ਜਲੰਧਰ 'ਚ ਬੱਚਿਆਂ ਦੀ ਖੇਡ-ਖੇਡ ’ਚ ਸੜ ਗਿਆ ਆਸ਼ਿਆਨਾ, ਮਾਚਿਸ ਦੀ ਤੀਲੀ ਕਾਰਨ ਲੱਖਾਂ ਦਾ ਸਾਮਾਨ ਸੁਆਹ

Wednesday, May 27, 2026 - 05:17 AM (IST)

ਜਲੰਧਰ 'ਚ ਬੱਚਿਆਂ ਦੀ ਖੇਡ-ਖੇਡ ’ਚ ਸੜ ਗਿਆ ਆਸ਼ਿਆਨਾ, ਮਾਚਿਸ ਦੀ ਤੀਲੀ ਕਾਰਨ ਲੱਖਾਂ ਦਾ ਸਾਮਾਨ ਸੁਆਹ

ਜਲੰਧਰ (ਸ. ਹ.) : ਸ਼੍ਰੀ ਸਿੱਧ ਬਾਬਾ ਸੋਢਲ ਮੰਦਰ ਦੀ ਬੈਕਸਾਈਡ ’ਤੇ ਸਥਿਤ ਸਿੱਧ ਮੁਹੱਲਾ ਵਿਚ ਬੱਚਿਆਂ ਦੀ ਖੇਡ-ਖੇਡ ਵਿਚ ਆਸ਼ਿਆਨਾ ਸੜ ਕੇ ਸੁਆਹ ਹੋ ਗਿਆ। ਅਸਲ ਵਿਚ ਘਰ ਵਿਚ ਖੇਡ ਰਹੇ ਇਕ ਬੱਚੇ ਨੇ ਮਾਚਿਸ ਦੀ ਤੀਲੀ ਬਾਲ ਕੇ ਕਮਰੇ ਦੇ ਬਿਸਤਰੇ ’ਤੇ ਸੁੱਟ ਦਿੱਤੀ ਅਤੇ ਦੇਖਦਿਆਂ ਹੀ ਦੇਖਦਿਆਂ ਅੱਗ ਨੇ ਭਿਆਨਕ ਰੂਪ ਧਾਰ ਲਿਆ। ਜਿਵੇਂ ਹੀ ਘਰ ਵਾਲਿਆਂ ਨੇ ਧੂੰਆਂ ਨਿਕਲਦਾ ਦੇਖਿਆ ਤਾਂ ਤੁਰੰਤ ਘਰੋਂ ਬਾਹਰ ਭੱਜੇ। ਆਲੇ-ਦੁਆਲੇ ਦੇ ਲੋਕਾਂ ਨੇ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਨਾ ਦੇ ਕੇ ਖੁਦ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਭਿਆਨਕ ਰੂਪ ਧਾਰ ਚੁੱਕੀ ਸੀ।

PunjabKesari

ਜਾਣਕਾਰੀ ਅਨੁਸਾਰ ਘਰ ਵਿਚ ਲੱਕੜ ਦਾ ਕੰਮ ਚੱਲ ਰਿਹਾ ਸੀ, ਜਿਸ ਕਾਰਨ ਘਰ ਦੇ ਬਿਸਤਰੇ, ਗੱਦੇ ਅਤੇ ਹੋਰ ਕੀਮਤੀ ਸਾਮਾਨ ਇਕੱਠਾ ਕਰ ਕੇ ਇਕ ਹੀ ਕਮਰੇ ਵਿਚ ਰੱਖਿਆ ਹੋਇਆ ਸੀ। ਘਰ ਵਿਚ ਪਲਾਈ ਅਤੇ ਲੱਕੜ ਦਾ ਹੋਰ ਸਾਮਾਨ ਵੀ ਸੀ ਪਰ ਮੰਗਲਵਾਰ ਨੂੰ ਬੱਚੇ ਦੇ ਹੱਥ ਮਾਚਿਸ ਲੱਗ ਗਈ, ਜਿਸ ਨੇ ਖੇਡ-ਖੇਡ ਵਿਚ ਮਾਚਿਸ ਦੀ ਤੀਲੀ ਬਾਲ ਕੇ ਉਸੇ ਕਮਰੇ ਦੇ ਬਿਸਤਰੇ ’ਤੇ ਸੁੱਟ ਦਿੱਤੀ, ਜਿੱਥੇ ਸਾਰਾ ਸਾਮਾਨ ਰੱਖਿਆ ਹੋਇਆ ਸੀ। ਅੱਗ ਕਮਰੇ ਵਿਚ ਫੈਲੀ ਤਾਂ ਘਰ ਵਿਚ ਧੂੰਆਂ ਹੀ ਧੂੰਆਂ ਹੋ ਗਿਆ। ਧੂੰਆਂ ਦੇਖ ਕੇ ਪਰਿਵਾਰ ਬੱਚਿਆਂ ਸਮੇਤ ਘਰ ਵਿਚੋਂ ਬਾਹਰ ਵੱਲ ਭੱਜਿਆ।

