ਕੇਜਰੀਵਾਲ ਕਿਸਾਨਾਂ ਦੀ ਪਿੱਠ ''ਚ ਛੁਰਾ ਮਾਰਨ ਵਾਲਾ ਝੂਠਾ ਇਨਸਾਨ: ਕੈਪਟਨ
Sunday, Dec 13, 2020 - 08:11 PM (IST)
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਨੂੰ ਨਿੱਜੀ ਸੁਆਰਥਾਂ ਲਈ ਵਰਤਣ ਦੇ ਹੱਥਕੰਡੇ ਅਪਣਾਉਣ ਦੀ ਕੋਸ਼ਿਸ਼ ਲਈ ਅਰਵਿੰਦ ਕੇਜਰੀਵਾਲ ਨੂੰ ਕਰੜੇ ਹੱਥੀਂ ਲਿਆ ਹੈ ਜੋ ਆਪਣੇ ਕੋਰੇ ਝੂਠਾ ਅਤੇ ਕੂੜ ਪ੍ਰਚਾਰ ਜਰੀਏ ਪੰਜਾਬ ਵਿੱਚ ਆਪਣੀ ਪਾਰਟੀ ਦੇ ਹੋਛੇ ਚੋਣ ਏਜੰਡੇ ਨੂੰ ਅੱਗੇ ਵਧਾਉਣ ਦੀ ਤਾਕ ਵਿੱਚ ਹੈ।
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਭਰਮਜਾਲ ਫੈਲਾਉਣ ਅਤੇ ਬਣਾਵਟੀ ਗੱਲਾਂ ਦੀ ਤਾਜਾ ਮੁਹਿੰਮ ਉਤੇ ਤਿੱਖੀ ਪ੍ਰਤੀਕਿਰਿਆ ਜਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਵਿੱਚ ਕੇਜਰੀਵਾਲ ਸਰਕਾਰ ਇਸ ਦੇ ਬਿਲਕੁਲ ਉਲਟ ਜਿੱਥੇ ਉਹ ਅੰਬਾਨੀਆਂ ਦੇ ਆਸਰੇ ਤਰੱਕੀ ਕਰ ਰਹੀ ਹੈ ਅਤੇ ਇੱਥੇ ਹੀ ਬੱਸ ਨਹੀਂ, ਸਗੋਂ ਕੇਜਰੀਵਾਲ ਸਰਕਾਰ ਤਾਂ ਰਿਲਾਇੰਸ ਵੱਲੋਂ ਚਲਾਈ ਜਾ ਰਹੀ ਕੰਪਨੀ ਬੀ.ਐਸ.ਈ.ਐਸ. ਅਧੀਨ ਦਿੱਲੀ ਵਿੱਚ ਬਿਜਲੀ ਖੇਤਰ ਵਿੱਚ ਕੀਤੇ ਸੁਧਾਰਾਂ ਨੂੰ ਸਭ ਤੋਂ ਵੱਡੀ ਪ੍ਰਾਪਤੀ ਹੋਣ ਦਾ ਢੋਲ ਵਜਾ ਰਹੀ ਹੈ। ਦੂਜੇ ਪਾਸੇ ਪੰਜਾਬ ਸਰਕਾਰ ਨੇ ਨਾ ਤਾਂ ਅਡਾਨੀ ਪਾਵਰ ਨਾਲ ਕਿਸੇ ਤਰਾਂ ਦਾ ਸਮਝੌਤਾ ਕੀਤਾ ਹੈ ਅਤੇ ਨਾ ਹੀ ਸੂਬੇ ਵਿੱਚ ਬਿਜਲੀ ਦੀ ਖਰੀਦ ਲਈ ਪ੍ਰਾਈਵੇਟ ਕੰਪਨੀਆਂ ਦੀ ਬੋਲੀ ਬਾਰੇ ਜਾਣਦੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸਲ ਤੱਥ ਇਹ ਹੈ ਕਿ ਕੇਜਰੀਵਾਲ ਸਰਕਾਰ ਨੇ 23 ਨਵੰਬਰ ਨੂੰ ਉਸ ਵੇਲੇ ਕਾਲੇ ਖੇਤੀ ਕਾਨੂੰਨਾਂ ਵਿੱਚੋਂ ਇਕ ਕਾਨੂੰਨ ਬੇਸ਼ਰਮੀ ਨਾਲ ਨੋਟੀਫਾਈ ਕਰ ਦਿੱਤਾ ਜਦੋਂ ਕਿਸਾਨ ਇਹਨਾਂ ਕਾਨੂੰਨਾਂ ਖਿਲਾਫ ਦਿੱਲੀ ਵੱਲ ਕੂਚ ਕਰਨ ਦੀਆਂ ਤਿਆਰੀਆਂ ਕਰ ਰਹੇ ਸਨ। ਉਹਨਾਂ ਨੇ ਚੁਟਕੀ ਲੈਂਦਿਆਂ ਕਿਹਾ ਕਿ ਹੁਣ ਕੇਜਰੀਵਾਲ ਸੋਮਵਾਰ ਤੋਂ ਕਿਸਾਨਾਂ ਦੀ ਭੁੱਖ ਹੜਤਾਲ ਦੇ ਸਮਰਥਨ ਵਿੱਚ ਉਪਵਾਸ ਦਾ ਐਲਾਨ ਕਰਕੇ ਨੋਟੰਕੀ ਕਰ ਰਿਹਾ ਹੈ।
