ਆਸ਼ੀਸ਼ ਮਿਸ਼ਰਾ ਦੇ ਸਰੰਡਰ ਤੋਂ ਬਾਅਦ ਨਵਜੋਤ ਸਿੱਧੂ ਵਲੋਂ ਭੁੱਖ ਹੜਤਾਲ ਖ਼ਤਮ ਕਰਨ ਦਾ ਐਲਾਨ
Saturday, Oct 09, 2021 - 10:36 PM (IST)
ਲਖੀਮਪੁਰ/ਚੰਡੀਗੜ੍ਹ : ਲਖੀਮਪੁਰ ਖੀਰੀ ਵਿਚ ਭੁੱਖ ਹੜਤਾਲ ’ਤੇ ਬੈਠੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਹੜਤਾਲ ਖ਼ਤਮ ਕਰ ਦਿੱਤੀ ਹੈ। ਸਿੱਧੂ ਨੇ ਇਹ ਹੜਤਾਲ ਕੇਂਦਰੀ ਮੰਤਰੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਵਲੋਂ ਕ੍ਰਾਈਮ ਬਰਾਂਚ ਸਾਹਮਣੇ ਸਰੰਡਰ ਕਰਨ ਤੋਂ ਬਾਅਦ ਖ਼ਤਮ ਕੀਤੀ ਗਈ ਹੈ। ਦਰਅਸਲ ਬੀਤੇ ਦਿਨੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਕਾਂਗਰਸ ਦੇ ਮੰਤਰੀਆਂ ਤੇ ਵਿਧਾਇਕਾਂ ਦੇ ਵਫ਼ਦ ਨੇ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਕਾਂਡ ਦੇ ਪੀੜਤ ਕਿਸਾਨ ਪਰਿਵਾਰਾਂ ਅਤੇ ਹੋਰਨਾਂ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਮ੍ਰਿਤਕ ਪੱਤਰਕਾਰ ਰਮਨ ਕਸ਼ਯਪ ਦੇ ਘਰ ਪੁੱਜੇ। ਜਿੱਥੇ ਉਨ੍ਹਾਂ ਮੌਨ ਵਰਤ ਰੱਖਿਆ ਅਤੇ ਭੁੱਖ ਹੜਤਾਲ ’ਤੇ ਬੈਠਣ ਦਾ ਐਲਾਨ ਕੀਤਾ। ਇਸ ਦੌਰਾਨ ਉਨ੍ਹਾਂ ਹਰ ਸਵਾਲ ਦਾ ਜਵਾਬ ਲਿੱਖ ਕੇ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਂਦਰੀ ਮੰਤਰੀ ਦੇ ਪੁੱਤਰ ਆਸ਼ੀਸ਼ ਮਿਸਰਾ ਜਾਂਚ ਵਿਚ ਸ਼ਾਮਲ ਨਹੀਂ ਹੁੰਦਾ, ਉਦੋਂ ਤੱਕ ਹੜਤਾਲ ਜਾਰੀ ਰਹੇਗੀ।
ਇਹ ਵੀ ਪੜ੍ਹੋ : ਚੰਨੀ ਦੇ ਇੰਜੀਨੀਅਰ ਮੁੰਡੇ ਦਾ ਹੋਵੇਗਾ ਇੰਜੀਨੀਅਰ ਕੁੜੀ ਨਾਲ ਵਿਆਹ, ਵੇਖੋ ਕਦੋਂ ਚੜ੍ਹੇਗੀ ਜੰਞ ਤੇ ਕਦੋਂ ਹੋਵੇਗੀ ਰਿਸੈਪਸ਼ਨ
ਅੱਜ ਜਿਵੇਂ ਹੀ ਆਸ਼ੀਸ਼ ਮਿਸ਼ਰਾ ਨੇ ਕ੍ਰਾਈਮ ਬਰਾਂਚ ਦੇ ਦਫ਼ਤਰ ’ਚ ਸਰੰਡਰ ਕੀਤਾ ਤਾਂ ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਨਵਜੋਤ ਸਿੱਧੂ ਨੇ ਭੁੱਖ ਹੜਤਾਲ ਖ਼ਤਮ ਕਰ ਦਿੱਤੀ। ਉਧਰ ਪੁਲਸ ਨੇ ਆਸ਼ੀਸ਼ ਮਿਸ਼ਰਾ ਨੂੰ ਸੀ.ਆਰ.ਪੀ.ਸੀ. ਦੀ ਧਾਰਾ 160 ਦੇ ਅਧੀਨ ਸੰਮਨ ਭੇਜਿਆ ਸੀ। ਮੰਨਿਆ ਜਾ ਰਿਹਾ ਹੈ ਕਿ ਜੇਕਰ ਪੁਲਸ ਆਸ਼ੀਸ਼ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹੁੰਦੀ ਹੈ ਤਾਂ ਉਸ ਦੀ ਗ੍ਰਿਫ਼ਤਾਰੀ ਵੀ ਹੋ ਸਕਦੀ ਹੈ। ਇਸ ਨੂੰ ਦੇਖਦੇ ਹੋਏ ਲਖੀਮਪੁਰ ਖੀਰੀ ’ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਆਸ਼ੀਸ਼ ਮਿਸ਼ਰਾ ਦੇ ਵਕੀਲ ਅਵਧੇਸ਼ ਕੁਮਾਰ ਨੇ ਕਿਹਾ ਸੀ ਕਿ ਉਨ੍ਹਾਂ ਦੇ ਮੁਵੱਕਿਲ ਅੱਜ ਪੁਲਸ ਸਾਹਮਣੇ ਪੇਸ਼ ਹੋਣਗੇ। ਉਨ੍ਹਾਂ ਕਿਹਾ ਕਿ ਅਸੀਂ ਨੋਟਿਸ ਦਾ ਸਨਮਾਨ ਕਰਾਂਗੇ ਅਤੇ ਜਾਂਚ ’ਚ ਹਰ ਸੰਭਵ ਸਹਿਯੋਗ ਕਰਾਂਗੇ।
ਇਹ ਵੀ ਪੜ੍ਹੋ : ਫਿਰ ਵਿਵਾਦਾਂ ’ਚ ਘਿਰੇ ਨਵਜੋਤ ਸਿੰਘ ਸਿੱਧੂ, ਤੈਸ਼ ’ਚ ਆ ਕੇ ਆਖ ਗਏ ਵਿਵਾਦਤ ਗੱਲਾਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?