ਲਗਾਤਾਰ ਤੀਜੀ ਹਾਰ ਤੋਂ ਬਾਅਦ ''ਆਪ'' ''ਚ ਘਮਾਸਾਨ, ਭਗਵੰਤ ਮਾਨ ਤੋਂ ਬਾਅਦ ਫੂਲਕਾ ਨੇ ਦਿੱਤਾ ਵੱਡਾ ਬਿਆਨ

04/26/2017 7:31:33 PM

ਚੰਡੀਗੜ੍ਹ : ਪਹਿਲਾਂ ਪੰਜਾਬ, ਫਿਰ ਗੋਆ ਅਤੇ ਹੁਣ ਦਿੱਲੀ ਦੀਆਂ ਐੱਮ. ਸੀ. ਡੀ. ਚੋਣਾਂ ਵਿਚ ਮਿਲੀ ਲਗਾਤਾਰ ਤੀਜੀ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਵਿਚ ਘਮਾਸਾਨ ਮਚ ਗਿਆ ਹੈ। ਜਿੱਥੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਟਾਰ ਪ੍ਰਚਾਰਕ ਦੇ ਤੌਰ ''ਤੇ ਜਾਣੇ ਜਾਂਦੇ ਸੰਗਰੂਰ ਤੋਂ ਐੱਮ. ਪੀ. ਭਗਵੰਤ ਮਾਨ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ''ਤੇ ਨਿਸ਼ਾਨਾ ਸਾਧਦੇ ਹੋਏ ਈ. ਵੀ. ਐੱਮ. ਮਸ਼ੀਨਾਂ ਦੇ ਦੋਸ਼ ਲਗਾਉਣ ਦੀ ਬਜਾਏ ਆਪਣੇ ਅੰਦਰ ਝਾਤ ਮਾਰਣ ਦੀ ਨਸੀਹਤ ਦਿੱਤੀ ਹੈ, ਉਥੇ ਹੀ ਪਾਰਟੀ ਦੇ ਸੀਨੀਅਰ ਆਗੂ ਐੱਚ. ਐੱਸ. ਫੂਲਕਾ ਕੇਜਰੀਵਾਲ ਦੇ ਬਚਾਅ ''ਤੇ ਖੜ੍ਹੇ ਹੋਏ ਹਨ।
ਐੱਚ. ਐੱਸ. ਫੂਲਕਾ ਨੇ ਭਗਵੰਤ ਮਾਨ ਵਲੋਂ ਦਿਤੇ ਬਿਆਨ ਨੂੰ ਗਲਤ ਕਰਾਰ ਦਿੰਦੇ ਹੋਏ ਕਿਹਾ ਕਿ ਪਾਰਟੀ ਦੀ ਹਾਰ ਵਿਚ ਅਰਵਿੰਦ ਕੇਜਰੀਵਾਲ ਦਾ ਕੋਈ ਦੋਸ਼ ਨਹੀਂ ਹੈ। ਫੂਲਕਾ ਨੇ ਦਿੱਲੀ ''ਚ ਹਾਰ ਤੋਂ ਬਾਅਦ ਈ. ਵੀ. ਐੱਮ. ਮਸ਼ੀਨਾਂ ''ਚ ਗੜਬੜੀ ਨੂੰ ਸਹੀ ਦੱਸਦੇ ਹੋਏ ਜਾਂਚ ਦੀ ਮੰਗ ਕੀਤੀ ਹੈ। ਫੂਲਕਾ ਮੁਤਾਬਕ ਪੰਜਾਬ ਵਿਚ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਨਾ ਐਲਾਨਣਾਂ ''ਆਪ'' ਦੀ ਹਾਰ ਮੁੱਖ ਕਾਰਨ ਰਿਹਾ ਹੈ। ਫੂਲਕਾ ਨੇ ਕਿਹਾ ਕਿ ਜੇਕਰ ਨਵਜੋਤ ਸਿੰਘ ਸਿੱਧੂ ਅਤੇ ਮਨਪ੍ਰੀਤ ਸਿੰਘ ਬਾਦਲ ਵਰਗੇ ਆਗੂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੁੰਦੇ ਤਾਂ ਪਾਰਟੀ ਨੂੰ ਪੰਜਾਬ ਵਿਚ ਵੱਡਾ ਫਾਇਦਾ ਹੋਣਾ ਸੀ। ਉਨ੍ਹਾਂ ਕਿਹਾ ਕਿ ਕੁਝ ਲੋਕ ਉਨ੍ਹਾਂ ਨੂੰ ਪਾਰਟੀ ਵਿਚ ਨਹੀਂ ਆਉਣ ਦੇਣਾ ਚਾਹੁੰਦੇ ਸਨ। ਇਸ ਕਰਕੇ ਹੀ ਪਾਰਟੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ।


Gurminder Singh

Content Editor

Related News