5 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ASI ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀ ਕਾਬੂ
Tuesday, Feb 02, 2021 - 07:59 PM (IST)
ਬਠਿੰਡਾ, (ਵਿਜੇ ਵਰਮਾ)- ਵਿਜੀਲੈਂਸ ਬਿਊਰੋ ਬਠਿੰਡਾ ਨੇ ਇੱਕ ਮਾਮੂਲੀ ਝਗੜੇ 'ਚ ਇਕ ਧਿਰ ਨੂੰ ਅਦਾਲਤ 'ਚ ਲਾਭ ਦਿਵਾਉਣ ਦਾ ਝਾਂਸਾ ਦੇ ਕੇ ਏ.ਐਸ.ਆਈ. ਵੱਲੋਂ 5000 ਦੀ ਰਿਸ਼ਵਤ ਮੰਗੀ ਗਈ। ਇਸ ਦੀ ਸ਼ਿਕਾਇਤ ਪ੍ਰਭਾਵਿਤ ਧਿਰ ਦੇ ਰਿਸ਼ਤੇਦਾਰਾਂ ਨੇ ਵਿਜੀਲੈਂਸ ਵਿਭਾਗ ਨੂੰ ਕੀਤੀ, ਜਿਸ ਤਹਿਤ ਟੀਮ ਵੱਲੋਂ ਉਸਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਜਾਣਕਾਰੀ ਮੁਤਾਬਕ ਏ.ਐਸ.ਆਈ ਬਲਦੇਵ ਸਿੰਘ ਥਾਣਾ ਸੀਟੀ ਰਾਮਪੁਰਾ ਨੂੰ ਵਿਜੀਲੈਂਸ ਬਿਊਰੋ ਵੱਲੋਂ 5000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ।
ਸੀਨੀਅਰ ਕਪਤਾਨ ਪੁਲਸ ਵਿਜੀਲੈਂਸ ਰੇਂਜ ਬਠਿੰਡਾ ਡਾ: ਨਰਿੰਦਰ ਭਾਰਗਵ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜੋਤੀ ਪੁੱਤਰੀ ਹੰਸਰਾਜ ਸਿੰਘ ਪੁੱਤਰ ਸਾਧੂ ਰਾਮ ਵਾਸੀ ਗਲੀ ਨੰਬਰ 8 ਗਾਂਧੀ ਨਗਰ ਰਾਮਪੁਰਾ ਫੂਲ ਦੀ ਸ਼ਕਾਇਤ ਦੇ ਅਧਾਰ 'ਤੇ ਇਹ ਗਿ੍ਰਫਤਾਰੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਜੋਤੀ ਵੱਲੋਂ ਦਿੱਤੀ ਸ਼ਕਾਇਤ ਅਨੁਸਾਰ ਸਾਲ 2018 ਵਿੱਚ ਉਸ ਦਾ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਦਾ ਗੁਆਂਢੀ ਨਾਲ ਮਾਮੂਲੀ ਝਗੜਾ ਹੋ ਗਿਆ ਸੀ। ਗੁਆਂਢੀ ਵੱਲੋਂ ਦਿੱਤੀ ਸ਼ਿਕਾਇਤ ਦੇ ਅਧਾਰ 'ਤੇ ਥਾਣਾ ਸਿਟੀ ਰਾਮਪੁਰਾ ’ਚ ਉਸ ਦੇ ਅਤੇ ਪ੍ਰੀਵਾਰਕ ਮੈਂਬਰਾਂ ਖਿਲਾਫ ਮੁਕੱਦਮਾ ਨੰਬਰ 132 ਮਿਤੀ 02 ਅਕਤੂਬਰ 2018 ਨੂੰ ਧਾਰਾ 332 ,353 ,148,186,149 ਤਹਿਤ ਦਰਜ ਕਰ ਦਿੱਤਾ ਗਿਆ ਜਿਸ ਬਾਰੇ ਉਹਨਾਂ ਨੂੰ ਕੁੱਝ ਪਤਾ ਨਹੀਂ ਲੱਗਿਆ।
ਡਾ. ਭਾਰਗਵ ਨੇ ਦੱਸਿਆ ਕਿ ਮੁਕੱਦਮਾ ਦਰਜ ਹੋਣ ਦਾ ਪਤਾ ਲੱਗਣ ਤੇ ਸ਼ਿਕਾਇਤਕਰਤਾ ਜੋਤੀ ਅਤੇ ਉਸ ਦੀ ਮਾਤਾ ਨੇ 21 ਜਨਵਰੀ 2021 ਨੂੰ ਅਦਾਲਤ ਚੋਂ ਅਗਾਊਂ ਜਮਾਨਤ ਕਰਵਾ ਲਈ। ਉਹਨਾਂ ਦੱਸਿਆ ਕਿ ਇਸ ਦੌਰਾਨ ਏ.ਐਸ.ਆਈ. ਬਲਦੇਵ ਸਿੰਘ ਨੇ ਉਹਨਾਂ ਦੇ ਘਰ ਆ ਕੇ ਸਹਾਇਤਾ ਕਰਨ ਬਦਲੇ ਉਸਦੀ ਮਾਤਾ ਕੋਲੋਂ 8 ਹਜ਼ਾਰ ਰੁਪਏ ਰਿਸ਼ਵਤ ਲੈ ਲਈ। ਉਹਨਾਂ ਦੱਸਿਆ ਕਿ ਹੁਣ ਸ਼ਿਕਾਇਤਕਰਤਾ ਨੇ ਆਪਣੇ ਵਕੀਲ ਰਾਹੀਂ ਆਪਣੇ ਪਿਤਾ ਅਤੇ ਭਰਾ ਦੀ ਅਗਾਊਂ ਜਮਾਨਤ ਕਰਵਾਉਣ ਲਈ ਬਠਿੰਡਾਂ ਅਦਾਲਤ ਦਰਖਾਸਤ ਦਿੱਤੀ ਸੀ। ਉਹਨਾਂ ਦੱਸਿਆ ਕਿ ਅਦਾਲਤ ਨੇ ਥਾਣਾ ਸਿਟੀ ਰਾਮਪੁਰਾ ਨੂੰ ਮਿਤੀ 29 ਜਨਵਰੀ 2021 ਨੂੰ ਰਿਕਾਰਡ ਪੇਸ਼ ਕਰਨ ਲਈ ਆਖਿਆ ਸੀ ਜੋ ਏ.ਐਸ.ਆਈ ਬਲਦੇਵ ਸਿੰਘ ਨੇ ਪੇਸ਼ ਨਹੀ ਕੀਤਾ। ਉਹਨਾਂ ਦੱਸਿਆ ਕਿ ਮਿਤੀ 31 ਜਨਵਰੀ 2021 ਨੂੰ ਏ.ਐਸ.ਆਈ. ਨੇ ਉਸ ਦੇ ਮੋਬਾਇਲ ਫੋਨ 'ਤੇ ਪੰਜ ਹਜਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ।