ਵੱਡੀ ਖ਼ਬਰ: ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਅਧਿਆਪਕਾਂ ਨੂੰ ਦਿੱਤੀਆਂ 8 ਗਾਰੰਟੀਆਂ
Tuesday, Nov 23, 2021 - 06:33 PM (IST)
ਅੰਮ੍ਰਿਤਸਰ (ਬਿਊਰੋ) - ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਅੱਜ ਅੰਮ੍ਰਿਤਸਰ ਜ਼ਿਲ੍ਹੇ ’ਚ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਕੇਜਰੀਵਾਲ ਨੇ ਕਿਹਾ ਕਿ ਮੇਰੇ ਕੋਲ ਪੰਜਾਬ ਦੇ ਬਹੁਤ ਸਾਰੇ ਅਧਿਆਪਕ ਆ ਰਹੇ ਹਨ। ਅਧਿਆਪਕਾਂ ਨੇ ਦੱਸਿਆ ਕਿ ਬਹੁਤ ਸਾਰੇ ਸਰਕਾਰੀ ਸਕੂਲਾਂ ’ਚ ਅਧਿਆਪਕ ਨਹੀਂ ਹਨ। ਕਈ ਸਕੂਲਾਂ ’ਚ ਤਾਂ ਸਾਰੇ ਬੱਚਿਆਂ ਨੂੰ ਪੜ੍ਹਾਉਣ ਲਈ ਸਿਰਫ਼ ਇਕ ਹੀ ਅਧਿਆਪਕ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਦਾ ਬੁਰਾ ਹਾਲ ਹੋਇਆ ਪਿਆ ਹੈ। ਦਿੱਲੀ ਦੇ ਸਰਕਾਰੀ ਸਕੂਲਾਂ ਦੀ ਜਿਵੇਂ ਕਾਇਆ ਪਲਟ ਕੀਤੀ, ਉਸੇ ਤਰ੍ਹਾਂ ਪੰਜਾਬ ਦੇ ਸਕੂਲਾਂ ਦੀ ਵੀ ਕੀਤੀ ਜਾਵੇਗੀ।
ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਅਧਿਆਪਕਾਂ ਨੂੰ 8 ਗਾਰੰਟੀਆਂ ਦਿੱਤੀਆਂ ਹਨ....
1.ਪੰਜਾਬ ਦੇ ਅੰਦਰ ਅਧਿਆਪਕਾਂ ਨੂੰ ਵਧੀਆ ਮਾਹੌਲ ਦੇਵਾਂਗੇ ਤੇ ਸਿੱਖਿਆ ਦੇ ਖੇਤਰ 'ਚ ਕ੍ਰਾਂਤੀ ਲੈ ਕੇ ਆਵਾਂਗੇ।
ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਅੰਦਰ ਅਧਿਆਪਕਾਂ ਨੂੰ ਅਸੀਂ ਵਧੀਆ ਮਾਹੌਲ ਦੇਵਾਂਗੇ, ਕਿਉਂਕਿ ਸਿੱਖਿਆ ਦੇ ਖੇਤਰ ’ਚ ਜੋ ਬਦਲਾਅ ਲਿਆਉਂਣੇ ਹਨ, ਉਹ ਅਧਿਆਪਕ ਮਿਲ ਕੇ ਲਿਆਉਣਗੇ। ਦਿੱਲੀ ਦੇ ਵਾਂਗ ਪੰਜਾਬ ਦਾ ਵੀ ਮਾਹੌਲ ਬਦਲ ਦਿੱਤਾ ਜਾਵੇਗਾ।
