ਮੋਦੀ ਦੀ ਉਲਟੀ ਗਿਣਤੀ ਸ਼ੁਰੂ, ਤਾਨਾਸ਼ਾਹੀ ਨਹੀਂ ਸਹਿਣਗੇ ਲੋਕ : ਅਸ਼ਵਨੀ ਕੁਮਾਰ

Saturday, Dec 15, 2018 - 09:27 AM (IST)

ਜਲੰਧਰ (ਧਵਨ) : ਸਾਬਕਾ ਕੇਂਦਰੀ ਮੰਤਰੀ ਡਾਕਟਰ ਅਸ਼ਵਨੀ ਕੁਮਾਰ ਨੇ ਕਿਹਾ ਹੈ ਕਿ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ 'ਚ ਸੱਤਾਧਾਰੀ ਭਾਜਪਾ ਦੀਆਂ ਸੂਬਾਈ ਸਰਕਾਰਾਂ ਨੂੰ ਹਰਾਉਣ ਪਿੱਛੋਂ ਦੇਸ਼ 'ਚ ਮੋਦੀ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਕਿਉਂਕਿ ਮੋਦੀ ਦੇ ਤਾਨਾਸ਼ਾਹੀ ਵਾਲੇ ਰਵੱਈਏ ਨੂੰ ਲੋਕ ਸਹਿਣ ਕਰਨ ਲਈ ਤਿਆਰ ਨਹੀਂ ਹਨ। ਸ਼ੁੱਕਰਵਾਰ ਇੱਥੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੋਦੀ ਨੇ 2014 'ਚ ਸੱਤਾ 'ਚ ਆਉਣ ਪਿੱਛੋਂ ਦੇਸ਼ 'ਚ ਲੋਕ ਰਾਜੀ ਅਦਾਰਿਆਂ ਦੀ ਹੋਂਦ ਨੂੰ ਹੀ ਖਤਰੇ 'ਚ ਪਾ ਦਿੱਤਾ ਸੀ। ਮੋਦੀ ਦੀਆਂ ਤਾਨਾਸ਼ਾਹੀ ਵਾਲੀਆਂ ਨੀਤੀਆਂ ਕਾਰਨ ਸਿਰਫ ਲੋਕ ਹੀ ਨਹੀਂ ਸਗੋਂ ਭਾਜਪਾ ਦੇ ਆਗੂ ਵੀ ਦੁਖੀ ਸਨ।
ਅਸ਼ਵਨੀ ਕੁਮਾਰ ਨੇ ਕਿਹਾ ਕਿ ਭਾਜਪਾ ਨੇ  ਦੇਸ਼ 'ਚ ਭੰਨ-ਤੋੜ ਸਿਆਸਤ ਨੂੰ ਹੱਲਾਸ਼ੇਰੀ ਦਿੱਤੀ। ਹੁਣ ਲੋਕ ਮੋਦੀ ਅਤੇ ਭਾਜਪਾ ਦੇ ਲੁਕਵੇਂ ਏਜੰਡੇ ਨੂੰ ਜਾਣ ਚੁੱਕੇ ਹਨ। ਹਰ ਭਾਰਤ ਵਾਸੀ ਨੇ ਆਪਣੇ ਮਨ 'ਚ ਇਹ ਗੱਲ ਬਿਠਾ ਲਈ ਹੈ ਕਿ ਚੜ੍ਹਦੇ ਸਾਲ ਭਾਜਪਾ ਨੂੰ ਕੇਂਦਰ ਤੋਂ ਵੀ ਅਲਵਿਦਾ ਕਰ ਦਿੱਤਾ ਜਾਵੇ। ਕਿਸੇ ਨੂੰ ਵੀ ਉਨ੍ਹਾਂ ਦੀ ਤਾਨਾਸ਼ਾਹੀ ਪ੍ਰਵਾਨ ਨਹੀਂ, ਸਰਕਾਰ ਦੇ ਕਾਰਜਕਾਲ ਦੌਰਾਨ ਕਿਸਾਨਾਂ ਦੀ ਮਾੜੀ ਹਾਲਤ ਸਭ ਦੇ ਸਾਹਮਣੇ ਹੈ। ਕਿਸਾਨ ਆਤਮ–ਹੱਤਿਆਵਾਂ ਕਰ ਰਹੇ ਹਨ। ਮੋਦੀ ਸਰਕਾਰ ਕਿਸਾਨਾਂ ਦਾ ਕਰਜ਼ਾ ਮੁਆਫ ਨਹੀਂ ਕਰ ਸਕੀ। ਦੇਸ਼ 'ਚ ਨੌਜਵਾਨਾਂ ਅੰਦਰ ਬੇਰੋਜ਼ਗਾਰੀ ਲਗਾਤਾਰ ਵੱਧਦੀ ਜਾ ਰਹੀ ਹੈ। ਸਮਾਜਿਕ ਬੇਇਨਸਾਫੀ ਅਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਲੈ ਕੇ  ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਲੋਕਾਂ ਦਰਮਿਆਨ ਗਏ।  