ਵਿਧਾਨ ਸਭਾ ਚੋਣਾਂ ’ਚ ਟਿਕਟ ਵੰਡ ਦੇ ਮਾਮਲੇ ’ਚ ਤਾਲਮੇਲ ਕਾਇਮ ਕਰਨ ਦੇ ਯਤਨ, ਗਹਿਮਾ-ਗਹਿਮੀ ਹੋਣ ਦੇ ਆਸਾਰ

Wednesday, Dec 08, 2021 - 05:56 PM (IST)

ਵਿਧਾਨ ਸਭਾ ਚੋਣਾਂ ’ਚ ਟਿਕਟ ਵੰਡ ਦੇ ਮਾਮਲੇ ’ਚ ਤਾਲਮੇਲ ਕਾਇਮ ਕਰਨ ਦੇ ਯਤਨ, ਗਹਿਮਾ-ਗਹਿਮੀ ਹੋਣ ਦੇ ਆਸਾਰ

ਜਲੰਧਰ (ਧਵਨ) : ਪੰਜਾਬ ਵਿਧਾਨ ਸਭਾ ਦੀਆਂ ਨੇੜੇ ਆ ਰਹੀਆਂ ਆਮ ਚੋਣਾਂ ’ਚ ਕਾਂਗਰਸ ਵਰਕਰਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਕਾਂਗਰਸ ਲੀਡਰਸ਼ਿਪ ਨੇ ਟਿਕਟ ਵੰਡ ਦੇ ਮਾਮਲੇ ’ਚ ਏਕਾਧਿਕਾਰ ਨੂੰ ਖ਼ਤਮ ਕਰਨ ਦੀ ਦਿਸ਼ਾ ’ਚ ਕਦਮ ਚੁੱਕਿਆ ਹੈ। ਇਸ ਦਾ ਅੰਦਾਜ਼ਾ ਕਾਂਗਰਸ ਲੀਡਰਸ਼ਿਪ ਵਲੋਂ ਕੱਲ ਗਠਿਤ ਕੀਤੀਆਂ ਗਈਆਂ ਵੱਖ-ਵੱਖ ਚੋਣ ਕਮੇਟੀਆਂ ਤੋਂ ਲੱਗਦਾ ਹੈ। ਕਾਂਗਰਸ ਦੇ ਅੰਦਰ ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਟਿਕਟ ਵੰਡ ’ਚ ਨੇਤਾ ਵਿਸ਼ੇਸ਼ ਦੀ ਹੀ ਚੱਲੇਗੀ ਪਰ ਕਾਂਗਰਸ ਲੀਡਰਸ਼ਿਪ ਨੇ ਚੋਣ ਕਮੇਟੀਆਂ ਦੀ ਬਦੌਲਤ ਟਿਕਟ ਵੰਡ ਨੂੰ ਲੈ ਕੇ ਤਾਲਮੇਲ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ। ਸਭ ਤੋਂ ਅਹਿਮ ਗੱਲ ਇਹ ਹੈ ਕਿ ਟਿਕਟ ਵੰਡ ਨੂੰ ਲੈ ਕੇ ਗਠਿਤ ਕੀਤੀ ਗਈ ਸਕ੍ਰੀਨਿੰਗ ਕਮੇਟੀ ਦਾ ਇੰਚਾਰਜ ਅਜੇ ਮਾਕਨ ਨੂੰ ਬਣਾ ਦਿੱਤਾ ਗਿਆ ਹੈ। ਪੰਜਾਬ ਤੋਂ ਇਸ ਕਮੇਟੀ ’ਚ ਤਿੰਨੇ ਪ੍ਰਮੁੱਖ ਨੇਤਾਵਾਂ ਨਵਜੋਤ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਦੇ ਨਾਲ-ਨਾਲ ਸੁਨੀਲ ਜਾਖੜ ਨੂੰ ਵੀ ਸ਼ਾਮਲ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਕਾਂਗਰਸ ਦੀ ਸਿਆਸਤ ’ਚ ਜਾਖੜ ਨੇ ਜ਼ੋਰਦਾਰ ਵਾਪਸੀ ਕੀਤੀ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਹਿੰਦੂਆਂ ਦਾ ਕਾਂਗਰਸ ਤੋਂ ਮੋਹ ਹੋਣ ਲੱਗਾ ਭੰਗ, ਚੋਣ ਜ਼ਾਬਤਾ ਲੱਗਦੇ ਹੀ ਹੋਵੇਗਾ ਵੱਡਾ ਧਮਾਕਾ

