ਭਾਜਪਾ ਦਫ਼ਤਰ ਬਾਹਰ ਧਮਾਕੇ ਮਗਰੋਂ ਅਸ਼ਵਨੀ ਸ਼ਰਮਾ ਦਾ ਵੱਡਾ ਬਿਆਨ, ਦੱਸਿਆ ਕਾਇਰਾਨਾ ਹਰਕਤ (ਵੀਡੀਓ)
Thursday, Apr 02, 2026 - 01:17 PM (IST)
ਚੰਡੀਗੜ੍ਹ : ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਭਾਜਪਾ ਦਫ਼ਤਰ ਦੇ ਬਾਹਰ ਹੋਏ ਧਮਾਕੇ ਦੀ ਜ਼ੋਰਦਾਰ ਸ਼ਬਦਾਂ 'ਚ ਨਿਖ਼ੇਧੀ ਕੀਤੀ ਹੈ ਅਤੇ ਇਸ ਨੂੰ ਮੰਦਭਾਗੀ ਘਟਨਾ ਦੱਸਿਆ। ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਬੀਤੀ ਸ਼ਾਮ ਦੇ ਕਰੀਬ 5 ਵਜੇ ਭਾਜਪਾ ਦਫ਼ਤਰ ਦੇ ਸਾਹਮਣੇ ਅਣਪਛਾਤੇ 2 ਲੋਕ ਆਉਂਦੇ ਹਨ ਅਤੇ ਗ੍ਰਨੇਡ ਨਾਲ ਹਮਲਾ ਕਰਦੇ ਹਨ ਅਤੇ ਫਿਰ ਨਿਕਲ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਤਾਂ ਨੁਕਸਾਨ ਨਹੀਂ ਹੁੰਦਾ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅਣਪਛਾਤਿਆਂ ਵਲੋਂ ਗ੍ਰਨੇਡ ਨੂੰ ਅੰਦਰ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹ ਬਾਹਰ ਹੀ ਡਿੱਗ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅੱਜ ਭਾਜਪਾ ਦਫ਼ਤਰ ਦਾ ਦੌਰਾ ਕੀਤਾ ਹੈ। ਸਾਡੇ ਦਫ਼ਤਰ ਅੰਦਰਲੇ ਮੁਲਾਜ਼ਮ ਸਾਡੇ ਪਰਿਵਾਰ ਦਾ ਹਿੱਸਾ ਹਨ ਅਤੇ ਮੈਨੂੰ ਖੁਸ਼ੀ ਹੈ ਕਿ ਕਿਸੇ ਤਰ੍ਹਾਂ ਦਾ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ।
ਇਹ ਵੀ ਪੜ੍ਹੋ : ਸਕੂਲਾਂ 'ਤੇ ਡਿੱਗੇਗੀ ਗਾਜ਼! ਸਖ਼ਤ ਕਾਰਵਾਈ ਦੀ ਤਿਆਰੀ 'ਚ CBSE, ਜਾਰੀ ਕੀਤੀ ਵੱਡੀ ਚਿਤਾਵਨੀ
ਉਨ੍ਹਾਂ ਕਿਹਾ ਕਿ ਇਸ ਦਫ਼ਤਰ ਅੰਦਰ ਸਾਡੇ ਵੱਡੇ-ਵੱਡੇ ਆਗੂ ਰੁਕਦੇ ਹਨ। ਇਹ ਜਾਂਚ ਦੌਰਾਨ ਸਾਹਮਣੇ ਆਵੇਗਾ ਕਿ ਇਸ ਹਮਲੇ ਪਿੱਛੇ ਕੀ ਕਾਰਨ ਸੀ। ਉਨ੍ਹਾਂ ਕਿਹਾ ਕਿ ਇਹ ਦਫ਼ਤਰ ਚੰਡੀਗੜ੍ਹ ਵਿਖੇ ਜ਼ਰੂਰ ਸਥਿਤ ਹੈ ਪਰ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਹੈੱਡਕੁਆਰਟਰ ਹੈ। ਇਸ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪੰਜਾਬ ਪੁਲਸ ਕੋਲ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਵਧੀ ਹੋਈ ਤਾਕਤ ਅਤੇ ਸਮਾਜ ਦੇ ਹਰ ਵਰਗ ਅੰਦਰ ਭਾਜਪਾ ਦਾ ਚੰਗਾ ਅਕਸ ਬਹੁਤ ਸਾਰੇ ਲੋਕਾਂ ਨੂੰ ਹਜ਼ਮ ਨਹੀਂ ਹੋ ਰਿਹਾ। ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਗੁਰਪੁਰਬ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੋਗਾ 'ਚ ਕੇਂਦਰੀ ਮੰਤਰੀ ਅਮਿਤ ਸ਼ਾਹ ਦਾ ਆਉਣਾ ਵਿਰੋਧੀਆਂ ਕੋਲੋਂ ਸਹਿਣ ਨਹੀਂ ਹੋ ਰਿਹਾ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਬੀਤੇ ਦਿਨ ਹੀ ਸੀਨੀਅਰ ਐਡਵੋਕੇਟ ਐੱਚ. ਐੱਸ. ਫੂਲਕ ਨੇ ਭਾਜਪਾ ਦਾ ਪੱਲਾ ਫੜ੍ਹਿਆ ਅਤੇ ਸ਼ਾਮ ਨੂੰ ਹੀ ਇਹ ਧਮਾਕਾ ਹੋ ਗਿਆ।
ਇਹ ਵੀ ਪੜ੍ਹੋ : ਪੰਜਾਬ ਦੇ ਵਾਹਨ ਚਾਲਕਾਂ ਲਈ ਵੱਡੀ ਖ਼ਬਰ, ਅੱਜ ਤੋਂ ਸਫ਼ਰ ਹੋਇਆ ਮਹਿੰਗਾ, NHAI ਨੇ ਵਧਾਈਆਂ ਟੋਲ ਦਰਾਂ
ਉਨ੍ਹਾਂ ਕਿਹਾ ਕਿ ਜਿਹੜੀਆਂ ਤਾਕਤਾਂ ਪੰਜਾਬ ਨੂੰ ਤੋੜਨਾ ਚਾਹੁੰਦੀਆਂ ਹਨ, ਜਿਨ੍ਹਾਂ ਨੂੰ ਪੰਜਾਬ ਦਾ ਭਾਈਚਾਰਾ ਚੰਗਾ ਨਹੀਂ ਲੱਗਦਾ, ਉਨ੍ਹਾਂ ਨੇ ਇਹ ਕਾਇਰਾਨਾ ਹਰਕਤ ਬੌਖ਼ਲਾਹਟ ਅੰਦਰ ਭਾਜਪਾ ਦਫ਼ਤਰ 'ਚ ਕੀਤੀ ਹੈ। ਇਹ ਲੋਕ ਭਾਜਪਾ ਦੇ ਇਤਿਹਾਸ ਨੂੰ ਨਹੀਂ ਜਾਣਦੇ ਕਿਉਂਕਿ ਭਾਜਪਾ ਨਾ ਡਰਦੀ ਹੈ, ਨਾ ਝੁਕਦੀ ਹੈ। ਪੰਜਾਬ ਸਾਡੀ ਜਾਨ ਹੈ ਅਤੇ ਪੰਜਾਬ ਦਾ ਅਮਨ ਸਾਡੇ ਖ਼ੂਨ ਅੰਦਰ ਚੱਲਦਾ ਹੈ। ਅਸੀਂ ਕਿਸੇ ਵੀ ਤਾਕਤ ਨੂੰ ਪੰਜਾਬ ਨੂੰ ਤੋੜਨ ਦੀ ਇਜਾਜ਼ਤ ਨਹੀਂ ਦਿਆਂਗੇ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਦੇ ਸਮਾਜਿਕ ਤਾਣੇ-ਬਾਣੇ ਨੂੰ ਸੱਟ ਨਹੀਂ ਵੱਜਣ ਦੇਵੇਗੀ। ਪੰਜਾਬੀਆਂ ਦੀ ਸੋਚ 'ਤੇ ਪਾਰਟੀ ਪਹਿਰਾ ਦੇਵੇਗੀ ਅਤੇ ਕਿਸੇ ਵੀ ਰਾਸ਼ਟਰ ਵਿਰੋਧੀ ਦੀ ਤਾਕਤ ਨਹੀਂ ਹੈ ਕਿ ਭਾਜਪਾ ਨੂੰ ਝੁਕਾ ਸਕੇ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸਿਆਸਤ ਸਾਡੇ ਲਈ ਮਿਸ਼ਨ ਹੈ ਅਤੇ ਅਸੀਂ ਸੱਤਾ ਭੋਗਣ ਨਹੀਂ ਆਏ, ਸਗੋਂ ਦੇਸ਼ ਦੀ ਸੇਵਾ ਕਰਨ ਲਈ ਆਏ ਹਾਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
