ਵਿਧਾਨ ਸਭਾ ''ਚ ''ਕਲੋਜ਼ਰ ਰਿਪੋਰਟ'' ਬਾਰੇ ਬਾਦਲਾਂ ਦੀ ਡਰਾਮੇਬਾਜ਼ੀ ਦੀ ਪੋਲ ਖੋਲ੍ਹਾਂਗੇ : ਹਰਪਾਲ ਚੀਮਾ

07/28/2019 12:59:01 AM

ਚੰਡੀਗੜ੍ਹ,(ਸ਼ਰਮਾ): ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬੇਅਦਬੀ ਮਾਮਲਿਆਂ ਬਾਰੇ ਸੀ. ਬੀ. ਆਈ. ਦੀ ਕਲੋਜ਼ਰ ਰਿਪੋਰਟ 'ਤੇ ਅਕਾਲੀ ਦਲ ਵਲੋਂ ਕੀਤੀ ਜਾ ਰਹੀ ਖੇਖਣਬਾਜ਼ੀ ਬਾਰੇ ਵਿਧਾਨ ਸਭਾ ਸੈਸ਼ਨ ਦੌਰਾਨ ਬਾਦਲਾਂ ਦੀ ਡਰਾਮੇਬਾਜ਼ੀ ਦੀ ਪੋਲ ਖੋਲ੍ਹਾਂਗੇ । ਇਹ ਵੀ ਦੱਸਾਂਗੇ ਕਿ ਬਾਦਲਾਂ ਨੂੰ ਬਚਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਸ ਵਿਚ ਰਲੇ ਹੋਏ ਹਨ। ਚੰਡੀਗੜ੍ਹ 'ਚ ਮੀਡੀਆ ਨਾਲ ਗੱਲਬਾਤ ਕਰਦਿਆਂ ਚੀਮਾ ਨੇ ਕਿਹਾ ਕਿ ਸਰਕਾਰ ਲੋਕਾਂ ਨੂੰ ਜਵਾਬਦੇਹੀ ਤੋਂ ਭੱਜ ਰਹੀ ਹੈ, ਇਸ ਲਈ ਸੈਸ਼ਨ ਨੂੰ ਮਹਿਜ਼ ਦੋ ਬੈਠਕਾਂ ਤੱਕ ਸੀਮਤ ਕਰ ਦਿੱਤਾ ਹੈ। ਫਿਰ ਵੀ 'ਆਪ' ਵਿਧਾਇਕ ਸੀ. ਬੀ. ਆਈ. ਦੀ ਕਲੋਜ਼ਰ ਰਿਪੋਰਟ ਨੂੰ ਮੁੱਖ ਮੁੱਦੇ ਵਜੋਂ ਉਠਾਇਆ ਜਾਵੇਗਾ। ਇਸ ਤੋਂ ਬਿਨਾਂ ਬੇਰੁਜ਼ਗਾਰੀ, ਨਸ਼ੇ, ਏਡਜ਼/ਐਚ.ਆਈ.ਵੀ., ਕਿਸਾਨ ਕਰਜ਼ੇ ਤੇ ਖੇਤੀ ਸੰਕਟ, ਦਲਿਤ ਤੇ ਬੇਜ਼ਮੀਨੇ ਮਜ਼ਦੂਰ-ਗਰੀਬ ਦੇ ਮਸਲੇ ਮੁੱਖ ਰਹਿਣਗੇ।
ਕਲੋਜ਼ਰ ਰਿਪੋਰਟ ਬਾਰੇ ਚੀਮਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਹਿਬਲ ਕਲਾਂ-ਕੋਟਕਪੂਰਾ ਗੋਲੀ ਕਾਂਡ ਨੂੰ 4 ਸਾਲ ਹੋ ਚੁੱਕੇ ਹਨ ਤੇ ਇਨ੍ਹਾਂ ਦੀ ਜਾਂਚ ਲਈ 4 ਜਾਂਚ ਟੀਮਾਂ/ਏਜੰਸੀਆਂ (ਆਈ. ਪੀ. ਐੱਸ. ਸਹੋਤਾ, ਆਰ. ਐਸ. ਖੱਟੜਾ, ਸੀ. ਬੀ. ਆਈ. ਸਿਟ-ਕੁੰਵਰ ਵਿਜੇ ਪ੍ਰਤਾਪ ਸਿੰਘ) ਜਾਂਚ ਕਰ ਚੁੱਕੀਆਂ ਹਨ ਅਤੇ ਕਰ ਰਹੀਆਂ ਹਨ ਪਰ ਅਜੇ ਤੱਕ ਇਸ ਸਵਾਲ ਦਾ ਸਪਸ਼ਟ ਜਵਾਬ ਸਾਹਮਣੇ ਨਹੀਂ ਆਇਆ ਕਿ ਬੇਅਦਬੀਆਂ ਕਿਸ ਨੇ ਅਤੇ ਕਿਸ ਦੇ ਕਹਿਣ 'ਤੇ ਕੀਤੀਆਂ। ਬਹਿਬਲ ਕਲਾਂ-ਕੋਟਕਪੂਰਾ ਗੋਲੀਕਾਂਡ ਦੇ ਹੁਕਮ ਕਿਸ ਨੇ ਦਿੱਤੇ ਅਤੇ ਗੋਲੀ ਕਿਸ ਨੇ ਚਲਾਈ। ਇਹ ਸਾਰੀਆਂ ਜਾਂਚ ਟੀਮਾਂ ਦੀ ਜਾਂਚ ਸਿੱਟੇ ਵੱਲ ਵਧਣ ਦੀ ਥਾਂ ਇੱਕ-ਦੂਜੇ ਦੀ ਜਾਂਚ ਅਤੇ ਤੱਥਾਂ-ਸਬੂਤਾਂ ਨੂੰ ਕੱਟਦੀ ਜ਼ਿਆਦਾ ਨਜ਼ਰ ਆ ਰਹੀ ਹੈ, ਜਿਸਦਾ ਕਾਨੂੰਨੀ ਲਾਭ ਦੋਸ਼ੀਆਂ ਦੇ ਹੱਕ 'ਚ ਭੁਗਤੇਗਾ, ਇਸ ਲਈ ਇਨਸਾਫ਼ ਦੀਆਂ ਉਮੀਦਾਂ ਹੋਰ ਮੱਧਮ ਹੋ ਗਈਆਂ ਹਨ।
 


Related News