ਹਾਈਕੋਰਟ ਤੋਂ ਜ਼ਮਾਨਤ ਦਿਵਾਉਣ ਬਦਲੇ ASI ਨੇ ਮੰਗੇ 10 ਹਜ਼ਾਰ, ਵਿਜੀਲੈਂਸ ਨੇ ਰੰਗੇ ਹੱਥੀਂ ਕੀਤਾ ਕਾਬੂ

Tuesday, Jun 13, 2023 - 04:41 PM (IST)

ਹਾਈਕੋਰਟ ਤੋਂ ਜ਼ਮਾਨਤ ਦਿਵਾਉਣ ਬਦਲੇ ASI ਨੇ ਮੰਗੇ 10 ਹਜ਼ਾਰ, ਵਿਜੀਲੈਂਸ ਨੇ ਰੰਗੇ ਹੱਥੀਂ ਕੀਤਾ ਕਾਬੂ

ਚੰਡੀਗੜ੍ਹ : ਸੂਬੇ 'ਚ ਭ੍ਰਿਸ਼ਟਾਚਾਰ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਥਾਣਾ ਚਾਟੀਵਿੰਡ (ਅੰਮ੍ਰਿਤਸਰ) ਵਿਖੇ ਤਾਇਨਾਤ ਸਹਾਇਕ ਸਬ-ਇੰਸਪੈਕਟਰ (ਏ. ਐੱਸ. ਆਈ./ਐੱਲ.ਆਰ.) ਭੁਪਿੰਦਰ ਸਿੰਘ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪੁਲਸ ਮੁਲਾਜ਼ਮ ਨੂੰ ਸਰਵਣ ਸਿੰਘ ਵਾਸੀ ਪਿੰਡ ਗੁਰਵਾਲੀ ਜ਼ਿਲ੍ਹਾ ਅੰਮ੍ਰਿਤਸਰ ਦੀ ਸ਼ਿਕਾਇਤ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਨੂੰਹ ਦੇ ਕਾਰੇ ਨੇ ਸਹੁਰਿਆਂ ਦੇ ਪੈਰਾਂ ਹੇਠੋਂ ਖ਼ਿਸਕਾਈ ਜ਼ਮੀਨ, ਸੱਚ ਸਾਹਮਣੇ ਆਉਣ 'ਤੇ ਯਕੀਨ ਹੀ ਨਾ ਹੋਇਆ

ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਪੁਲਸ ਥਾਣਾ ਵਿਜੀਲੈਂਸ ਰੇਂਜ ਅੰਮ੍ਰਿਤਸਰ ਵਿਖੇ ਪਹੁੰਚ ਕਰਕੇ ਸ਼ਿਕਾਇਤ ਕੀਤੀ ਹੈ ਕਿ ਉਸ ਦੇ ਅਤੇ ਹੋਰਨਾਂ ਖ਼ਿਲਾਫ਼ ਥਾਣਾ ਚਾਟੀਵਿੰਡ ਵਿਖੇ ਆਈ. ਪੀ. ਸੀ. ਦੀ ਧਾਰਾ 323, 379-ਏ, 427, 452, 506, 148 ਅਤੇ 149 ਤਹਿਤ 13-02-2023 ਨੂੰ ਦਰਜ ਹੋਏ ਮਾਮਲੇ ਵਿੱਚ ਹਾਈਕੋਰਟ ਤੋਂ ਰੈਗੂਲਰ ਜ਼ਮਾਨਤ ਕਰਵਾਉਣ ਬਦਲੇ ਏ. ਐੱਸ. ਆਈ. ਭੁਪਿੰਦਰ ਸਿੰਘ ਨੇ ਉਸ ਕੋਲੋਂ 10,000 ਰੁਪਏ ਰਿਸ਼ਵਤ ਮੰਗੀ ਕਿਉਂਕਿ ਏ. ਐੱਸ. ਆਈ. ਭੁਪਿੰਦਰ ਸਿੰਘ ਇਸ ਕੇਸ ਦਾ ਪੜਤਾਲੀਆ ਅਫ਼ਸਰ ਸੀ।

ਇਹ ਵੀ ਪੜ੍ਹੋ : ਲੁੱਟ ਮਾਮਲਾ : ਸਕਿਓਰਿਟੀ ਗਾਰਡ ਦੀਆਂ ਅੱਖਾਂ 'ਚ ਪਹਿਲਾਂ ਪਾਈਆਂ ਮਿਰਚਾਂ, ਫਿਰ ਮੂੰਹ 'ਚ ਕੱਪੜਾ ਤੁੰਨ ਬੰਨ੍ਹੇ ਹੱਥ-ਪੈਰ

ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਦੇ ਥਾਣਾ ਅੰਮ੍ਰਿਤਸਰ ਰੇਂਜ ਦੀ ਟੀਮ ਨੇ ਜਾਲ ਵਿਛਾ ਕੇ ਉਕਤ ਪੁਲਸ ਮੁਲਾਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 10,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ। ਇਸ ਸਬੰਧੀ ਉਕਤ ਏ. ਐੱਸ. ਆਈ. ਖ਼ਿਲਾਫ਼ ਵਿਜੀਲੈਂਸ ਥਾਣਾ ਅੰਮ੍ਰਿਤਸਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News