ਰਾਹੁਲ ਨੇ ਚੋਣ ਪ੍ਰਚਾਰ ਦੌਰਾਨ ਆਪਣੀ ਯੋਗਤਾ ਅਤੇ ਹੁਨਰ ਦਾ ਪ੍ਰਦਰਸ਼ਨ ਕੀਤਾ। ਰਾਹੁਲ ਨੂੰ ਹੁਣ ਕੌਮੀ ਪੱਧਰ 'ਤੇ ਪ੍ਰਵਾਨ ਕੀਤਾ ਜਾ ਰਿਹਾ ਹੈ। ਰਾਹੁਲ ਆਉਣ ਵਾਲੇ ਸਮੇਂ 'ਚ ਨੌਜਵਾਨ ਲੀਡਰਸ਼ਿਪ ਅਤੇ ਸੀਨੀਅਰ ਕਾਂਗਰਸੀਆਂ ਨੂੰ ਨਾਲ ਲੈ ਕੇ ਚੱਲਣਗੇ।
ਡਾ. ਅਸ਼ਵਨੀ ਕੁਮਾਰ ਨੇ ਕਿਹਾ ਕਿ ਰਾਹੁਲ ਨੇ ਮੱਧ ਪ੍ਰਦੇਸ਼ ਅਤੇ ਰਾਜਸਥਾਨ 'ਚ ਮੁੱਖ ਮੰਤਰੀਆਂ ਦੀ ਚੋਣ ਸਿਆਣਪ ਨਾਲ ਕੀਤੀ ਹੈ। ਮੱਧ ਪ੍ਰਦੇਸ਼ 'ਚ ਕਮਲਨਾਥ ਅਤੇ ਰਾਜਸਥਾਨ 'ਚ ਅਸ਼ੋਕ ਗਹਿਲੋਤ ਨੂੰ ਕਮਾਨ ਸੌਂਪੀ ਗਈ ਹੈ। ਦੋਵੇਂ ਤਜਰਬੇਕਾਰ ਨੇਤਾ ਹਨ। ਉਨ੍ਹਾਂ ਦੀ ਅਗਵਾਈ 'ਚ ਦੋਵੇਂ ਸੂਬੇ ਵਿਕਾਸ ਦੀਆਂ ਬੁਲੰਦੀਆਂ ਛੂਹਣ ਗਏ।  ਰਾਹੁਲ ਦੇ ਸਾਹਮਣੇ ਚੜ੍ਹਦੇ ਸਾਲ ਲੋਕ ਸਭਾ ਦੀਆਂ ਚੋਣਾਂ  ਜਿੱਤਣ ਦੀ ਜ਼ਿੰਮੇਵਾਰੀ ਹੈ। ਇਸ ਨੂੰ ਦੇਖਦਿਆਂ ਉਨ੍ਹਾਂ ਸਿਆਣਪ ਭਰੇ ਫੈਸਲੇ ਲਏ ਹਨ ਹਰ ਕਾਂਗਰਸੀ ਨੇਤਾ ਅਤੇ ਵਰਕਰ ਰਾਹੁਲ ਨਾਲ ਹੈ। 
ਡਾ. ਅਸ਼ਵਨੀ ਕੁਮਾਰ ਨੇ ਕਿਹਾ ਕਿ ਦੇਸ਼ 'ਚ ਬੇਰੁਜ਼ਗਾਰੀ ਲਗਾਤਾਰ ਵਧਦੀ ਜਾ ਰਹੀ ਹੈ। ਉਸ 'ਤੇ ਸ਼ਿਕੰਜਾ ਕੱਸਣ ਦੀ ਲੋੜ ਹੈ। ਕੇਂਦਰੀ ਭਾਜਪਾ ਸਰਕਾਰ ਦੀਆਂ ਨਾਕਾਮੀਆਂ ਨੂੰ ਉਜਾਗਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਅੱਜ ਹਰ ਵਰਗ ਦੇ ਲੋਕ ਮੋਦੀ ਸਰਕਾਰ ਹੱਥੋ ਪ੍ਰੇਸ਼ਾਨ ਹਨ। ਦਲਿਤਾਂ ਅੰਦਰ ਵੀ ਰੋਸ ਹੈ। ਸਵਰਣ ਜਾਤੀਆਂ ਵੀ ਨਾਰਾਜ਼ ਹਨ। ਨੌਜਵਾਨ ਵਰਗ ਵੀ ਗੁੱਸੇ 'ਚ ਹੈ। ਕਿਸਾਨ ਸੜਕਾਂ 'ਤੇ ਉਤਰੇ ਹੋਏ ਹਨ। ਹੁਣ ਮੋਦੀ ਸਰਕਾਰ ਦੀਆਂ ਭ੍ਰਿਸ਼ਟ ਯੋਜਨਾਵਾਂ ਸਫਲ ਨਹੀਂ ਹੋਣਗੀਆਂ। 2019 ਦੀਆਂ ਚੋਣਾਂ 'ਡਰ ਤੋਂ ਆਜ਼ਾਦੀ' ਦੇ ਨਾਮ 'ਤੇ ਕਾਂਗਰਸ ਵਲੋਂ ਲੜੀਆਂ ਜਾਣਗੀਆਂ, ਲੋਕਾਂ ਨੂੰ ਸਮਾਜਿਕ ਅਤੇ ਆਰਥਿਕ ਨਿਆਂ ਦਿਵਾਉਣ ਦਾ ਮੁੱਦਾ ਕਾਂਗਰਸ ਦੇ ਏਜੰਡੇ 'ਚੋਂ ਸਭ ਤੋਂ ਉਪਰ ਰਹੇਗਾ।


Babita

Content Editor

Related News