ਕੇਜਰੀਵਾਲ ਤੋਂ ਡਾਢਾ ਪ੍ਰੇਸ਼ਾਨ ਪੰਜਾਬੀ ਸਿੱਖ ਵਿਧਾਇਕ!

Tuesday, Jan 16, 2018 - 07:11 AM (IST)

ਲੁਧਿਆਣਾ(ਮੁੱਲਾਂਪੁਰੀ)-ਦਿੱਲੀ 'ਚ ਰਾਜ ਕਰਦੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਤੋਂ ਪੰਜਾਬ ਵਿਧਾਨ ਸਭਾ ਦੇ ਵੱਡੇ ਸਿੱਖ ਕਿਰਦਾਰ ਦਾ ਪਾਰਟੀ ਵਿਧਾਇਕ ਕਾਫੀ ਦੁਖੀ ਅਤੇ ਨਿਰਾਸ਼ ਦੱਸਿਆ ਜਾ ਰਿਹਾ ਹੈ। ਇਸ ਦਾ ਕਾਰਨ ਸ਼ਾਇਦ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਵਿਧਾਇਕ ਨੂੰ ਆਸ ਸੀ ਕਿ ਉਸ ਨੂੰ ਪੰਜਾਬ ਵਿਚੋਂ ਪਾਰਟੀ ਸਫਾਂ ਤੋਂ ਲੈ ਕੇ ਦਿੱਲੀ ਦੇ ਰਾਜ ਸਭਾ ਕੋਟੇ 'ਚੋਂ ਤਿੰਨ ਸੀਟਾਂ 'ਚੋਂ ਇਕ ਸੀਟ 'ਤੇ ਰਾਜ ਸਭਾ ਵਿਚ ਭੇਜਿਆ ਜਾਵੇਗਾ ਪਰ ਸੂਤਰਾਂ ਮੁਤਾਬਕ ਸ਼੍ਰੀ ਕੇਜਰੀਵਾਲ ਅਤੇ ਉਸ ਦੀ ਟੀਮ ਨੇ ਆਪਣੇ ਪੱਧਰ 'ਤੇ ਪਾਰਟੀ ਦੇ ਵਿਰੋਧ ਕਾਰਨ ਤਿੰਨ ਆਗੂਆਂ ਨੂੰ ਰਾਜ ਸਭਾ 'ਚ ਭੇਜ ਕੇ ਉਸ ਵੱਡੇ ਕਿਰਦਾਰ ਦੇ ਵਿਧਾਇਕ ਨੂੰ ਅੰਗੂਠਾ ਦਿਖਾਉਣ ਦੀ ਕਾਰਵਾਈ ਦੀ ਚਰਚਾ ਅੱਜ ਕੱਲ ਸਿਆਸੀ ਖੇਮੇ ਕਰ ਰਹੇ ਹਨ।  ਪਤਾ ਲੱਗਾ ਹੈ ਕਿ ਆਸ ਲਾਈ ਬੈਠੇ ਵੱਡੇ ਕਿਰਦਾਰ ਦੇ ਇਸ ਆਗੂ ਦਾ ਆਮ ਆਦਮੀ ਪਾਰਟੀ ਕਨਵੀਨਰ ਸ਼੍ਰੀ ਕੇਜਰੀਵਾਲ ਅਤੇ ਪਾਰਟੀ ਨੂੰ ਪੰਜਾਬ ਵਲੋਂ ਅਤੇ ਪ੍ਰਵਾਸੀ ਭਾਰਤੀਆਂ ਦਾ ਇਹ ਤਰਕ ਸੀ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਤੋਂ ਬਾਅਦ ਜੇ ਕਿਧਰੇ ਬਾਂਹ ਫੜੀ ਹੈ ਤਾਂ ਉਹ ਪੰਜਾਬ ਹੈ, ਜਿਸ ਨੇ ਦੇਸ਼ ਨੂੰ ਪਛਾੜ ਕੇ ਲੋਕ ਸਭਾ ਚੋਣਾਂ ਵਿਚ ਪਾਰਟੀ ਦੀ ਝੋਲੀ ਵਿਚ ਚਾਰ ਸੀਟਾਂ ਪਾਈਆਂ ਅਤੇ 2017 ਵਿਚ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਨੂੰ ਮੂਧੇ ਮੂੰਹ ਸੁੱਟ ਕੇ 20 ਵਿਧਾਇਕ ਬਣਾ ਕੇ ਆਪੋਜ਼ੀਸ਼ਨ ਦੀ ਕੁਰਸੀ 'ਤੇ ਪੁੱਜੀ ਹੈ। ਇਸ ਲਈ ਘੱਟੋ-ਘੱਟ ਇਕ ਸੀਟ ਪੰਜਾਬ 'ਚੋਂ 'ਆਪ' ਦਾ ਸੀਨੀਅਰ ਨੇਤਾ ਦਿੱਲੀ ਵਾਲੇ ਖਾਤੇ ਵਿਚ ਰਾਜ ਸਭਾ ਵਿਚ ਭੇਜਿਆ ਜਾਵੇਗਾ ਪਰ ਸ਼੍ਰੀ ਕੇਜਰੀਵਾਲ ਤੇ ਉਸ ਦੀ ਟੀਮ ਨੂੰ ਆਪਣੀ ਮਰਜ਼ੀ ਕਰ ਕੇ ਦਿਖਾ ਦਿੱਤੀ ਹੈ, ਜਿਸ ਦਾ ਰੌਲਾ ਖੂਬ ਪਿਆ ਹੈ ਅਤੇ ਤਰ੍ਹਾਂ-ਤਰ੍ਹਾਂ ਦੇ ਦੋਸ਼ ਲੱਗੇ ਹਨ ਪਰ ਆਸ ਲਾਈ ਬੈਠਾ ਪੰਜਾਬ ਦਾ ਇਹ ਸਿੱਖ ਵਿਧਾਇਕ ਖਫਾ ਤੇ ਪ੍ਰੇਸ਼ਾਨ ਦੱਸਿਆ ਜਾ ਰਿਹਾ ਹੈ।


Related News