ਜਾਖੜ ਨੂੰ ਨਾ ਸਿਰਫ ਸਕ੍ਰੀਨਿੰਗ ਕਮੇਟੀ ’ਚ ਸ਼ਾਮਲ ਕਰ ਦਿੱਤਾ ਗਿਆ ਹੈ ਸਗੋਂ ਉਨ੍ਹਾਂ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਬਣਾ ਦਿੱਤਾ ਗਿਆ ਹੈ। ਇਸ ਤਰ੍ਹਾਂ ਹੁਣ ਕਾਂਗਰਸ ਦੇ ਅੰਦਰ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਾਂਗਰਸ ਲੀਡਰਸ਼ਿਪ ਵਲੋਂ ਮੈਰਿਟ ਦੇ ਆਧਾਰ ’ਤੇ ਟਿਕਟਾਂ ਦੀ ਵੰਡ ਕੀਤੀ ਜਾਵੇਗੀ ਅਤੇ ਕਿਸੇ ਵੀ ਵਿਧਾਇਕ ਦੀ ਟਿਕਟ ਕਿਸੇ ਇਕ ਨੇਤਾ ਵਿਸ਼ੇਸ਼ ਵਲੋਂ ਕਟਵਾਈ ਨਹੀਂ ਜਾ ਸਕੇਗੀ। ਅਜਿਹਾ ਕਰਨ ਦਾ ਇਕ ਮਕਸਦ ਇਹ ਵੀ ਸੀ ਕਿ ਕਾਂਗਰਸ ਵਿਧਾਇਕ ਚੋਣਾਂ ਦੇ ਸਮੇਂ ਪਾਰਟੀ ਨੂੰ ਛੱਡ ਕੇ ਨਾ ਜਾਣ ਕਿਉਂਕਿ ਹੋਰ ਸਾਰੀਆਂ ਪਾਰਟੀਆਂ ਦੀਆਂ ਨਜ਼ਰਾਂ ਕਾਂਗਰਸ ਵਿਧਾਇਕਾਂ ਵੱਲ ਲੱਗੀਆਂ ਹੋਈਆਂ ਹਨ। ਉਹ ਕਾਂਗਰਸ ਵਿਧਾਇਕਾਂ ਨੂੰ ਚੋਣਾਂ ਤੋਂ ਪਹਿਲਾਂ ਤੋੜ ਕੇ ਆਪਣੇ ਨਾਲ ਮਿਲਾਉਣਾ ਚਾਹੁੰਦੀਆਂ ਹਨ।

ਇਹ ਵੀ ਪੜ੍ਹੋ : ਕੈਪਟਨ ਅਮਰਿੰਦਰ ਸਿੰਘ ’ਤੇ ਨਵਜੋਤ ਸਿੱਧੂ ਦਾ ਫਿਰ ਹਮਲਾ, ਟਵੀਟ ਕਰਕੇ ਆਖੀ ਵੱਡੀ ਗੱਲ

