ਨਤੀਜਿਆਂ ’ਚ ਕੁਝ ਘੰਟੇ ਬਾਕੀ, ਧੜਕਣਾਂ ਹੋਈਆਂ ਤੇਜ਼

Wednesday, Mar 09, 2022 - 06:01 PM (IST)

ਨਤੀਜਿਆਂ ’ਚ ਕੁਝ ਘੰਟੇ ਬਾਕੀ, ਧੜਕਣਾਂ ਹੋਈਆਂ ਤੇਜ਼

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : 6 ਵਾਰ ਮੁੱਖ ਮੰਤਰੀ ਦੇਣ ਵਾਲੇ ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ ’ਤੇ ਸਾਰਿਆਂ ਦੀ ਨਜ਼ਰ ਬਣੀ ਹੋਈ ਹੈ। ਇਸ ਵਾਰ ਮੁਕਾਬਲਾ ਚਾਰ ਧਿਰਾਂ ਵਿਚ ਹੋਣ ਕਾਰਨ ਕਿਸਦੀ ਜਿੱਤ ਜਾਂ ਹਾਰ ਹੋਵੇਗੀ ਇਸ ਸਬੰਧੀ ਕੁਝ ਨਹੀਂ ਕਿਹਾ ਜਾ ਸਕਦਾ ਪਰ ਇਸ ਵਾਰ ਜੋ ਵੀ ਹੋਇਆ ਉਹ ਇਤਿਹਾਸਕ ਹੋਵੇਗਾ। ਅਜਿਹਾ ਇਸ ਲਈ ਕਿਉਂਕਿ ਮੁਕਤਸਰ ਜ਼ਿਲ੍ਹਾ ਰਾਜਨੀਤੀ ਵਿਚ ਪੂਰੇ ਪੰਜਾਬ ’ਚ ਸਭ ਤੋਂ ਜ਼ਿਆਦਾ ਚਰਚਿਤ ਹੈ। ਵਿਧਾਨ ਸਭਾ ਹਲਕਾ ਨੰਬਰ 86 ਮੁਤਬਕ ਮੁਕਤਸਰ ਜੋ ਕਿ ਫਿਰੋਜ਼ਪੁਰ ਲੋਕ ਸਭਾ ਹਲਕੇ ਅਧੀਨ ਆਉਂਦੀ ਹੈ। ਪਿਛਲੀਆਂ 5 ਚੋਣਾਂ ਦਾ ਇਤਿਹਾਸ ਵੇਖਿਆ ਜਾਵੇ ਤਾਂ ਇਥੇ ਕਦੇ ਲਗਾਤਾਰ 2 ਵਾਰ ਇਕ ਪਾਰਟੀ ਜਿੱਤ ਨਹੀਂ ਸਕੀ। 2 ਵਾਰ ਕਾਂਗਰਸ, 2 ਵਾਰ ਅਕਾਲੀ ਦਲ ਅਤੇ ਇਕ ਵਾਰ ਆਜ਼ਾਦ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹੈ। 2017 ’ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ 44,894 ਵੋਟਾਂ ਹਾਸਲ ਕਰ ਕੇ ਜਿੱਤ ਪ੍ਰਾਪਤੀ ਕੀਤੀ। ਇਨ੍ਹਾਂ ਚੋਣਾਂ ’ਚ ਕਾਂਗਰਸੀ ਉਮੀਦਵਾਰ ਕਰਨ ਕੌਰ ਬਰਾੜ ਨੇ 36,914, ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ ‘ਕਾਕਾ ਬਰਾੜ’ ਨੇ 33,201 ਵੋਟਾਂ ਹਾਸਲ ਕੀਤੀਆਂ ਸਨ। ਖਾਸ ਗੱਲ ਇਹ ਰਹੀ ਕਿ ਆਜ਼ਾਦ ਉਮੀਦਵਾਰ ਸੁਖਦਰਸ਼ਨ ਨੂੰ 28,204 ਵੋਟਾਂ ਮਿਲੀਆਂ ਸਨ।