ਕਿਸਾਨਾਂ ਨੂੰ ਗੁੰਮਰਾਹ ਕਰਨ ਲਈ ਦਿੱਲੀ ਵਿੱਚ ਆਪਣੇ ਹਮਰੁਤਬਾ ਨੂੰ ਫਿਟਕਾਰ ਲਾਉਂਦਿਆ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,”ਕੀ ਤਹਾਨੂੰ ਕੋਈ ਸ਼ਰਮ-ਹਯਾ ਹੈ। ਜਦੋਂ ਸਾਡੇ ਕਿਸਾਨ ਤੁਹਾਡੇ ਸ਼ਹਿਰ ਦੀਆਂ ਸੜਕਾਂ ਉਤੇ ਬਹਾਦਰੀ ਨਾਲ ਠੰਡ ਦਾ ਸਾਹਮਣ ਕਰ ਰਹੇ ਹੋਣ ਤਾਂ ਤੁਸੀਂ ਇਸ ਮੌਕੇ ਨੂੰ ਆਪਣੇ ਸਿਆਸੀ ਹਿੱਤਾਂ ਲਈ ਵਰਤਣ ਬਾਰੇ ਕਿਸ ਤਰਾਂ ਸੋਚ ਸਕਦੇ ਹੋ।“ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅੰਦੋਲਨਕਾਰੀ ਕਿਸਾਨ, ਜੋ ਇਨਸਾਫ ਦੀ ਮੰਗ ਲਈ ਪਿਛਲੇ 17 ਦਿਨਾਂ ਤੋਂ ਤੁਹਾਡੇ ਸ਼ਹਿਰ ਦੇ ਬਾਹਰ ਬੈਠੇ ਹੋਏ ਹਨ, ਦੀ ਮਦਦ ਲਈ ਕੋਈ ਉਸਾਰੂ ਕੰਮ ਕਰਨ ਦੀ ਬਜਾਏ ਤੁਸੀਂ ਅਤੇ ਤੁਹਾਡੀ ਪਾਰਟੀ ਸਿਆਸਤ ਖੇਡਣ ਵਿੱਚ ਲੱਗੇ ਹੋਏ ਹੋ।“
ਪੰਜਾਬ ਵਿੱਚ ਬਿਜਲੀ ਦੀ ਖਰੀਦ ਦੀ ਸਥਿਤੀ ਬਾਰੇ ਤੱਥਾਂ ਦੀ ਜਾਂਚ ਕਰਨ ਦੀ ਪ੍ਰਵਾਹ ਕੀਤੇ ਬਿਨਾਂ ਮੂੰਹ ਖੋਲਣ ਲਈ ਆਪ ਦੇ ਸੰਸਦ ਮੈਂਬਰ ਭਗਵੰਤ ਮਾਨ ਉਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਮਹਿਜ ਇਕ ਕਾਮੇਡੀਅਨ ਹਨ ਜਿਸ ਨੂੰ ਕਦੇ ਵੀ ਗੰਭੀਰਤਾ ਨਾਲ ਨਹੀਂ ਲਿਆ ਗਿਆ।
ਇਹ ਜ਼ਿਕਰ ਕਰਦਿਆਂ ਕਿ ਪੰਜਾਬ ਬਿਜਾਈ ਸੀਜ਼ਨ ਦੌਰਾਨ ਕਿਸਾਨਾਂ ਦੀ ਸਹਾਇਤਾ ਲਈ ਸਾਲਾਂ ਤੋਂ ਵਾਧੂ ਬਿਜਲੀ ਖਰੀਦ ਰਿਹਾ ਹੈ, ਮੁੱਖ ਮੰਤਰੀ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਕੇਜਰੀਵਾਲ ਅਤੇ ਉਨਾਂ ਦੀ ਪਾਰਟੀ ਨੂੰ ਨਾ ਹੀ ਕੁਝ ਪਤਾ ਹੈ ਅਤੇ ਨਾ ਹੀ ਇਸ ਦੀ ਕੋਈ ਪਰਵਾਹ ਹੈ ਕਿ ਕੀ ਬੀਜਿਆ ਜਾ ਰਿਹਾ ਹੈ ਜਾਂ ਕਿਸਾਨਾਂ ਦੀਆਂ ਕੀ ਲੋੜਾਂ ਹਨ।ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨਾਂ ਦਾ ਇੱਕੋ ਇੱਕ ਉਦੇਸ਼ ਕਿਸਾਨਾਂ ਦੀ ਦੁਰਦਸ਼ਾ ਦਾ ਲਾਭ ਉਠਾ ਕੇ ਆਪਣੇ ਸਵਾਰਥੀ ਰਾਜਨੀਤਿਕ ਹਿੱਤਾਂ ਨੂੰ ਪੂਰਨਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ’ਚੋਂ ਇਕ ਕਾਨੂੰਨ ਨੂੰ ਲਾਗੂ ਕਰਕੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਨ ਤੋਂ ਲੈ ਕੇ ਉਨਾਂ ਨੂੰ ਦਿੱਲੀ ਦੇ ਇਕ ਕੋਨੇ ਵਿਚ ਨੁੱਕਰੇ ਲਾਉਣ ਦੀਆਂ ਕੋਸ਼ਿਸ਼ਾਂ ਤੋਂ ਕੇਜਰੀਵਾਲ ਨੇ ਵਾਰ-ਵਾਰ ਇਹ ਸਾਬਤ ਕੀਤਾ ਹੈ ਕਿ ਉਹ ਕਿਸਾਨਾਂ ਦਾ ਹਮਦਰਦ ਨਹੀਂ ਹੈ। ਉਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਚੇਤਾਵਨੀ ਦਿੱਤੀ ਕਿ ਸੂਬੇ ਵਿੱਚ ਗਲਤ ਜਾਣਕਾਰੀ ਫੈਲਾਉਣ ਲਈ ‘ਆਪ’ ਵੱਲੋਂ ਅਪਣਾਏ ਗਏ ਘਟੀਆ ਹੱਥਕੰਡੇ ਅਤੇ ਕੋਝੀਆਂ ਚਾਲਾਂ ਪੰਜਾਬ ਸਰਕਾਰ ਅਤੇ ਕਿਸਾਨਾਂ ਦਰਮਿਆਨ ਪਾੜਾ ਪਾਉਣ ਦੀ ਉਨਾਂ ਦੀ ਤਾਜ਼ਾ ਕੋਸ਼ਿਸ਼ ਨੂੰ ਸਫਲ ਨਹੀਂ ਕਰਨਗੇ।ਇਸ ਗੱਲ ’ਤੇ ਜ਼ੋਰ ਦਿੰਦਿਆਂ ਕਿ ਅੰਦੋਲਨ ਦੇ ਪਿਛਲੇ 3 ਮਹੀਨਿਆਂ ਦੌਰਾਨ ਪੰਜਾਬ ਸਰਕਾਰ ਨੇ ਨਾ ਸਿਰਫ ਕਿਸਾਨਾਂ ਦਾ ਸਮਰਥਨ ਕੀਤਾ, ਬਲਕਿ ਕਾਲੇ ਖੇਤੀ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਵਿਧਾਨ ਸਭਾ ਵਿਚ ਸੋਧ ਬਿੱਲ ਵੀ ਪਾਸ ਕੀਤੇ। ਕੈਪਟਨ ਅਮਰਿੰਦਰ ਸਿੰਘ ਨੇ ਕੇਜਰੀਵਾਲ ਨੂੰ ਚੁਣੌਤੀ ਦਿੱਤੀ ਕਿ ਉਹ ਕਿਸਾਨਾਂ ਦੀ ਭਲਾਈ ਲਈ ਚੁੱਕੇ ਕਿਸੇ ਵੀ ਇੱਕ ਕਦਮ ਦੀ ਮਿਸਾਲ ਦੇਣ।
ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਵਿੱਚ ਆਪਣੀਆਂ ਨਾਟਕੀ ਕਾਰਵਾਈਆਂ ਅਤੇ ਘਰ ਵਿੱਚ ਨਜ਼ਰਬੰਦ ਕੀਤੇ ਜਾਣ ਦੇ ਝੂਠੇ ਦਾਅਵਿਆਂ ਸਮੇਤ ਝੂਠ ਦੇ ਹੋਰ ਪੁਲੰਦਿਆਂ ਦੇ ਬਾਵਜੂਦ ਕਿਸਾਨਾਂ ਦੀ ਹਮਾਇਤ ਹਾਸਲ ਕਰਨ ਵਿੱਚ ਅਸਫਲ ਰਹਿਣ ਤੋਂ ਬਾਅਦ ਕੇਜਰੀਵਾਲ ਨੇ ਹੁਣ 2022 ਦੀਆਂ ਵਿਧਾਨ ਸਭਾ ਚੋਣਾਂ ’ਤੇ ਅੱਖ ਰੱਖਦਿਆਂ ਪੰਜਾਬ ਵੱਲ ਰੁਖ਼ ਕੀਤਾ ਹੈ ਜਿਸ ਵਿੱਚ ਆਪ ਦੇ ਜਿੱਤਣ ਦੀ ਕੋਈ ਉਮੀਦ ਨਹੀਂ ਹੈ।