ਡੰਡੇ ਦੇ ਜ਼ੋਰ ਨਾਲ ਚਲਾਵਾਂਗੇ ਖੰਡ ਮਿੱਲਾਂ, ਪਹਿਲਾਂ ਅਰਬਾਂ ਕਮਾਏ : ਚੇਅਰਮੈਨ ਬਾਹਲਾ

07/31/2015 7:51:55 PM

ਹੁਸ਼ਿਆਰਪੁਰ (ਘੁੰਮਣ) - ਕਈ ਪ੍ਰਾਈਵੇਟ ਖੰਡ ਮਿੱਲਾਂ ਵਲੋਂ ਅਖ਼ਬਾਰਾਂ ''ਚ ਜਨਤਕ ਸੂਚਨਾ ਜਾਰੀ ਕਰਦਿਆਂ 2015-16 ਸੀਜ਼ਨ ਚਲਾਉਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਮਿੱਲਾਂ ਦੇ ਪ੍ਰਬੰਧਕ ਘਾਟੇ ਦਾ ਰਾਗ ਅਲਾਪ ਕੇ ਮਿਲਾਂ ਬੰਦ ਕਰਨਾ ਚਾਹੁੰਦੇ ਹਨ, ਜਿਸ ਨਾਲ ਜ਼ਿੰਮੀਦਾਰਾਂ ਦੀਆਂ ਚਿੰਤਾਵਾਂ ਹੋਰ ਵੱਧ ਰਹੀਆਂ ਹਨ। ਖੇਤੀ ਪ੍ਰਧਾਨ ਸੂਬੇ ਦੇ ਕਿਸਾਨ ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠ ਦੱਬੇ ਹੋਏ ਹਨ ਤੇ ਆਤਮਹੱਤਿਆਵਾਂ ਕਰ ਰਹੇ ਹਨ। ਕੀ ਪ੍ਰਾਈਵੇਟ ਮਿੱਲਾਂ ਇਨ੍ਹਾਂ ਨੂੰ ਹੋਰ ਵੀ ਖੁਦਕੁਸ਼ੀਆਂ ਵੱਲ ਧੱਕਣਗੀਆਂ? ਅੱਜ ਜਦੋਂ ਗੰਨੇ ਦੀ ਫ਼ਸਲ ਤਿਆਰ ਹੋ ਕੇ ਬਨ੍ਹਾਈ ਤੱਕੇ ਪਹੁੰਚ ਗਈ ਹੈ ਤਾਂ ਇਨ੍ਹਾਂ ਮਿੱਲਾਂ ਨੂੰ ਬੰਦ ਕਰਨ ਦਾ ਚੇਤਾ ਆ ਗਿਆ। ਜੇਕਰ ਪੰਜਾਬ ਦੀ ਕਿਰਸਾਨੀ ਰੁਲਦੀ ਹੈ ਤਾਂ ਵਪਾਰ ਵੀ ਰੁਲ ਸਕਦਾ ਹੈ।
ਕੀ ਕਹਿੰਦੇ ਹਨ ਗੰਨਾ ਉਤਪਾਦਕ?
ਇਸ ਸੰਬੰਧੀ ਜਦੋਂ ਗੰਨਾ ਉਤਪਾਦਕ ਐਡਵੋਕੇਟ ਬਲਜਿੰਦਰ ਸਿੰਘ ਰਿਆੜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੇਕਰ ਮਿੱਲਾਂ ਵਾਲਿਆਂ ਨੇ ਗੰਨਾ ਨਾ ਚੁੱਕਿਆ ਤਾਂ ਜ਼ਿੰਮੀਦਾਰਾਂ ਦੀਆਂ ਤਿੰਨ ਫ਼ਸਲਾਂ ਮਰ ਜਾਣਗੀਆਂ ਜਿਸ ਨਾਲ ਖੁਦਕੁਸ਼ੀਆਂ ''ਚ ਚੋਖਾ ਵਾਧਾ ਹੋਵੇਗਾ। ਉਨ੍ਹਾਂ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਉਹ ਸਮੇਂ ਸਿਰ ਇਸਦਾ ਹੱਲ ਨਾ ਕਰਕੇ ਨਵੀਆਂ ਖੁਦਕੁਸ਼ੀਆਂ ਤਿਆਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕੋਈ ਵੀ ਵੱਡੀਆਂ ਇੰਡਸਟਰੀਆਂ ਨਹੀਂ ਹਨ। ਸਭ ਕੁਝ ਖੇਤੀ ''ਤੇ ਹੀ ਨਿਰਭਰ ਹੈ। ਜੇਕਰ ਕਿਸਾਨ ਖੁਸ਼ਹਾਲ ਹੋਵੇਗਾ ਤਾਂ ਹੀ ਵਪਾਰ ਖੁਸ਼ਹਾਲ ਹੋਵੇਗਾ।  