ਇਸ ਵਾਰ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਵਲੋਂ ਸਾਬਕਾ ਵਿਧਾਇਕ ਕਰਨ ਕੌਰ ਬਰਾੜ ਮੁੜ ਤੋਂ ਮੁਕਤਸਰ ਹਲਕੇ ਤੋਂ ਚੋਣ ਲੜ ਰਹੀ ਹੈ ਜਦਕਿ ਅਕਾਲੀ/ਬਸਪਾ ਵਲੋਂ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ‘ਆਪ’ ਦੇ ਜਗਦੀਪ ਸਿੰਘ ਕਾਕਾ ਬਰਾੜ ਅਤੇ ਭਾਰਤੀ ਜਨਤਾ ਪਾਰਟੀ ਦੇ ਰਾਜੇਸ਼ ਗੋਰਾ ਪਠੇਲਾ ਵੀ ਚੋਣ ਮੈਦਾਨ ਵਿਚ ਹਨ। ਇਸ ਵਾਰ ਭਾਜਪਾ ਦੇ ਵੱਖ ਹੋਣ ਨਾਲ ਅਕਾਲੀ ਦਲ ਨੂੰ ਕੁਝ ਵੋਟਾਂ ਦਾ ਨੁਕਸਾਨ ਤਾਂ ਹੋਇਆ ਹੈ ਪਰ ਦੂਜੇ ਪਾਸੇ ਅਕਾਲੀ ਦਲ ਨਾਲ ਬਸਪਾ ਦਾ ਗਠਜੋੜ ਵੀ ਹੋਇਆ ਹੈ। ਚੋਣਾਂ ਦੇ ਨਤੀਜਿਆਂ ’ਚ ਹੁਣ ਜਦੋਂ ਕੁਝ ਘੰਟੇ ਹੀ ਬਾਕੀ ਰਹਿ ਗਏ ਹਨ ਤਾਂ ਸਿਆਸੀ ਹਲਕਿਆਂ ਅਤੇ ਸਿਆਸੀ ਆਗੂਆਂ ਦੀਆਂ ਧੜਕਣਾਂ ਵੀ ਵਧਣੀਆਂ ਸ਼ੁਰੂ ਹੋ ਗਈਆਂ ਹਨ। ਪੰਜਾਬ ਦਾ ਵੋਟਰ ਜੋ ਰਵਾਇਤਨ ਸਪੱਸ਼ਟ ਫਤਵਾ ਦੇਣ ਲਈ ਜਾਣਿਆ ਜਾਂਦਾ ਹੈ, ਇਸ ਵਾਰੀ ਵੀ ਬਹੁਕੋਣੀ ਮੁਕਾਬਲਿਆਂ ਕਾਰਨ ਕਿਸੇ ਧਿਰ ਨੂੰ ਸਪੱਸ਼ਟ ਬਹੁਮਤ ਦੇਵੇਗਾ ਕਿ ਨਹੀਂ ਇਹ ਬਹੁਤ ਮਹੱਤਵਪੂਰਨ ਹੋਵੇਗਾ।

ਹਲਵਾਈਆਂ ਨੇ ਲੱਡੂ ਕੀਤੇ ਤਿਆਰ ਪਰ ਨਹੀਂ ਆਇਆ ਕੋਈ ਆਰਡਰ
ਦੂਜੇ ਪਾਸੇ ਹਲਵਾਈਆਂ ਵਲੋਂ ਚੋਣ ਨਤੀਜਿਆਂ ਨੂੰ ਦੇਖਦੇ ਹੋਏ ਪਹਿਲਾਂ ਤੋਂ ਹੀ ਲੱਡੂ ਤਿਆਰ ਕਰਨੇ ਸ਼ੁਰੂ ਦਿੱਤੇ ਹਨ। ਸ਼ਹਿਰ ਦੇ ਸਾਰੇ ਹੀ ਹਲਵਾਈ ਲੱਡੂ ਤਿਆਰ ਕਰ ਕੇ ਰੱਖੀ ਬੈਠੇ ਹਨ ਪਰ ਅਜੇ ਤੱਕ ਉਨ੍ਹਾਂ ਕੋਲ ਕੋਈ ਵੀ ਆਰਡਰ ਨਹੀਂ ਆਇਆ। ਹਲਵਾਈਆਂ ਦਾ ਕਹਿਣਾ ਹੈ ਕਿ ਅਸੀਂ ਤਾਂ ਆਪਣੀ ਤਿਆਰੀ ਕਰ ਕੇ ਰੱਖੀ ਹੈ ਪਰ ਫਿਲਹਾਲ ਕੋਈ ਆਰਡਰ ਨਹੀਂ ਹੈ। ਕਿਸੇ ਤਰ੍ਹਾਂ ਦੀ ਆਰਡਰ ਆ ਜਾਵੇ ਉਹ ਭੁਗਤਾਨ ਕਰਨ ਲਈ ਤਿਆਰ-ਬਰ-ਤਿਆਰ ਹਨ।


author

Gurminder Singh

Content Editor

Related News