ਅਰੁਣਾ ਚੌਧਰੀ ਵਲੋਂ ਉੱਚ ਅਧਿਕਾਰੀਆਂ ਨਾਲ ਮੀਟਿੰਗ, ਦਿੱਤੇ ਸਖਤ ਨਿਰਦੇਸ਼

06/14/2019 6:31:29 PM

ਚੰਡੀਗੜ੍ਹ : ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਨੇ ਅੱਜ ਵਿਭਾਗ ਦੇ ਉਚ ਅਧਿਕਾਰੀਆਂ ਤੇ ਸੂਬੇ ਦੇ ਸਮੂਹ ਜ਼ਿਲਾ ਪ੍ਰੋਗਰਾਮ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਬੱਚਿਆਂ ਤੇ ਔਰਤਾਂ ਲਈ ਚਲਾਈਆਂ ਜਾਂਦੀਆਂ ਭਲਾਈ ਸਕੀਮਾਂ ਦੀ ਸਮੀਖਿਆ ਕਰਦਿਆਂ ਇਨ੍ਹਾਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਥੇ ਸੈਕਟਰ-9 ਸਥਿਤ ਪੰਜਾਬ ਸਿਵਲ ਸਕੱਤਰੇਤ-2 ਵਿਖੇ ਕਮੇਟੀ ਰੂਮ ਵਿਖੇ ਚੱਲੀ ਮੈਰਾਥਨ ਮੀਟਿੰਗ ਵਿਚ ਮੈਡਮ ਚੌਧਰੀ ਨੇ ਹਰ ਸਕੀਮ ਦੀ ਸਮੀਖਿਆ ਕੀਤੀ ਅਤੇ ਫੈਸਲਾ ਕੀਤਾ ਕਿ ਉਹ ਖੁਦ ਦੋ ਮਹੀਨਿਆਂ ਬਾਅਦ ਇਸੇ ਤਰ੍ਹਾਂ ਜ਼ਿਲਾ ਪ੍ਰੋਗਰਾਮ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਸਾਰੀਆਂ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਕਰਨਗੇ ਜਦਕਿ ਵਿਭਾਗ ਦੇ ਉਚ ਅਧਿਕਾਰੀ ਹਰ ਮਹੀਨੇ ਮੀਟਿੰਗ ਲਿਆ ਕਰਨਗੇ। 

ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਬੱਚਿਆਂ ਅਤੇ ਔਰਤਾਂ ਦੀ ਸੁਰੱਖਿਆ ਵਿਚ ਕੋਈ ਢਿੱਲ ਨਾ ਵਰਤੀ ਜਾਵੇ ਕਿਉਂਕਿ ਇਹ ਸਭ ਤੋਂ ਸੰਵੇਦਨਸ਼ੀਲ ਮਾਮਲਾ ਹੈ। ਉਨ੍ਹਾਂ ਕਿਹਾ ਕਿ ਦੋਵਾਂ ਵਰਗਾਂ ਨਾਲ ਕਿਸੇ ਵੀ ਤਰ੍ਹਾਂ ਦੇ ਸੋਸ਼ਣ ਜਾਂ ਅਪਰਾਧ ਤੋਂ ਬਾਅਦ ਪੀੜਤ ਲਈ ਬਣਾਏ ਗਏ 'ਵਨ ਸਟਾਪ ਸੈਂਟਰ' ਦੀ ਕਾਰਜਸ਼ੈਲੀ ਨੂੰ ਪ੍ਰਭਾਵਸ਼ਾਲੀ ਬਣਾਇਆ ਜਾਵੇ। ਉਨ੍ਹਾਂ ਨੂੰ ਦੱਸਿਆ ਗਿਆ ਕਿ ਹਾਲੇ ਪੰਜ ਜ਼ਿਲਿਆਂ ਵਿਚ ਇਨ੍ਹਾਂ ਸੈਂਟਰਜ਼ ਦੀ ਉਸਾਰੀ ਨਿਰਮਾਣ ਅਧੀਨ ਹੈ ਜਿਸ ਕਾਰਨ ਇਨ੍ਹਾਂ ਨੂੰ ਆਰਜ਼ੀ ਤੌਰ 'ਤੇ ਹਸਪਤਾਲਾਂ ਵਿਚ ਚਲਾਇਆ ਜਾ ਰਿਹਾ ਹੈ। ਮੰਤਰੀ ਨੇ ਕਿਹਾ ਕਿ ਪੀੜਤ ਦੀ ਸ਼ਨਾਖਤ ਗੁਪਤ ਰੱਖੀ ਜਾਵੇ ਅਤੇ ਉਨ੍ਹਾਂ ਦੀ ਹਰ ਸੰਭਵ ਕਾਨੂੰਨੀ ਅਤੇ ਮੈਡੀਕਲ ਮੱਦਦ ਕੀਤੀ ਜਾਵੇ। ਇਸੇ ਤਰ੍ਹਾਂ ਉਨ੍ਹਾਂ ਵੱਡੇ ਸ਼ਹਿਰਾਂ ਵਿਚ ਕੰਮਕਾਜੀ ਮਹਿਲਾਵਾਂ ਲਈ ਬਣਾਏ ਜਾਣ ਵਾਲੇ 'ਵਰਕਿੰਗ ਵੂਮੈਨ ਹੋਸਟਲ' ਦੀ ਸਕੀਮ ਦਾ ਜਾਇਜ਼ਾ ਲਿਆ।