ਕੀ ਕਹਿੰਦੇ ਹਨ ਚੇਅਰਮੈਨ ਸ਼ੂਗਰ ਫੈੱਡ?
ਜਦੋਂ ਮਿੱਲਾਂ ਵਲੋਂ ਦਿੱਤੀ ਜਨਤਕ ਸੂਚਨਾ ਸੰਬੰਧੀ ਚੇਅਰਮੈਨ ਸ਼ੂਗਰਫੈੱਡ ਸੁਖਵੀਰ ਸਿੰਘ ਬਾਹਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਿੱਲਾਂ ਵਾਲਿਆਂ ਦੀਆਂ ਗਿੱਦੜ ਧਮਕੀਆਂ ਅੱਗੇ ਨਹੀਂ ਝੁਕਾਂਗੇ ਤੇ ਡੰਡੇ ਦੇ ਜ਼ੋਰ ਨਾਲ ਮਿੱਲਾਂ ਚਲਾਵਾਂਗੇ। ਉਨ੍ਹਾਂ ਕਿਹਾ ਕਿ ਇਸ ਸੰਬੰਧ ਵਿਚ ਮੈਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਸਮਾਂ ਲੈ ਕੇ ਉਨ੍ਹਾਂ ਨਾਲ ਮੰਗਲਵਾਰ ਨੂੰ ਮੀਟਿੰਗ ਕਰ ਰਿਹਾ ਹਾਂ ਤੇ ਸਾਰਾ ਮਸਲਾ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਤੇ ਕਿਰਸਾਨੀ ਨੂੰ ਰੁਲਣ ਨਹੀਂ ਦੇਵਾਂਗੇ ਤੇ ਮਿੱਲਾਂ ਵਾਲਿਆਂ ਨੂੰ ਉਹ ਸਮਾਂ  ਭੁੱਲ ਗਿਆ ਜਦੋਂ ਗੰਨੇ ਦਾ ਰੇਟ ਘੱਟ ਸੀ ਤੇ ਖੰਡ ਮਹਿੰਗੀ ਸੀ, ਉਸ ਸਮੇਂ ਇਨ੍ਹਾਂ ਮਿੱਲਾਂ ਨੇ ਅਰਬਾਂ ਰੁਪਏ ਕਮਾਏ। ਜੇਕਰ ਹੁਣ ਕੋਈ ਘਾਟਾ ਪੈ ਗਿਆ ਤਾਂ ਉਹ ਵੀ ਇਨ੍ਹਾਂ ਨੂੰ ਸਹਿਣ ਕਰਨਾ ਪੈਣਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ 6000 ਕਰੋੜ ਰੁਪਏ ਦੇਸ਼ ਦੀਆਂ ਖੰਡ ਮਿੱਲਾਂ ਨੂੰ ਬਿਨਾਂ ਵਿਆਜ ਦੇਣਾ ਹੈ ਤੇ ਪੰਜਾਬ ਦੀਆਂ ਖੰਡ ਮਿੱਲਾਂ ਨੇ ਜਿੰਨੇ ਲੱਖ ਕੁਇੰਟਲ ਗੰਨਾ ਪੀੜਿਆ ਹੈ, ਉਸਦੇ ਹਿਸਾਬ ਨਾਲ ਉਸਨੂੰ ਬਣਦਾ ਹਿੱਸਾ ਮਿਲਣਾ ਹੈ ਜੋ ਕਿ ਮਿੱਲਾਂ ਨੂੰ ਬਹੁਤ ਵੱਡੀ ਰਾਹਤ ਹੈ। ਬਾਹਲਾ ਨੇ ਕਿਹਾ ਕਿ ਇਕ ਮੀਟਿੰਗ ਪ੍ਰਾਈਵੇਟ ਮਿੱਲ ਮਾਲਕਾਂ ਨਾਲ ਵੀ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਮਿੱਲਾਂ ਬੰਦ ਨਾ ਕਰਨ ਸੰਬੰਧੀ ਕਿਹਾ ਜਾਵੇਗਾ।


Gurminder Singh

Content Editor

Related News