ਏ. ਐਸ. ਆਈ. ਤੇ ਹੌਲਦਾਰ ਨੂੰ 4-4 ਸਾਲ ਕੈਦ

08/06/2019 11:13:50 PM

ਮੋਗਾ,(ਗੋਪੀ ਰਾਊਕੇ): ਜ਼ਿਲਾ ਤੇ ਵਧੀਕ ਸੈਸ਼ਨ ਜੱਜ ਮੈਡਮ ਸੋਨੀਆ ਕਿਨਰਾ ਦੀ ਅਦਾਲਤ ਨੇ ਵਿਜੀਲੈਂਸ ਬਿਊਰੋ ਮੋਗਾ ਵੱਲੋਂ ਕਰੀਬ 2 ਸਾਲ ਪਹਿਲਾਂ ਰਿਸ਼ਵਤ ਲੈਣ ਦੇ ਮਾਮਲੇ 'ਚ ਨਾਮਜ਼ਦ ਕੀਤੇ ਗਏ ਨਾਰਕੋਟਿਕ ਸੈੱਲ 'ਚ ਤਾਇਨਾਤ ਏ. ਐੱਸ. ਆਈ. ਤੇ ਹੌਲਦਾਰ ਨੂੰ ਸਬੂਤਾਂ ਤੇ ਗਵਾਹਾਂ ਦੇ ਆਧਾਰ 'ਤੇ ਦੋਸ਼ੀ ਮੰਨਦੇ ਹੋਏ 4-4 ਸਾਲ ਦੀ ਕੈਦ ਅਤੇ 5-5 ਹਜ਼ਾਰ ਰੁਪਏ ਜੁਰਮਾਨਾ ਭਰਨ ਦਾ ਹੁਕਮ ਸੁਣਾਇਆ ਹੈ।

ਇਹ ਹੈ ਮਾਮਲਾ
ਵਿਜੀਲੈਂਸ ਬਿਊਰੋ ਮੋਗਾ ਨੂੰ ਬਲਜਿੰਦਰ ਸਿੰਘ ਪੁੱਤਰ ਮੋਹਨ ਲਾਲ ਵਾਸੀ ਬੇਦੀ ਨਗਰ ਮੋਗਾ ਨੇ 17 ਨਵੰਬਰ 2017 ਨੂੰ ਦਰਜ ਕਰਵਾਈ ਸ਼ਿਕਾਇਤ 'ਚ ਕਿਹਾ ਸੀ ਕਿ ਉਹ ਆਂਡਿਆਂ ਦੀ ਰੇਹੜੀ ਲਾਉਂਦਾ ਹੈ। 9 ਨਵੰਬਰ 2017 ਨੂੰ ਉਹ ਦਾਮੂ ਸ਼ਾਹ ਦੀ ਜਗ੍ਹਾ 'ਤੇ ਮੱਥਾ ਟੇਕਣ ਗਿਆ ਤਾਂ ਉਥੇ ਨਾਰਕੋਟਿਕ ਸੈੱਲ ਮੋਗਾ 'ਚ ਤਾਇਨਾਤ ਏ.ਐੱਸ.ਆਈ. ਬਲਜਿੰਦਰ ਸਿੰਘ ਅਤੇ ਹੌਲਦਾਰ ਭਜਨ ਸਿੰਘ ਨੇ ਮੈਨੂੰ ਕਾਰ 'ਚ ਬਿਠਾ ਲਿਆ ਅਤੇ ਕਿਹਾ ਕਿ ਸਾਡੇ ਕੋਲ ਇਕ ਐੱਨ.ਡੀ.ਪੀ.ਐੱਸ. ਦਾ ਮਾਮਲਾ ਹੈ ਅਤੇ ਸਾਨੂੰ ਪਤਾ ਲੱਗਾ ਹੈ ਕਿ ਤੂੰ ਚਿੱਟਾ ਵੇਚਣ ਦਾ ਕੰਮ ਕਰਦਾ ਹੈ, ਜੇਕਰ ਤੂੰ ਮੁਕੱਦਮੇ ਦੀ ਕਾਰਵਾਈ ਤੋਂ ਬਚਣਾ ਹੈ ਤਾਂ ਇਸ ਬਦਲੇ ਤੈਨੂੰ 1 ਲੱਖ 50 ਹਜ਼ਾਰ ਰੁਪਏ ਦੇਣੇ ਪੈਣਗੇ ਤਾਂ ਮੈਂ 1 ਲੱਖ 20 ਹਜ਼ਾਰ ਰੁਪਏ ਦੇਣ ਨੂੰ ਤਿਆਰ ਹੋ ਗਿਆ ਅਤੇ ਉਨ੍ਹਾਂ ਨੇ ਆਪਣੇ ਫੋਨ ਤੋਂ ਮੇਰੇ ਭਰਾ ਦੇ ਫੋਨ 'ਤੇ ਗੱਲ ਕਰਵਾਈ ਤਾਂ ਮੇਰਾ ਭਰਾ 1 ਲੱਖ 20 ਹਜ਼ਾਰ ਰੁਪਏ ਲੈ ਕੇ ਆ ਗਿਆ ਤਾਂ ਉਨ੍ਹਾਂ ਨੇ ਮੈਨੂੰ ਛੱਡ ਦਿੱਤਾ। ਇਸ ਤੋਂ ਬਾਅਦ 14 ਨਵੰਬਰ 2017 ਨੂੰ ਦੋਵੇਂ ਪੁਲਸ ਮੁਲਾਜ਼ਮ ਮੈਨੂੰ ਮੋਗਾ ਬਾਜ਼ਾਰ 'ਚ ਮਿਲੇ ਅਤੇ ਮੁਕੱਦਮੇ 'ਚੋਂ ਕੱਢਣ 'ਤੇ ਮੇਰੇ ਕੋਲੋਂ 2 ਲੱਖ ਰੁਪਏ ਦੀ ਮੰਗ ਕਰ ਨ ਲੱਗੇ ਤਾਂ ਉਹ 1 ਲੱਖ 20 ਹਜ਼ਾਰ ਰੁਪਏ 'ਚ ਮੰਨ ਗਏ ਅਤੇ ਮੈਂ ਉਨ੍ਹਾਂ ਨੂੰ ਦੋ ਦਿਨਾਂ 'ਚ 50 ਹਜ਼ਾਰ ਰੁਪਏ ਦੇਣ ਦਾ ਉਨ੍ਹਾਂ ਨਾਲ ਝੂਠਾ ਵਾਅਦਾ ਕਰ ਲਿਆ। ਇਸ ਤੋਂ ਬਾਅਦ ਉਸ ਨੇ ਵਿਜੀਲੈਂਸ ਬਿਊਰੋ ਮੋਗਾ ਨੂੰ ਸ਼ਿਕਾਇਤ ਕਰ ਦਿੱਤੀ, ਜਿਸ 'ਤੇ ਵਿਜੀਲੈਂਸ ਬਿਊਰੋ ਮੋਗਾ ਵੱਲੋਂ 17 ਨਵੰਬਰ 2017 ਨੂੰ ਉਨ੍ਹਾਂ ਦੋਵਾਂ ਨੂੰ 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਗਿਆ ਸੀ।
 


Related News