਸਤਵੰਤ ਕੌਰ ਦੇ ਸਪੁੱਤਰ ਰਿਟਾ ਏ. ਆਈ. ਜੀ. ਹਰਮੋਹਣ ਸਿੰਘ ਸੰਧੂ ਮੈਦਾਨ ਵਿਚ ਹਨ। ਇਸ ਤੋਂ ਇਲਾਵਾ ‘ਆਪ’ ਵੱਲੋਂ ਮੁੜ ਡਾ. ਚਰਨਜੀਤ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ, ਜਦਕਿ ਭਾਜਪਾ ਇਸ ਵਾਰ ਪੰਜਾਬ ਵਿਚ ਚੋਣਾਂ ਆਪਣੇ ਬਲਬੂਤੇ ’ਤੇ ਲੜ ਰਹੀ ਹੈ, ਜਿਸਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਹਿ ਚੁੱਕੇ ਦਰਸ਼ਨ ਸਿੰਘ ਸ਼ਿਵਜੋਤ ਨੂੰ ਉਮੀਦਵਾਰ ਵਜੋਂ ਮੈਦਾਨ ਵਿਚ ਉਤਾਰਿਆ ਹੈ।

ਇਹ ਵੀ ਪੜ੍ਹੋ : ਨਵਜੋਤ ਕੌਰ ਸਿੱਧੂ ਨੂੰ ਹਟਾ ਕੇ ਕੈਪਟਨ ਅਮਰਿੰਦਰ ਦੀ ਬੇਟੀ ਨੂੰ ਬਣਾਇਆ ਗਿਆ ਜਾਟ ਮਹਾ ਸਭਾ ਮਹਿਲਾ ਵਿੰਗ ਦੀ ਪ੍ਰਧਾਨ

ਇਨ੍ਹਾਂ ਤੋਂ ਇਲਾਵਾ ਪੂਰੇ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਲੜ ਰਹੀ ਸੰਯੁਕਤ ਸਮਾਜ ਪਾਰਟੀ ਵੱਲੋਂ ਹਲਕਾ ਸ੍ਰੀ ਚਮਕੌਰ ਸਾਹਿਬ ਵਿਚ ਕਿਸੇ ਵੀ ਉਮੀਦਵਾਰ ਨੂੰ ਮੈਦਾਨ ਵਿਚ ਨਹੀਂ ਉਤਾਰਿਆ ਗਿਆ, ਸਗੋਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ‘ਆਪ’ ਦੇ ਉਮੀਦਵਾਰ ਡਾ. ਚਰਨਜੀਤ ਸਿੰਘ ਨੂੰ ਸਮਰਥਨ ਦਿੱਤਾ ਗਿਆ, ਜਿਸ ਕਰ ਕੇ ਇਸ ਵਾਰ ਹਲਕੇ ਤੋਂ ਮੁੱਖ ਮੰਤਰੀ ਚੰਨੀ ਵਿਰੁਧ ਬੇਹੱਦ ਸਖਤ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ।

ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਮੋਹਾਲੀ ਅਦਾਲਤ ਵਿਚ ਪੇਸ਼, ਦਿੱਤਾ ਵੱਡਾ ਬਿਆਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News