ਪੜ੍ਹੋ ਇਹ ਵੀ ਖ਼ਬਰ -ਕੇਜਰੀਵਾਲ ਦੇ ਨਿਸ਼ਾਨੇ 'ਤੇ ਪੰਜਾਬ ਕਾਂਗਰਸ, ਕਿਹਾ ‘ਸਿੱਧੂ ਨੇ ਖ਼ੁਦ ਕਿਹਾ ਕਿ ਚੰਨੀ ਝੂਠੇ ਵਾਅਦੇ ਕਰਦੇ ਨੇ’
2. ਜਿੰਨੇ ਅਧਿਆਪਕ ਆਉਟ ਸੋਰਸ ਜਾਂ ਠੇਕੇ 'ਤੇ ਕੰਮ ਕਰ ਰਹੇ ਨੇ ਸਭ ਨੂੰ ਪੱਕਾ ਕੀਤਾ ਜਾਵੇਗਾ।
ਕੇਜਰੀਵਾਲ ਨੇ ਕਿਹਾ ਕਿ 18 ਸਾਲ ਕੰਮ ਕਰਨ ਤੋਂ ਬਾਅਦ ਵੀ ਪੰਜਾਬ ਦੇ ਅਧਿਆਪਕਾਂ ਨੂੰ 10 ਹਜ਼ਾਰ ਰੁਪਏ ਮਿਲ ਰਹੇ ਹਨ, ਜੋ ਗ਼ਲਤ ਹੈ। ਇਸੇ ਲਈ ਜਦੋਂ ਉਨ੍ਹਾਂ ਦੀ ਸਰਕਾਰ ਆਵੇਗੀ ਉਹ ਆਉਟ ਸੋਰਸ ਜਾਂ ਠੇਕੇ 'ਤੇ ਕੰਮ ਕਰ ਰਹੇ ਸਾਰੇ ਅਧਿਆਪਕਾਂ ਨੂੰ ਪੱਕਾ ਕਰ ਦੇਣਗੇ। ਕੇਜਰੀਵਾਲ ਨੇ ਮੁੱਖ ਮੰਤਰੀ ਚੰਨੀ ਨੂੰ ਪਾਣੀ ਵਾਲੀ ਟੈਂਕੀ ’ਤੇ ਧਰਨਾ ਦੇ ਰਹੀਆਂ ਅਧਿਆਪਕਾਂ ਦੀਆਂ ਮੰਗਾਂ ਨੂੰ ਪੂਰਾ ਕਰ ਦੇਣ ਦੀ ਅਪੀਲ ਕੀਤੀ ਹੈ।
3.ਅਧਿਆਪਕਾਂ ਦਾ ਤਬਾਦਲਾ ਉਨ੍ਹਾਂ ਦੀ ਮਨ ਮਰਜ਼ੀ ਅਨੁਸਾਰ ਘਰ ਦੇ ਨੇੜੇ ਕੀਤਾ ਜਾਵੇਗਾ। ਤਬਦੀਲੀ ਪਾਲਿਸੀ ਪਾਰਦਰਸ਼ੀ ਹੋਵੇਗੀ।
ਕੇਜਰੀਵਾਲ ਨੇ ਕਿਹਾ ਕਿ ਬਹੁਤ ਸਾਰੇ ਅਧਿਆਪਕ ਇਕ ਦੀ ਥਾਂ 2-3 ਥਾਵਾਂ ’ਤੇ ਕੰਮ ਕਰਦੇ ਹਨ। ਅਧਿਆਪਕਾਂ ਦੇ ਸਕੂਲ ਬਹੁਤ ਦੂਰ ਹਨ, ਜਿਸ ਕਰਕੇ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਾਰਨ ਉਹ ਬੱਚਿਆਂ ਨੂੰ ਸਹੀ ਤਰੀਕੇ ਨਾਲ ਪੜ੍ਹਾ ਨਹੀਂ ਪਾਉਂਦਾ। ਉਨ੍ਹਾਂ ਦੀ ਸਰਕਾਰ ਬਣਨ ’ਤੇ ਅਧਿਆਪਕਾਂ ਦਾ ਤਬਾਦਲਾ ਉਨ੍ਹਾਂ ਦੀ ਮਨ ਮਰਜ਼ੀ ਅਨੁਸਾਰ ਘਰ ਦੇ ਨੇੜੇ ਕੀਤਾ ਜਾਵੇਗਾ, ਜਿਸ ਦੀ ਤਬਦੀਲੀ ਪਾਲਿਸੀ ਪਾਰਦਰਸ਼ੀ ਹੋਵੇਗੀ।
ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ : ਸਕੂਲ ਤੋਂ ਲਾਪਤਾ ਵਿਦਿਆਰਥੀ ਦੀ 5 ਦਿਨਾਂ ਬਾਅਦ ਸਿਧਵਾਂ ਨਹਿਰ ’ਚੋਂ ਤੈਰਦੀ ਹੋਈ ਮਿਲੀ ਲਾਸ਼
4.ਅਧਿਆਪਕ ਸਿਰਫ਼ ਪੜ੍ਹਾਉਣ ਦਾ ਕੰਮ ਕਰਨਗੇ, ਨਾਨ ਟੀਚਿੰਗ ਦਾ ਸਾਰਾ ਕੰਮ ਵਾਪਸ ਲਿਆ ਜਾਵੇਗਾ।
ਕੇਜਰੀਵਾਲ ਨੇ ਕਿਹਾ ਕਿ ਬਹੁਤ ਸਾਰੇ ਅਧਿਆਪਕ ਅਜਿਹੇ ਹਨ, ਜੋ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਹੀ ਨਹੀਂ ਕਰਦੇ ਸਗੋਂ ਸਕੂਲ ਦੇ ਹੋਰ ਜੋ ਬਹੁਤ ਸਾਰੇ ਕੰਮ ਹੁੰਦੇ ਹਨ, ਉਨ੍ਹਾਂ ਵੀ ਨਾਲ-ਨਾਲ ਕਰਦੇ ਹਨ। ਇਸ ਤਰ੍ਹਾਂ ਅਧਿਆਪਕਾਂ ’ਤੇ ਕੰਮ ਦਾ ਬਹੁਤ ਸਾਰਾ ਭਾਰ ਪੈ ਜਾਂਦਾ ਹੈ ਅਤੇ ਉਹ ਸਹੀ ਤਰੀਕੇ ਨਾਲ ਬੱਚਿਆਂ ਨੂੰ ਪੜ੍ਹਾਈ ਨਹੀਂ ਕਰਵਾਉਂਦੇ। ਉਨ੍ਹਾਂ ਦੀ ਸਰਕਾਰ ਬਣਨ ’ਤੇ ਅਧਿਆਪਕਾਂ ’ਤੇ ਨਾਨ ਟੀਚਿੰਗ ਦਾ ਸਾਰਾ ਕੰਮ ਉਨ੍ਹਾਂ ਤੋਂ ਵਾਪਸ ਲੈ ਲਿਆ ਜਾਵੇਗਾ।
5.ਪੰਜਾਬ ਅੰਦਰ ਅਧਿਆਪਕਾਂ ਦੀਆਂ ਸਾਰੀਆਂ ਖ਼ਾਲੀ ਅਸਾਮੀਆਂ ਭਰੀਆਂ ਜਾਣਗੀਆਂ।
ਕੇਜਰੀਵਾਲ ਨੇ ਕਿਹਾ ਕਿ ਬਹੁਤ ਸਾਰੇ ਸਕੂਲਾਂ ’ਚ ਅਧਿਆਪਕਾਂ ਦੀ ਘਾਟ ਹੈ। ਕਈ ਸਕੂਲ ਅਜਿਹੇ ਹਨ, ਜਿਥੇ ਅਧਿਆਪਕ ਬਹੁਤ ਘੱਟ ਹਨ। ਉਨ੍ਹਾਂ ਨੇ ਕਿਹਾ ਕਿ ‘ਆਪ’ ਦੀ ਸਰਕਾਰ ਆਉਣ ’ਤੇ ਪੰਜਾਬ ਅੰਦਰ ਅਧਿਆਪਕਾਂ ਦੀਆਂ ਸਾਰੀਆਂ ਖ਼ਾਲੀ ਅਸਾਮੀਆਂ ਭਰੀਆਂ ਜਾਣਗੀਆਂ।
ਪੜ੍ਹੋ ਇਹ ਵੀ ਖ਼ਬਰ - ਬਟਾਲਾ ਨੇੜੇ ਵਾਪਰਿਆ ਦਿਲ-ਕੰਬਾਊ ਹਾਦਸਾ: ਕਾਰ ਦੇ ਉੱਡੇ ਚੀਥੜੇ, ਵਿਆਹ ਤੋਂ ਪਰਤੇ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ
6. ਅਧਿਆਪਕਾਂ ਨੂੰ ਵਿਦੇਸ਼ਾਂ ਅਤੇ ਹੋਰ ਵੱਡੀਆਂ ਸੰਸਥਾਵਾਂ 'ਚ ਸਿਖਲਾਈ ਲਈ ਭੇਜਿਆ ਜਾਵੇਗਾ।
ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਉਣ ’ਤੇ ਉਹ ਸਕੂਲ ਅਧਿਆਪਕਾਂ ਨੂੰ ਸਿਖਲਾਈ ਲਈ ਵਿਦੇਸ਼ਾਂ ਅਤੇ ਹੋਰ ਵੱਡੀਆਂ ਸੰਸਥਾਵਾਂ 'ਚ ਭੇਜਣਗੇ, ਤਾਂਕਿ ਸਿੱਖਿਆ ਦਾ ਪੱਧਰ ਹੋਰ ਉੱਚਾ ਹੋ ਸਕੇ।
7. ਪਰਮੋਸ਼ਨ ਸਮੇਂ ਅਨੁਸਾਰ ਹੋਵੇਗੀ।
ਕੇਜਰੀਵਾਲ ਨੇ ਕਿਹਾ ਕਿ ਸਕੂਲਾਂ ’ਚ ਅਧਿਆਪਕਾਂ ਦੀ ਪਰਮੋਸ਼ਨ ਸਮੇਂ ਸਿਰ ਨਹੀਂ ਹੁੰਦੀ, ਜਿਸ ਕਾਰਨ ਉਹ ਪਰੇਸ਼ਾਨ ਹੁੰਦੇ ਹਨ। ‘ਆਪ’ ਦੀ ਸਰਕਾਰ ਬਣਨ ’ਤੇ ਸਾਰੇ ਅਧਿਆਪਕਾਂ ਦੀ ਪਰਮੋਸ਼ਨ ਸਮੇਂ ਅਤੇ ਸਹੀ ਤਰੀਕੇ ਨਾਲ ਕਰ ਦਿੱਤੀ ਜਾਵੇਗੀ।
8. ਸਾਰੇ ਅਧਿਆਪਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਕੈਸ਼ਲੈੱਸ ਸਿਹਤ ਬੀਮਾ ਕੀਤਾ ਜਾਵੇਗਾ।
ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਉਣ ’ਤੇ ਉਹ ਸਕੂਲਾਂ ਦੇ ਸਾਰੇ ਅਧਿਆਪਕਾਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਾਂ ਦਾ ਕੈਸ਼ਲੈੱਸ ਸਿਹਤ ਬੀਮਾ ਕਰ ਦਿੱਤਾ ਜਾਵੇਗਾ। ਇਸ ਨਾਲ ਉਨ੍ਹਾਂ ਦੀ ਮਦਦ ਹੋਵੇਗੀ।
ਪੜ੍ਹੋ ਇਹ ਵੀ ਖ਼ਬਰ - ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਐਲਾਨ, ਕਿਹਾ ‘ਪਟਿਆਲਾ ਤੋਂ ਹੀ ਲੜ੍ਹਨਗੇ ਚੋਣ’
ਨੋਟ- ਕੇਜਰੀਵਾਲ ਦੀਆਂ ਗਾਰੰਟੀਆਂ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