ਕਮਲ ਚੇਟਲੀ ਨੂੰ ਮਨਾਉਣ ਲਾਮ-ਲਸ਼ਕਰ ਲੈ ਕੇ ਪੁੱਜੇ ''ਅਸ਼ਵਨੀ ਸ਼ਰਮਾ'', ਗੱਲ ਨਾ ਬਣਨ ''ਤੇ ਮੀਡੀਆ ਤੋਂ ਬਣਾਈ ਦੂਰੀ
Wednesday, Aug 18, 2021 - 01:58 PM (IST)
ਲੁਧਿਆਣਾ (ਗੁਪਤਾ) : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਾਜਪਾ ਦੇ ਸੀਨੀਅਰ ਆਗੂ ਅਨਿਲ ਜੋਸ਼ੀ ਅਤੇ ਹੋਰਨਾਂ ਦੇ 20 ਅਗਸਤ ਨੂੰ ਭਾਜਪਾ ਛੱਡ ਕੇ ਸ਼੍ਰੋਮਣੀ ਅਕਾਲੀ ਦਲ ’ਚ ਜਾਣ ਦੀਆਂ ਖ਼ਬਰਾਂ ਦੇ ਮੱਦੇਨਜ਼ਰ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਲੁਧਿਆਣਾ ਪੁੱਜੇ। ਇੱਥੇ ਪ੍ਰਦੇਸ਼ ਜਨਰਲ ਸਕੱਤਰ ਰਾਜੇਸ਼ ਬਾਘਾ, ਲੁਧਿਆਣਾ ਦੇ ਮੁਖੀ ਤੇ ਪ੍ਰਦੇਸ਼ ਉਪ ਪ੍ਰਧਾਨ ਰਾਕੇਸ਼ ਰਾਠੌਰ ਅਤੇ ਜ਼ਿਲ੍ਹਾ ਭਾਜਪਾ ਪ੍ਰਧਾਨ ਪੁਸ਼ਪਿੰਦਰ ਸਿੰਘਲ ਨੇ ਪੰਜਾਬ ਭਾਜਪਾ ਦੀ ਕਾਰਜਕਾਰਣੀ ਦੇ ਮੈਂਬਰ ਨੇ ਕਮਲ ਚੇਟਲੀ ਦੀ ਰਿਹਾਇਸ਼ ’ਤੇ ਪੁੱਜ ਕੇ ਲਗਭਗ 1 ਘੰਟੇ ਤੱਕ ਬੈਠਕ ਕੀਤੀ ਅਤੇ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ।
ਇਸ ਬੈਠਕ ’ਚ ਲੁਧਿਆਣਾ ਤੋਂ ਡਿਪਟੀ ਮੇਅਰ ਰਹੇ ਭਾਜਪਾ ਕੌਂਸਲਰ ਆਰ. ਡੀ. ਸ਼ਰਮਾ, ਭਾਜਪਾ ਨੇਤਾ ਰਾਜੇਸ਼ ਸ਼ਰਮਾ ਮਿੰਟੂ ਵੀ ਸ਼ਾਮਲ ਸਨ। ਬੈਠਕ ਦੌਰਾਨ ਵੱਖ-ਵੱਖ ਮੁੱਦਿਆਂ ’ਤੇ ਲੰਬੀ ਗੱਲਬਾਤ ਹੋਣ ਤੋਂ ਬਾਅਦ ਵੀ ਪ੍ਰਦੇਸ਼ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਕਮਲ ਚੇਟਲੀ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਮਨਾਉਣ ’ਚ ਸਫ਼ਲ ਨਹੀਂ ਹੋ ਸਕੇ। ਇਸ ਤੋਂ ਬਾਅਦ ਅਸ਼ਵਨੀ ਸ਼ਰਮਾ ਨੇ ਮੀਡੀਆ ਤੋਂ ਦੂਰੀ ਹੀ ਬਣਾਈ ਰੱਖੀ ਅਤੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸਿਰਫ ਇੰਨਾ ਹੀ ਕਿਹਾ ਕਿ ਉਹ ਪ੍ਰਧਾਨ ਬਣਨ ਤੋਂ ਬਾਅਦ ਚੇਟਲੀ ਨੂੰ ਮਿਲਣ ਨਹੀਂ ਆ ਸਕੇ ਸਨ।
ਇਹ ਵੀ ਪੜ੍ਹੋ : ਮੋਹਾਲੀ : ਫ਼ੌਜੀ ਬਣਨ ਦੇ ਚਾਹਵਾਨਾਂ ਲਈ ਜ਼ਰੂਰੀ ਖ਼ਬਰ, ਇਸ ਮਹੀਨੇ ਹੋਵੇਗੀ ਭਰਤੀ ਰੈਲੀ
ਉਹ ਕਮਲ ਚੇਟਲੀ ਦੇ ਘਰ ਸਿਰਫ ਚਾਹ ਪੀਣ ਆਏ ਸਨ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ’ਚ ਕਮਲ ਚੇਟਲੀ ਨੇ ਕਿਹਾ ਕਿ ਅੱਜ ਪੰਜਾਬ ’ਚ ਭਾਜਪਾ ਦੇ ਜੋ ਹਾਲਾਤ ਹਨ, ਉਸ ਦੇ ਲਈ ਮੌਜੂਦਾ ਪੰਜਾਬ ਦੇ ਆਗੂ ਦੋਸ਼ੀ ਹਨ। ਪਾਰਟੀ ਤੋਂ ਉਨ੍ਹਾਂ ਨੂੰ ਕੋਈ ਸ਼ਿਕਾਇਤ ਨਹੀਂ ਹੈ। ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਪੰਜਾਬ, ਪੰਜਾਬੀਅਤ ਅਤੇ ਅਮਨ-ਸ਼ਾਂਤੀ ਲਈ ਜੋ ਆਵਾਜ਼ ਬੁਲੰਦ ਕੀਤੀ ਹੈ, ਉਸ ਦੀ ਅਸੀਂ ਹਮਾਇਤ ਕਰਦੇ ਹਾਂ।
ਇਹ ਵੀ ਪੜ੍ਹੋ : ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਆਉਣ ਵਾਲੇ ਮੁਸਾਫ਼ਰਾ ਲਈ ਜ਼ਰੂਰੀ ਖ਼ਬਰ, ਜਾਰੀ ਹੋਏ ਇਹ ਹੁਕਮ
ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਤੁਸੀਂ ਪਾਰਟੀ ਛੱਡ ਦਿੱਤੀ ਹੈ ਤਾਂ ਉਨ੍ਹਾਂ ਕਿਹਾ ਕਿ ਅਜੇ ਇਕ ਬੈਠਕ ਹੋਰ ਹੋਵੇਗੀ, ਉਸ ਉਪਰੰਤ ਹੀ ਉਹ ਕੁੱਝ ਕਹਿ ਸਕਣਗੇ। ਉਹ ਕੋਈ ਵੀ ਫ਼ੈਸਲਾ ਅਨਿਲ ਜੋਸ਼ੀ ਅਤੇ ਪੂਰੀ ਟੀਮ ਦੀ ਸਲਾਹ ਤੋਂ ਬਾਅਦ ਹੀ ਕਰਨਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