ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡੀ ਤਿਆਰੀ ''ਚ ਅਕਾਲੀ ਦਲ, ਚੁੱਕਿਆ ਜਾ ਰਿਹਾ ਇਹ ਕਦਮ

Monday, Apr 06, 2026 - 01:47 PM (IST)

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡੀ ਤਿਆਰੀ ''ਚ ਅਕਾਲੀ ਦਲ, ਚੁੱਕਿਆ ਜਾ ਰਿਹਾ ਇਹ ਕਦਮ

ਫਰੀਦਕੋਟ : ਸ਼੍ਰੋਮਣੀ ਅਕਾਲੀ ਦਲ (SAD) ਨੇ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਇਕ ਅਹਿਮ ਰਣਨੀਤੀ ਉਲੀਕੀ ਹੈ, ਜਿਸ ਤਹਿਤ ਪਾਰਟੀ ਦੇ ਨੌਜਵਾਨ ਆਗੂਆਂ ਦੇ ਵਫ਼ਦ ਉੱਤਰੀ ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਯੂਰਪ ਦਾ ਦੌਰਾ ਕਰਨਗੇ। ਇਸ ਮੁਹਿੰਮ ਦਾ ਮੁੱਖ ਮਕਸਦ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ (NRIs) ਨਾਲ ਸਿੱਧਾ ਰਾਬਤਾ ਕਾਇਮ ਕਰਨਾ ਅਤੇ ਉਨ੍ਹਾਂ ਦਾ ਸਮਰਥਨ ਹਾਸਲ ਕਰਨਾ ਹੈ। ਇਹ ਵਿਦੇਸ਼ੀ ਦੌਰੇ ਅਪ੍ਰੈਲ ਦੇ ਆਖਰੀ ਹਫ਼ਤੇ ਕੈਨੇਡਾ ਅਤੇ ਆਸਟ੍ਰੇਲੀਆ ਤੋਂ ਸ਼ੁਰੂ ਕੀਤੇ ਜਾਣਗੇ। ਇਸ ਤੋਂ ਬਾਅਦ ਉਨ੍ਹਾਂ ਹੋਰਨਾਂ ਦੇਸ਼ਾਂ ਦਾ ਰੁਖ ਕੀਤਾ ਜਾਵੇਗਾ ਜਿੱਥੇ ਪੰਜਾਬੀ ਆਬਾਦੀ ਵੱਡੀ ਗਿਣਤੀ ਵਿਚ ਮੌਜੂਦ ਹੈ। ਇਹ ਵੀ ਪਤਾ ਲੱਗਾ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਵੀਡੀਓ ਕਾਨਫਰੰਸਿੰਗ ਰਾਹੀਂ ਇਨ੍ਹਾਂ ਮੀਟਿੰਗਾਂ ਨੂੰ ਸੰਬੋਧਨ ਕਰਨਗੇ ਅਤੇ ਭਵਿੱਖ ਦੀ ਰਣਨੀਤੀ ਸਾਂਝੀ ਕਰਨਗੇ।

