ਆੜ੍ਹਤੀਆਂ ''ਤੇ ਹੋਇਆ ਜਾਨਲੇਵਾ ਹਮਲਾ

Monday, Aug 14, 2017 - 01:02 AM (IST)

ਆੜ੍ਹਤੀਆਂ ''ਤੇ ਹੋਇਆ ਜਾਨਲੇਵਾ ਹਮਲਾ

ਫਿਰੋਜ਼ਪੁਰ, (ਕੁਮਾਰ)— ਫਿਰੋਜ਼ਪੁਰ ਸ਼ਹਿਰ ਦੀ ਸਬਜ਼ੀ ਮੰਡੀ ਵਿਚ ਆੜ੍ਹਤੀਆਂ 'ਤੇ  ਕਥਿਤ ਰੂਪ ਵਿਚ ਤੇਜ਼ਧਾਰ ਹਥਿਆਰਾਂ ਨਾਲ ਮਾਰਕੁੱਟ ਕਰਨ ਅਤੇ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰਨ 'ਤੇ 4 ਲੋਕਾਂ ਨੂੰ ਜ਼ਖਮੀ ਕਰਨ ਦੇ ਦੋਸ਼ ਵਿਚ ਥਾਣਾ ਫਿਰੋਜ਼ਪੁਰ ਸ਼ਹਿਰ ਦੀ ਪੁਲਸ ਨੇ ਨਛੱਤਰ ਸਿੰਘ ਪੁੱਤਰ ਜਰਮਲ ਸਿੰਘ, ਬਲਜਿੰਦਰ ਸਿੰਘ, ਲਖਵੀਰ ਸਿੰਘ, ਸ਼ੈਰੀ ਵਾਸੀ ਸਾਬੂਆਣਾ, ਅਮਰਜੀਤ ਸਿੰਘ ਵਾਸੀ ਪੱਲਾ ਮੇਘਾ ਅਤੇ 6-7 ਅਣਪਛਾਤੇ ਲੋਕਾਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ। 
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਸਤਪਾਲ ਨੇ ਦੱਸਿਆ ਕਿ ਜ਼ਖਮੀ ਨਿਹਾਲ ਸਿੰਘ ਪੁੱਤਰ ਬੂੜ ਸਿੰਘ ਵਾਸੀ ਸੋਢੇ ਵਾਲਾ, ਤੇਜਿੰਦਰ ਸਿੰਘ ਅਤੇ ਭੁਪਿੰਦਰ ਸਿੰਘ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਦਕਿ ਆੜ੍ਹਤ 'ਤੇ ਕੰਮ ਕਰਦੇ ਭਈਏ ਰਾਮੂ ਪੁੱਤਰ ਸੰਤ ਰਾਮ ਨੂੰ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਫਰੀਦਕੋਟ ਮੈਡੀਕਲ ਕਾਲਜ 'ਚ ਰੈਫਰ ਕਰ ਦਿੱਤਾ ਗਿਆ ਹੈ। 
ਕੀ ਸੀ ਮਾਮਲਾ : ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸ਼ਿਕਾਇਤਕਰਤਾ ਨਿਹਾਲ ਸਿੰਘ ਨੇ ਦੱਸਿਆ ਕਿ ਨਛੱਤਰ ਸਿੰਘ ਉਨ੍ਹਾਂ ਦੀ ਆੜ੍ਹਤ ਤੋਂ ਕਰੀਬ 10 ਦਿਨ ਪਹਿਲਾਂ ਇਕ ਪਿਆਜ ਦਾ ਗੱਟਾ ਖਰੀਦ ਕੇ ਲੈ ਗਿਆ ਸੀ ਤੇ ਬੀਤੀ ਸ਼ਾਮ ਉਹ ਆੜ੍ਹਤ 'ਤੇ ਆਇਆ ਤੇ ਕਹਿਣ ਲੱਗਾ ਕਿ ਤੁਸੀਂ ਲੋਕਾਂ ਨੇ ਪਿਆਜ ਦਾ ਗੱਟਾ ਮਹਿੰਗਾ ਦਿੱਤਾ ਹੈ ਅਤੇ ਸਾਡੇ ਵੱਲੋਂ ਕਿਹਾ ਗਿਆ ਕਿ ਅਸੀਂ ਜਾਇਜ਼ ਮੁੱਲ 'ਤੇ ਪਿਆਜ ਵੇਚੇ ਹਨ, ਤਾਂ ਉਹ ਗਾਲਾਂ ਕੱਢਦਾ ਵਾਪਸ ਚਲਾ ਗਿਆ ਤੇ ਸ਼ਾਮ ਕਰੀਬ 7 ਵਜੇ ਨਾਮਜ਼ਦ ਸਾਰੇ ਲੋਕ ਤੇ ਅਣਪਛਾਤੇ ਵਿਅਕਤੀ ਬੇਸਬਾਲ, ਤਲਵਾਰਾਂ, ਕਾਪੇ ਤੇ ਬੰਦੂਕ ਨਾਲ ਲੈਸ ਹੋ ਕੇ ਆ ਗਏ, ਜਿਨ੍ਹਾਂ ਨੇ ਸਾਡੀ ਆੜ੍ਹਤ 'ਤੇ ਜਾਨਲੇਵਾ ਹਮਲਾ ਕਰ ਦਿੱਤਾ ਤੇ ਕਥਿਤ ਰੂਪ ਵਿਚ ਜਾਨਲੇਵਾ ਹਮਲਾ ਕਰ ਕੇ ਬੰਦੂਕ ਨਾਲ ਫਾਇਰ ਕੀਤਾ ਤੇ ਸਾਡੇ ਵੱਲੋਂ ਰੌਲਾ ਪਾਉਣ 'ਤੇ ਸਾਰੇ ਲੋਕ ਭੱਜ ਗਏ। 
ਏ. ਐੱਸ. ਆਈ. ਨੇ ਦੱਸਿਆ ਕਿ ਪੁਲਸ ਵੱਲੋਂ ਨਾਮਜ਼ਦ ਲੋਕਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Related News