ਆਸ਼ਾ ਕੁਮਾਰੀ ਤੇ ਹਰੀਸ਼ ਚੌਧਰੀ ਸਹੁੰ ਚੁੱਕ ਸਮਾਰੋਹ ''ਚ ਅਸੰਤੁਸ਼ਟ ਵਿਧਾਇਕਾਂ ਨੂੰ ਮਨਾਉਂਦੇ ਦਿਸੇ
Sunday, Apr 22, 2018 - 07:35 AM (IST)

ਜਲੰਧਰ (ਚੋਪੜਾ) - ਪੰਜਾਬ ਮੰਤਰੀ ਮੰਡਲ ਵਾਧੇ ਦੌਰਾਨ ਵਿਧਾਇਕਾਂ ਵਿਚ ਪੈਦਾ ਹੋਏ ਗੁੱਸੇ ਦੀ ਗੂੰਜ ਅੱਜ ਰਾਜ ਭਵਨ ਤੱਕ ਸੁਣਾਈ ਦਿੱਤੀ। ਕੈਪਟਨ ਅਮਰਿੰਦਰ ਸਰਕਾਰ ਦਾ ਬਹੁ-ਚਰਚਿਤ ਵਾਧਾ ਸ਼ਨੀਵਾਰ ਸ਼ਾਮ ਸਾਦਗੀ ਭਰੇ ਮਾਹੌਲ ਵਿਚ ਕੀਤਾ ਗਿਆ।
ਰਾਜਪਾਲ ਵੀ. ਪੀ. ਸਿੰਘ ਬਦਨੌਰ ਨੇ ਮੰਤਰੀ ਮੰਡਲ ਵਿਚ ਸ਼ਾਮਲ ਕੀਤੇ ਗਏ 9 ਨਵੇਂ ਚਿਹਰਿਆਂ ਨੂੰ ਸਹੁੰ ਚੁਕਾਈ ਤੇ ਇਸ ਦੌਰਾਨ 2 ਮਹਿਲਾ ਰਾਜ ਮੰਤਰੀਆਂ ਦਾ ਕੱਦ ਵਧਾ ਕੇ ਕੈਬਨਿਟ ਮੰਤਰੀ ਬਣਾਇਆ ਗਿਆ। ਪ੍ਰੋਗਰਾਮ ਦੌਰਾਨ ਮੰਤਰੀ ਮੰਡਲ ਵਾਧੇ ਵਿਚ ਸਥਾਨ ਨਾ ਮਿਲਣ ਤੋਂ ਨਿਰਾਸ਼ ਤਿੰਨ ਵਿਧਾਇਕਾਂ ਵਲੋਂ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣ ਦਾ ਮਾਮਲਾ ਪੂਰੀ ਤਰ੍ਹਾਂ ਨਾਲ ਛਾਇਆ ਰਿਹਾ। ਸੂਬੇ ਦੀ ਰਾਜਨੀਤੀ ਵਿਚ ਪੈਦਾ ਹੋਏ ਨਵੇਂ ਤੂਫਾਨ ਨੂੰ ਲੈ ਕੇ ਪ੍ਰੋਗਰਾਮ ਵਿਚ ਮੌਜੂਦ ਸੂਬਾ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਅਤੇ ਸਹਿ ਇੰਚਾਰਜ ਹਰੀਸ਼ ਚੌਧਰੀ ਬੇਹੱਦ ਪ੍ਰੇਸ਼ਾਨ ਦਿਸੇ। ਦੋਵੇਂ ਆਗੂ ਪ੍ਰੋਗਰਾਮ ਵਿਚ ਸ਼ਾਮਲ ਉਨ੍ਹਾਂ ਅਸੰਤੁਸ਼ਟ ਵਿਧਾਇਕਾਂ ਨੂੰ ਸ਼ਾਂਤ ਕਰਦੇ ਦੇਖੇ ਗਏ, ਜੋ ਕਿ ਮੰਤਰੀ ਅਹੁਦਾ ਨਾ ਮਿਲਣ ਕਾਰਨ ਬੇਹੱਦ ਨਾਰਾਜ਼ ਸਨ। ਦੂਜੇ ਕੁਝ ਅਸੰਤੁਸ਼ਟ ਵਿਧਾਇਕਾਂ ਨੇ ਸਹੁੰ ਚੁੱਕ ਸਮਾਰੋਹ ਦਾ ਬਾਈਕਾਟ ਕਰ ਕੇ ਆਪਣੀ ਨਾਰਾਜ਼ਗੀ ਨਾਲ ਪਾਰਟੀ ਲੀਡਰਸ਼ਿਪ ਨੂੰ ਸੰਕੇਤ ਦੇ ਦਿੱਤਾ ਹੈ ਕਿ ਉਹ ਵੀ ਅਸੰਤੁਸ਼ਟਾਂ ਦੀ ਲਾਈਨ ਵਿਚ ਸ਼ਾਮਲ ਹਨ ਪਰ ਮੌਜੂਦਾ ਹਾਲਾਤ ਵਿਚ ਪਾਰਟੀ ਦਾ ਅਨੁਸ਼ਾਸਨ ਭੰਗ ਕਰਨ ਦੇ ਮੂਡ ਵਿਚ ਨਹੀਂ ਹਨ ਅਤੇ ਸਮੇਂ ਦੀ ਉਡੀਕ ਕਰਨਗੇ। ਕਾਂਗਰਸ ਦੇ ਕੁਝ ਸੀਨੀਅਰ ਆਗੂਆਂ ਨੇ ਮਹਿਸੂਸ ਕੀਤਾ ਕਿ ਦਲਿਤ ਅਤੇ ਓ. ਬੀ. ਸੀ. ਕੈਟਾਗਰੀਆਂ ਨਾਲ ਸਬੰਧਤ ਵਿਧਾਇਕਾਂ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਨਾ ਕਰਨ ਨੂੰ ਲੈ ਕੇ ਉੁਨ੍ਹਾਂ ਵਿਚ ਬੇਹੱਦ ਗੁੱਸਾ ਪਾਇਆ ਜਾ ਰਿਹਾ ਹੈ। ਡਾ. ਰਾਜ ਕੁਮਾਰ ਵੇਰਕਾ ਸਮੇਤ ਕਈ ਅਸੰਤੁਸ਼ਟ ਵਿਧਾਇਕ ਕਾਫੀ ਨਾਰਾਜ਼ ਨਜ਼ਰ ਆਏ।