ਇਹ ਵੀ ਪੜ੍ਹੋ : ਧਮਾਕਿਆਂ ਨਾਲ ਦਹਿਲਿਆ ਇਲਾਕਾ! PSPCL ਦੀ ਟਰਾਂਸਫਾਰਮਰ ਰਿਪੇਅਰ ਵਰਕਸ਼ਾਪ 'ਚ ਲੱਗੀ ਭਿਆਨਕ ਅੱਗ

ਗੁਆਂਢੀਆਂ ਨੇ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਨਾ ਦਿੱਤੀ ਅਤੇ ਖੁਦ ਵੀ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਬਿਸਤਰੇ, ਗੱਦੇ, ਲੱਕੜ ਆਦਿ ਕਾਫ਼ੀ ਸਾਮਾਨ ਹੋਣ ਕਾਰਨ ਅੱਗ ਨੇ ਭਿਆਨਕ ਰੂਪ ਧਾਰ ਲਿਆ। ਤੰਗ ਗਲੀਆਂ ਕਾਰਨ ਇਲਾਕੇ ਦੇ ਲੋਕਾਂ ਵਿਚ ਦਹਿਸ਼ਤ ਮਚ ਗਈ ਕਿਉਂਕਿ ਅੱਗ ਫੈਲਣ ਦਾ ਵੀ ਡਰ ਬਣਿਆ ਹੋਇਆ ਸੀ। ਜਿਵੇਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ ਤਾਂ ਅੱਗ ਬੁਝਾਉਣ ਦਾ ਕੰਮ ਸ਼ੁਰੂ ਹੋਇਆ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਲੋਕਾਂ ਦੇ ਘਰਾਂ ਦੀਆਂ ਛੱਤਾਂ ’ਤੇ ਜਾ ਕੇ ਅੱਗ ਬੁਝਾਉਣੀ ਪਈ। ਅੱਗ ਲੱਗਣ ਕਾਰਨ ਆਸਮਾਨ ਵਿਚ ਕਾਲੇ ਬੱਦਲ ਦੂਰ-ਦੂਰ ਤੋਂ ਦਿਖਾਈ ਦੇ ਰਹੇ ਸਨ। ਕਾਫ਼ੀ ਮੁਸ਼ੱਕਤ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਅੱਗ ’ਤੇ ਕਾਬੂ ਪਾਇਆ ਪਰ ਉਦੋਂ ਤੱਕ ਘਰੇਲੂ ਕਾਫ਼ੀ ਸਾਮਾਨ ਸੜ ਕੇ ਸੁਆਹ ਹੋ ਗਿਆ ਸੀ ਅਤੇ ਘਰ ਦੀ ਇਮਾਰਤ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ। ਹਾਲਾਂਕਿ ਖੁਸ਼ਕਿਸਮਤੀ ਇਹ ਰਹੀ ਕਿ ਇਸ ਹਾਦਸੇ ਵਿਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News