ਚੋਣ ਸਕ੍ਰੀਨਿੰਗ ਕਮੇਟੀ ’ਚ ਚੰਦਨ ਯਾਦਵ ਅਤੇ ਕ੍ਰਿਸ਼ਨਾ ਅਲਾਵਰੂ ਨੂੰ ਵੀ ਅਹਿਮ ਸਥਾਨ ਦਿੱਤਾ ਗਿਆ ਹੈ। ਕ੍ਰਿਸ਼ਨਾ ਅਲਾਵਰੂ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਦੀ ਸਿਆਸਤ ’ਚ ਸਰਗਰਮ ਰਹੇ ਹਨ। ਉਹ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਦੇ ਕਰੀਬੀ ਮੰਨੇ ਜਾਂਦੇ ਹਨ ਅਤੇ ਉਨ੍ਹਾਂ ਦੇ ਪੰਜਾਬ ਦੇ ਜ਼ਿਆਦਾਤਰ ਨੇਤਾਵਾਂ ਨਾਲ ਚੰਗੇ ਸਬੰਧ ਹਨ। ਉਨ੍ਹਾਂ ਨੂੰ ਵੱਖ-ਵੱਖ ਵਿਧਾਨ ਸਭਾ ਹਲਕਿਆਂ ’ਚ ਕੰਮ ਕਰਨ ਵਾਲੇ ਨੇਤਾਵਾਂ ਬਾਰੇ ਵੀ ਪੂਰੀ ਜਾਣਕਾਰੀ ਹੈ। ਕਾਂਗਰਸ ’ਚ ਪਿਛਲੇ ਕੁਝ ਸਮੇਂ ਤੋਂ ਇਹ ਕਿਹਾ ਜਾ ਰਿਹਾ ਸੀ ਕਿ ਕੁਝ ਪ੍ਰਦੇਸ਼ ਨੇਤਾਵਾਂ ਨੇ ਆਪਣੇ ਪੱਧਰ ’ਤੇ ਸੰਭਾਵਿਤ ਉਮੀਦਵਾਰਾਂ ਦੀਆਂ ਸੂਚੀਆਂ ਬਣਾਈਆਂ ਹੋਈਆਂ ਹਨ ਪਰ ਕਾਂਗਰਸ ਲੀਡਰਸ਼ਿਪ ਨੇ ਸਕ੍ਰੀਨਿੰਗ ਕਮੇਟੀ ਅਤੇ ਹੋਰ ਕਮੇਟੀਆਂ ਬਣਾ ਕੇ ਇਨ੍ਹਾਂ ਸੂਚੀਆਂ ਦੇ ਉੱਪਰ ਪਾਣੀ ਫੇਰਨ ਦਾ ਕੰਮ ਕੀਤਾ ਹੈ। ਹੁਣ ਸਕ੍ਰੀਨਿੰਗ ਕਮੇਟੀ ਬੈਠ ਕੇ ਤੈਅ ਕਰੇਗੀ ਕਿ ਕਿਸ ਵਿਧਾਨ ਸਭਾ ਹਲਕੇ ’ਚ ਕਿਹੜਾ ਉਮੀਦਵਾਰ ਮਜ਼ਬੂਤ ਹੋ ਸਕਦਾ ਹੈ।

ਇਹ ਵੀ ਪੜ੍ਹੋ : ਅੱਧੀ ਰਾਤ ਮੁੱਖ ਮੰਤਰੀ ਚੰਨੀ ਨੂੰ ਦੇਖ ਹੈਰਾਨ ਹੋਏ ਪਿੰਡ ਖੁਆਲੀ ਦੇ ਲੋਕ, ਸਾਦਗੀ ਭਰੇ ਅੰਦਾਜ਼ ਨੇ ਲੁੱਟਿਆ ਸਭ ਦਾ ਦਿਲ

ਟਿਕਟ ਵੰਡ ਨੂੰ ਲੈ ਕੇ ਗਹਿਮਾ-ਗਹਿਮੀ ਹੋਣ ਦੇ ਆਸਾਰ
ਪੰਜਾਬ ’ਚ 117 ਵਿਧਾਨ ਸਭਾ ਸੀਟਾਂ ਲਈ ਟਿਕਟ ਵੰਡ ਨੂੰ ਲੈ ਕੇ ਗਹਿਮਾ-ਗਹਿਮੀ ਹੋਣ ਦੇ ਆਸਾਰ ਸਪੱਸ਼ਟ ਦਿਖਾਈ ਦੇ ਰਹੇ ਹਨ। ਇਨ੍ਹਾਂ ’ਚੋਂ ਕੁਝ ਨੇਤਾਵਾਂ ਦੀਆਂ ਨਾਰਾਜ਼ਗੀਆਂ ਵੀ ਸਾਹਮਣੇ ਆ ਸਕਦੀਆਂ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਹੁਣ ਪਾਰਟੀ ਲੀਡਰਸ਼ਿਪ ਨੂੰ ਟਿਕਟ ਵੰਡ ਦੇ ਮਾਮਲੇ ’ਚ ਫੂਕ-ਫੂਕ ਕੇ ਕਦਮ ਅੱਗੇ ਵਧਾਉਣੇ ਹੋਣਗੇ। ਟਿਕਟ ਵੰਡ ਦੇ ਮਾਮਲੇ ’ਚ ਥੋੜ੍ਹੀ ਜਿਹੀ ਵੀ ਲਾਪ੍ਰਵਾਹੀ ਪਾਰਟੀ ਲਈ ਭਾਰੀ ਪੈ ਸਕਦੀ ਹੈ। ਅਜਿਹੀ ਸਥਿਤੀ ਨੂੰ ਦੇਖਦੇ ਹੋਏ ਹੀ ਕਾਂਗਰਸ ਲੀਡਰਸ਼ਿਪ ਨੇ ਸਾਰੇ ਨੇਤਾਵਾਂ ਦਰਮਿਆਨ ਤਾਲਮੇਲ ਸਥਾਪਿਤ ਕੀਤਾ ਹੈ।