ਆਂਗਣਵਾੜੀ ਕੇਂਦਰਾਂ ਵਿਚ ਬੁਨਿਆਦੀ ਸਹੂਲਤਾਂ ਵਿਚ ਕਮੀਆਂ ਦੀ ਸਮੀਖਿਆ ਕਰਦਿਆਂ ਚੌਧਰੀ ਨੇ ਇਨ੍ਹਾਂ ਨੂੰ ਤੁਰੰਤ ਦੂਰ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਨਾਲ ਪੂਰਾ ਤਾਲਮੇਲ ਸਥਾਪਤ ਕਰਕੇ ਪ੍ਰੀ-ਪ੍ਰਾਇਮਰੀ ਕਲਾਸਾਂ ਨੂੰ ਸਫਲਤਾ ਪੂਰਵਕ ਚਲਾਇਆ ਜਾਵੇ। ਉਨ੍ਹਾਂ ਕਿਹਾ ਕਿ ਜਿਹੜੇ ਆਂਗਣਵਾੜੀ ਕੇਂਦਰ ਸਕੂਲਾਂ ਤੋਂ ਦੂਰ ਹਨ, ਉਨ੍ਹਾਂ ਵਿਚ ਅਧਿਆਪਕ ਖੁਦ ਆ ਕੇ ਬੱਚਿਆਂ ਨੂੰ ਪੜ੍ਹਾਇਆ ਕਰਨਗੇ। ਮੈਡਮ ਚੌਧਰੀ ਨੇ ਪੋਸ਼ਣ ਅਭਿਆਨ ਅਤੇ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਦੇ ਪਿਛਲੇ ਨਤੀਜਿਆਂ 'ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਇਸ ਸਾਲ ਇਸ ਨੂੰ ਹੋਰ ਵੀ ਵੱਡੇ ਤਰੀਕੇ ਨਾਲ ਚਲਾਇਆ ਜਾਵੇ ਤਾਂ ਜੋ ਕੋਈ ਵੀ ਬੱਚਾ ਕੁਪੋਸ਼ਣ ਨਾ ਰਹੇ। ਉਨ੍ਹਾਂ ਅਧਿਕਾਰੀਆਂ ਨੂੰ 2022 ਤੱਕ ਛੇ ਸਾਲ ਤੱਕ ਦੀ ਉਮਰ ਦੇ ਬੱਚਿਆਂ ਵਿਚ ਸਟਟਿੰਗ ਦੀ ਦਰ 38.4 ਫੀਸਦੀ ਤੋਂ ਘਟਾ ਕੇ 25 ਫੀਸਦੀ ਤੱਕ ਕਰਨ ਦੇ ਟੀਚੇ ਨੂੰ ਹਾਸਲ ਕਰਨ ਲਈ ਕਿਹਾ। 

ਅਰੁਣਾ ਚੌਧਰੀ ਨੇ ਸਮੂਹ ਜ਼ਿਲਾ ਅਧਿਕਾਰੀਆਂ ਨੂੰ ਕਿਹਾ ਕਿ ਨਿਰਭਿਆ ਸਕੀਮ ਤਹਿਤ ਫੰਡ ਹਾਸਲ ਕਰਨ ਲਈ ਹਰ ਜ਼ਿਲਾ ਪ੍ਰਭਾਵਸ਼ਾਲੀ ਯੋਜਨਾ ਬਣਾਏ ਜਿਸ ਨੂੰ ਭਾਰਤ ਸਰਕਾਰ ਕੋਲ ਭੇਜਿਆ ਜਾਵੇ। ਉਨ੍ਹਾਂ ਬੇਟੀ ਬਚਾਓ ਬੇਟੀ ਪੜਾਓ ਯੋਜਨਾ ਨੂੰ ਪ੍ਰੈਕਟੀਕਲ ਤਰੀਕੇ ਨਾਲ ਹੇਠਲੇ ਪੱਧਰ 'ਤੇ ਕਾਮਯਾਬ ਕਰਨ ਲਈ ਨਿਵੇਕਲੇ ਕਦਮ ਸ਼ੁਰੂ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਸਵੈ ਰੱਖਿਆ ਦੀ ਸਿਖਲਾਈ ਦਿੱਤੀ ਜਾਵੇ। ਇਸੇ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਮੌਕੇ ਗੁਰੂ ਜੀ ਨਾਲ ਸਬੰਧਤ ਪਿੰਡਾਂ ਵਿਚ ਲਗਾਏ ਜਾਣ ਵਾਲੇ 550 ਪੌਦਿਆਂ ਵਿਚੋਂ ਕੁਝ ਪੌਦੇ ਨਵ-ਜਨਮੀਆਂ ਲੜਕੀਆਂ ਦੇ ਪਰਿਵਾਰਾਂ ਹੱਥੋਂ ਲਗਾਏ ਜਾਣ।


Gurminder Singh

Content Editor

Related News