ਇਹ ਵੀ ਪੜ੍ਹੋ : ਪੰਜਾਬ ਲਈ ਵੱਡੇ ਖ਼ਤਰੇ ਦੀ ਘੰਟੀ, ਹੋਸ਼ ਉਡਾ ਦੇਵੇਗੀ ਇਹ ਰਿਪੋਰਟ

ਕੈਨੇਡਾ ਤੇ ਆਸਟ੍ਰੇਲੀਆ ਵਿੱਚ ਹੋਣਗੀਆਂ ਮੀਟਿੰਗਾਂ

ਜਾਣਕਾਰੀ ਅਨੁਸਾਰ ਟੋਰਾਂਟੋ, ਵਿਨੀਪੇਗ ਅਤੇ ਵੈਨਕੂਵਰ (ਕੈਨੇਡਾ) ਅਤੇ ਮੈਲਬੋਰਨ, ਸਿਡਨੀ ਤੇ ਐਡਲੇਡ (ਆਸਟ੍ਰੇਲੀਆ) ਵਿੱਚ ਮੀਟਿੰਗਾਂ ਕਰਵਾਈਆਂ ਜਾਣਗੀਆਂ। ਇਹ ਕਾਰਜਕ੍ਰਮ ਅਪ੍ਰੈਲ ਦੇ ਆਖ਼ਰੀ ਹਫ਼ਤੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਦੂਜੇ ਪਾਸੇ ਪਾਰਟੀ ਦੇ ਸੀਨੀਅਰ ਆਗੂਆਂ ਦਾ ਕਹਿਣਾ ਹੈ ਕਿ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀ ਇਸ ਸਮੇਂ ਸੂਬੇ ਦੀ ਰਾਜਨੀਤੀ ਨੂੰ ਲੈ ਕੇ ਚਿੰਤਤ ਹਨ ਅਤੇ ਉਹ ਪਾਰਟੀ ਨਾਲ ਸੰਵਾਦ ਚਾਹੁੰਦੇ ਹਨ। ਇਹ ਵੀ ਪਤਾ ਲੱਗਾ ਹੈ ਕਿ ਕੈਨੇਡਾ ਵਿਚ ਡੈਲੀਗੇਸ਼ਨ ਦੀ ਅਗਵਾਈ ਪਰਮਬੰਸ ਸਿੰਘ ਰੋਮਾਣਾ ਕਰਨਗੇ, ਜਦਕਿ ਆਸਟ੍ਰੇਲੀਆ ਵਿਚ ਗੁਰਪ੍ਰੀਤ ਸਿੰਘ ਰਾਜੂ ਖੰਨਾ ਟੀਮ ਦੀ ਅਗਵਾਈ ਕਰਨਗੇ। ਇਸ ਤੋਂ ਇਲਾਵਾ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਅਤੇ ਸੋਸ਼ਲ ਮੀਡੀਆ ਹੈਡ ਨਛੱਤਰ ਗਿੱਲ ਵੀ ਟੀਮ ਦਾ ਹਿੱਸਾ ਹੋਣਗੇ। ਨੌਜਵਾਨ ਚਿਹਰਿਆਂ ਨੂੰ ਵਿਦੇਸ਼ੀ ਦੌਰੇ 'ਤੇ ਭੇਜਣਾ ਪਾਰਟੀ ਦੀ ਇਕ ਸੋਚੀ-ਸਮਝੀ ਰਣਨੀਤੀ ਹੈ। ਇਸ ਦਾ ਉਦੇਸ਼ ਇਹ ਹੈ ਕਿ ਜਦੋਂ ਵਿਦੇਸ਼ੀ ਧਰਤੀ 'ਤੇ ਲੋਕ ਪਿਛਲੇ ਸਮੇਂ ਦੀਆਂ "ਕਮੀਆਂ" ਬਾਰੇ ਸਵਾਲ ਕਰਨ ਤਾਂ ਇਹ ਨਵੇਂ ਚਿਹਰੇ ਉਨ੍ਹਾਂ ਸਵਾਲਾਂ ਦੇ ਘੇਰੇ ਵਿਚ ਨਾ ਆਉਣ। ਪਾਰਟੀ ਇਨ੍ਹਾਂ ਦੌਰਿਆਂ ਰਾਹੀਂ ਆਪਣੇ ਕਾਰਜਕਾਲ ਦੌਰਾਨ ਕੀਤੇ ਗਏ ਵਿਕਾਸ ਕਾਰਜਾਂ ਨੂੰ ਵੀ ਉਭਾਰੇਗੀ।

ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਇਸ ਪਿੰਡ ਵਿਚ ਪੈ ਗਏ ਅਨੋਖੇ ਮਤੇ, ਪੰਚਾਇਤ ਨੇ ਕੀਤੇ ਵੱਡੇ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News