ਇਹ ਵੀ ਪੜ੍ਹੋ : ਵਡਾਲਾ ਭਿੱਟੇ ਵੱਢ ਦੇ ਸਰਕਾਰੀ ਸਕੂਲ ’ਚ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅਚਨਚੇਤ ਕੀਤੀ ਚੈਕਿੰਗ

ਜਾਖੜ ਹਾਲੇ ਰਾਜਸਥਾਨ ਵਿਚ, ਜਲਦ ਪੰਜਾਬ ਆਉਣਗੇ
ਕਾਂਗਰਸ ਲੀਡਰਸ਼ਿਪ ਵਲੋਂ ਬਣਾਈਆਂ ਗਈਆਂ ਚੋਣ ਕਮੇਟੀਆਂ ’ਚ ਅਹਿਮ ਸਥਾਨ ਹਾਸਲ ਕਰਨ ਵਾਲੇ ਸੁਨੀਲ ਜਾਖੜ ਫਿਲਹਾਲ ਰਾਜਸਥਾਨ ’ਚ ਹਨ। ਉਹ ਜਲਦ ਹੀ ਪੰਜਾਬ ਪਰਤ ਸਕਦੇ ਹਨ ਅਤੇ ਉਸ ਤੋਂ ਬਾਅਦ ਕਾਂਗਰਸ ਨੂੰ ਲੈ ਕੇ ਸਿਆਸਤ ਗਰਮਾਉਣ ਦੇ ਆਸਾਰ ਦਿਖਾਈ ਦੇ ਰਹੇ ਹਨ। ਜਾਖੜ ਦੇ ਨਾਲ ਵੀ ਬੀਤੇ ਦਿਨੀਂ ਕਈ ਸੀਨੀਅਰ ਕਾਂਗਰਸੀ ਨੇਤਾਵਾਂ ਨੇ ਸੰਪਰਕ ਸਥਾਪਿਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ। ਸ਼ੁਰੂ ਤੋਂ ਹੀ ਇਹ ਮੰਨਿਆ ਜਾ ਰਿਹਾ ਸੀ ਕਿ ਪੰਜਾਬ ’ਚ ਕਾਂਗਰਸ ਲੀਡਰਸ਼ਿਪ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਕਿਸੇ ਇਕ ਵਿਅਕਤੀ ਵਿਸ਼ੇਸ਼ ਨੂੰ ਵਧੇਰੇ ਮਜ਼ਬੂਤ ਹੋਣ ਨਹੀਂ ਦੇਵੇਗੀ। ਇਸ ਲਈ ਵੱਖ-ਵੱਖ ਕਾਂਗਰਸ ਧੜਿਆਂ ਨਾਲ ਸਬੰਧਤ ਨੇਤਾਵਾਂ ਨੂੰ ਇਕ ਬਰਾਬਰ ਮਜ਼ਬੂਤੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਕਾਂਗਰਸ ਵਲੋਂ ਚੋਣ ਕਮੇਟੀਆਂ ਦਾ ਐਲਾਨ, ਸੁਨੀਲ ਜਾਖੜ ਤੇ ਪ੍ਰਤਾਪ ਬਾਜਵਾ ਨੂੰ ਮਿਲੀ ਵੱਡੀ ਜ਼ਿੰਮੇਵਾਰੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News